ਜ਼ਿਲਾ ਕਾਂਗਰਸ ਨੇ ਬਾਲ ਦਿਵਸ ’ਤੇ ਬੱਚਿਆਂ ਦੇ ਚਾਚਾ ਨਹਿਰੂ ਨੂੰ ਕੀਤਾ ਨਮਨ

11/15/2018 12:38:16 PM

ਲੁਧਿਆਣਾ (ਰਿੰਕੂ)- ਪੰ. ਜਵਾਹਰ ਲਾਲ ਨਹਿਰੂ ਦਾ ਬੱਚਿਆਂ ਨਾਲ ਬੇਹੱਦ ਪਿਆਰ ਸੀ, ਉਹ ਹਮੇਸ਼ਾ ਬੱਚਿਆਂ ਨੂੰ ਦੇਸ਼ ਦੇ ਭਵਿੱਖ ਦੇ ਰੂਪ ਵਿਚ ਦੇਖਦੇ ਸਨ, ਇਸ ਲਈ ਬੱਚਿਆਂ ਨੂੰ ਉਨ੍ਹਾਂ ਦੇ ਮੌਲਿਕ ਅਧਿਕਾਰ ਖਾਸ ਤੌਰ ’ਤੇ ਸਿੱਖਿਆ ਦਿਵਾਉਣ ਦੇ ਪੱਖ ’ਚ ਸਨ, ਤਾਂ ਕਿ ਦੇਸ਼ ਦੀ ਇਕ ਮਜ਼ਬੂਤ ਨੀਂਹ ਤਿਆਰ ਹੋ ਸਕੇ।ਦੇਸ਼ ਦੇ ਆਜ਼ਾਦ ਹੋਣ ਦੇ ਬਾਅਦ ਜਦੋਂ ਪੰਡਿਤ ਨਹਿਰੂ ਨੇ ਪਹਿਲੇ ਪ੍ਰਧਾਨ ਮੰਤਰੀ ਦੇ ਰੂਪ ਵਿਚ ਦੇਸ਼ ਦੀ ਕਮਾਨ ਸੰਭਾਲੀ, ਤਾਂ ਬੱਚਿਆਂ ਦੀ ਸਿੱਖਿਆ ਉਨ੍ਹਾਂ ਦੀ ਪਹਿਲ ਕਦਮੀ ਸੀ, ਉਕਤ ਸ਼ਬਦ ਜ਼ਿਲਾ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਗੁਰਪ੍ਰੀਤ ਗੋਗੀ ਨੇ ਕਾਂਗਰਸ ਭਵਨ ’ਚ ਸਵ. ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਜੋ ਕਿ ਬੱਚਿਅਾਂ ਦੇ ਚਾਚਾ ਨਹਿਰੂ ਸਨ, ਦੇ ਜਨਮ ਦਿਵਸ ਦੇ ਸਬੰਧ ਵਿਚ ਆਯੋਜਿਤ ਸਮਾਰੋਹ ਦੌਰਾਨ ਕਹੇ। ਵਿਧਾਇਕ ਰਾਕੇਸ਼ ਪਾਂਡੇ ਨੇ ਕਿਹਾ ਕਿ ਪੰਡਿਤ ਨਹਿਰੂ ਨੇ ਪੰਚ ਸਾਲਾ ਯੋਜਨਾਵਾਂ ਦੀ ਸ਼ੁਰੂਆਤ ਕਰ ਕੇ ਭਾਰਤ ’ਚ ਉਦਯੋਗ ਦੇ ਨਵੇਂ ਯੁਗ ਦੀ ਸ਼ੁਰੂਆਤ ਕੀਤੀ, ਸਿੱਖਿਆ ਦੇ ਖੇਤਰ ਵਿਚ ਨਹਿਰੂ ਦੇ ਇਸ ਯੋਗਦਾਨ ਤੇ ਬੱਚਿਆਂ ਪ੍ਰਤੀ ਉਨ੍ਹਾਂ ਦੇ ਪ੍ਰੇਮ ਨੂੰ ਦੇਖਦੇ ਹੋਏ ਉਨ੍ਹਾਂ ਦੀ ਮੌਤ ਦੇ ਬਾਅਦ ਦੇਸ਼ ਵਿਚ ਉਨ੍ਹਾਂ ਦੇ ਜਨਮ ਦਿਨ ਦੀ ਮਿਤੀ ਭਾਵ 14 ਨਵੰਬਰ ਨੂੰ ਬਾਲ ਦਿਵਸ ਦੇ ਰੂਪ ਵਿਚ ਮਨਾਇਆ ਜਾਣ ਲੱਗਾ।

ਇਸ ਮੌਕੇ ਵਿਧਾਇਕ ਰਾਕੇਸ਼ ਪਾਂਡੇ, ਦਿਹਾਤੀ ਕਾਂਗਰਸ ਪ੍ਰਧਾਨ ਗੁਰਦੇਵ ਸਿੰਘ ਲਾਪਰਾਂ, ਕਾਂਗਰਸ ਸੇਵਾ ਦਲ ਦੇ ਕੌਮੀ ਸਕੱਤਰ ਸੁਸ਼ੀਲ ਪਰਾਸ਼ਰ, ਕੌਂਸਲਰ ਹਰਕਰਨ ਸਿੰਘ ਵੈਦ, ਹਰੀ ਸਿੰਘ ਬਰਾਡ਼, ਮਹਿਲਾ ਕਾਂਗਰਸ ਦੇਹਾਤੀ ਪ੍ਰਧਾਨ ਗੁਰਦੀਪ ਕੌਰ, ਦੁਸ਼ਯੰਤ ਪਾਂਡੇ, ਮਨਜਿੰਦਰ ਕੌਰ ਗਰੇਵਾਲ ਤੇ ਹੋਰ ਵਰਕਰਾਂ ਨੇ ਜਨਮ ਦਿਵਸ ’ਤੇ ਫੁੱਲ ਮਾਲਾਵਾਂ ਅਰਪਿਤ ਕਰ ਕੇ ਉਨ੍ਹਾਂ ਨੂੰ ਨਮਨ ਕੀਤਾ।