ਮਾਮਲਾ ਘਟੀਆ ਮਟੀਰੀਅਲ ਵਰਤਣ ਦਾ

11/15/2018 12:29:47 PM

ਲੁਧਿਆਣਾ (ਹਿਤੇਸ਼)-ਕਾਫੀ ਹੰਗਾਮੇ ਤੋਂ ਬਾਅਦ ਬਣੀ ਗਾਂਧੀ ਨਗਰ ਦੀ ਸਡ਼ਕ ਇਕ ਵਾਰ ਫਿਰ ਪੁੱਟਣੀ ਪਵੇਗੀ ਜਿਸ ਦਾ ਕਾਰਨ ਘਟੀਆ ਮਟੀਰੀਅਲ ਵਰਤਣ ਦੇ ਰੂਪ ਵਿਚ ਸਾਹਮਣੇ ਆਇਆ ਹੈ, ਜਿਸ ਦੇ ਤਹਿਤ ਨਗਰ ਨਿਗਮ ਅਧਿਕਾਰੀਆਂ ਨੇ ਠੇਕੇਦਾਰ ਦਾ ਬਿੱਲ ਰੱਦ ਕਰ ਦਿੱਤਾ ਹੈ। ਇਸ ਕੇਸ ਵਿਚ ਸਡ਼ਕ ਨੂੰ ਪੁੱਟ ਕੇ ਕਾਫੀ ਦੇਰ ਬਾਅਦ ਤੱਕ ਵੀ ਮੁਡ਼ ਨਹੀਂ ਬਣਾਇਆ ਗਿਆ ਜਿਸ ਕਾਰਨ ਹੌਜ਼ਰੀ ਮਾਰਕੀਟ ਦੇ ਦੁਕਾਨਦਾਰਾਂ ਅਤੇ ਗਾਹਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਹੀ ਰਿਹਾ ਸੀ, ਇਕ ਬਜ਼ੁਰਗ ਅੌਰਤ ਦੇ ਰਿਕਸ਼ਾ ਤੋਂ ਡਿੱਗਣ ਦੀ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਜੰਮ ਕੇ ਵਾਇਰਲ ਹੋਈ। ਇਸ ਸਬੰਧੀ ਕਾਫੀ ਕਿਰਕਿਰੀ ਹੋਣ ਤੋਂ ਬਾਅਦ ਵੀ ਜਦੋਂ ਨਗਰ ਨਿਗਮ ਅਧਿਕਾਰੀਆਂ ਅਤੇ ਠੇਕੇਦਾਰ ਨੇ ਸਡ਼ਕ ਦਾ ਨਿਰਮਾਣ ਸ਼ੁਰੂ ਨਹੀਂ ਕੀਤਾ ਤਾਂ ਭਾਜਪਾ ਕੌਂਸਲਰ ਦੇ ਪਤੀ ਨੇ ਮੇਅਰ ਦੇ ਸਾਹਮਣੇ ਜ਼ਮੀਨ ’ਤੇ ਬੈਠ ਕੇ ਧਰਨਾ ਲਾ ਦਿੱਤਾ। ਉਸ ਸਮੇਂ ਕਾਫੀ ਹੰਗਾਮਾ ਹੋਣ ਤੋਂ ਬਾਅਦ ਸਡ਼ਕ ਦਾ ਨਿਰਮਾਣ ਤਾਂ ਹੋ ਗਿਆ ਪਰ ਠੇਕੇਦਾਰ ਨੇ ਕਾਫੀ ਘਟੀਆ ਮਟੀਰੀਅਲ ਦੀ ਵਰਤੋਂ ਕੀਤੀ। ਇਸ ਸਬੰਧੀ ਸ਼ਿਕਾਇਤ ਮਿਲਣ ’ਤੇ ਨਗਰ ਨਿਗਮ ਅਧਿਕਾਰੀਆਂ ਨੇ ਠੇਕੇਦਾਰ ਦਾ ਬਿੱਲ ਰੱਦ ਕਰ ਦਿੱਤਾ ਅਤੇ ਉਸ ਨੂੰ ਸਡ਼ਕ ਨੂੰ ਪੁੱਟ ਕੇ ਫਿਰ ਬਣਾਉਣ ਲਈ ਕਿਹਾ ਗਿਆ ਹੈ।