ਹੁਣ ਪੁਲਸ ਕਮਿਸ਼ਨਰ ਨਾਲ ਖਿੱਚਵਾਈ ਫੋਟੋ ਦਿਖਾ ਕੇ ਨਹੀਂ ਚੱਲੇਗੀ ਥਾਣੇ ''ਚ ਧੌਂਸ, CP ਨੇ ਜਾਰੀ ਕੀਤੇ ਸਖ਼ਤ ਹੁਕਮ

12/07/2022 12:11:54 PM

ਲੁਧਿਆਣਾ (ਰਾਜ) : ਜਦੋਂ ਵੀ ਕੋਈ ਨਵਾਂ ਪੁਲਸ ਕਮਿਸ਼ਨਰ ਜੁਆਇਨ ਕਰਦਾ ਹੈ ਤਾਂ ਬੁੱਕੇ ਜਾਂ ਗੁਲਦਸਤਾ ਭੇਟ ਕਰ ਕੇ ਸਵਾਗਤ ਕਰਨ ਵਾਲਿਆਂ ਦੀ ਉਨ੍ਹਾਂ ਦੇ ਦਫ਼ਤਰ ’ਚ ਲਾਈਨ ਲੱਗੀ ਰਹਿੰਦੀ ਹੈ। ਬਾਅਦ ਵਿਚ ਇਨ੍ਹਾਂ ਵਿਚੋਂ ਕਈ ਲੋਕ ਸੀ. ਪੀ. ਨਾਲ ਖਿੱਚਵਾਈ ਫੋਟੋ ਦਿਖਾ ਕੇ ਥਾਣਿਆਂ, ਚੌਕੀਆਂ ਵਿਚ ਧੌਂਸ ਦਿਖਾਉਂਦੇ ਹਨ। ਕਈ ਦਫ਼ਾ ਹੇਠਲੇ ਪੱਧਰ ਦੇ ਪੁਲਸ ਮੁਲਾਜ਼ਮ ਉਨ੍ਹਾਂ ਨੂੰ ਸਾਹਿਬ ਦਾ ਖਾਸ ਮੰਨ ਕੇ ਦਬਾਅ 'ਚ ਆ ਜਾਂਦੇ ਹਨ ਅਤੇ ਨਾਜਾਇਜ਼ ਕੰਮ ਵੀ ਕਰ ਦਿੰਦੇ ਹਨ ਪਰ ਲੁਧਿਆਣਾ ਦੇ ਨਵੇਂ ਪੁਲਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਇਕ ਪੱਤਰ ਜਾਰੀ ਕਰਦਿਆਂ ਥਾਣਾ ਮੁਖੀਆਂ ਨੂੰ ਹਜਾਇਤਾਂ ਦਿੱਤੀਆਂ ਹਨ ਕਿ ਜੇਕਰ ਕੋਈ ਉਨ੍ਹਾਂ ਦੇ ਨਾਲ ਖਿੱਚਵਾਈ ਫੋਟੋ ਦਿਖਾ ਕੇ ਧੌਂਸ ਦਿਖਾਉਂਦਾ ਹੈ ਤਾਂ ਉਹ ਉਨ੍ਹਾਂ ਦੇ ਪ੍ਰਭਾਵ ਵਿਚ ਨਾ ਆਵੇ। ਉਨ੍ਹਾਂ ਕੋਲ ਕੋਈ ਵੀ ਸ਼ਿਕਾਇਤ ਆਉਂਦੀ ਹੈ ਤਾਂ ਉਸ ਦੀ ਨਿਰਪੱਖ ਤਰੀਕੇ ਨਾਲ ਜਾਂਚ ਕਰਨ।

ਇਹ ਵੀ ਪੜ੍ਹੋ- ਚੜ੍ਹਦੀ ਸਵੇਰ ਮੁਕਤਸਰ 'ਚ ਵਾਪਰਿਆ ਦਰਦਨਾਕ ਹਾਦਸਾ, ਸਕੇ ਭੈਣ-ਭਰਾ ਦੀ ਮੌਤ

ਅਸਲ ’ਚ ਦੇਰ ਸ਼ਾਮ ਜਾਰੀ ਹੋਏ ਹੁਕਮਾਂ ਵਿਚ ਪੁਲਸ ਕਮਿਸ਼ਨਰ ਮਨਦੀਪ ਸਿੰਘ ਸੰਧੂ ਵੱਲੋਂ ਕਿਹਾ ਗਿਆ ਹੈ ਕਿ 15 ਨਵੰਬਰ 2022 ਨੂੰ ਉਨ੍ਹਾਂ ਨੇ ਜੁਆਇਨ ਕੀਤਾ ਸੀ, ਜਿਸ ਸਮੇਂ ਉਨ੍ਹਾਂ ਨੂੰ ਕਾਫ਼ੀ ਗਿਣਤੀ ’ਚ ਲੋਕ ਮਿਲਣ ਆਏ ਸਨ ਅਤੇ ਗੁਲਦਸਤੇ ਦੇ ਕੇ ਸਵਾਗਤ ਕੀਤਾ ਅਤੇ ਉਨ੍ਹਾਂ ਨਾਲ ਆਪਣੀਆਂ ਫੋਟੋ ਵੀ ਖਿੱਚਵਾਈਆਂ ਸਨ। ਉਨ੍ਹਾਂ ’ਚੋਂ ਜ਼ਿਆਦਾਤਰ ਲੋਕਾਂ ਨੂੰ ਮੈਂ ਜਾਣਦਾ ਵੀ ਨਹੀਂ ਸੀ। ਉਨ੍ਹਾਂ ਦੇ ਧਿਆਨ ਵਿਚ ਆਇਆ ਹੈ ਕਿ ਕਈ ਅਜਿਹੇ ਲੋਕ ਜਦੋਂ ਥਾਣਿਆਂ ’ਚ ਕਿਸੇ ਕੰਮ ਲਈ ਜਾਂਦੇ ਹਨ ਤਾਂ ਉਹ ਮੇਰੇ ਨਾਲ ਖਿੱਚਵਾਈ ਫੋਟੋ ਦਿਖਾ ਕੇ ਜਾਣ-ਪਛਾਣ ਹੋਣ ਦਾ ਕਹਿਣ ਕੇ ਥਾਣਾ ਪੁਲਸ ’ਤੇ ਵੀ ਪ੍ਰਭਾਵ ਪਾਉਂਦੇ ਹਨ। ਇਸ ਲਈ ਇਹ ਪੱਤਰ ਜਾਰੀ ਕਰ ਕੇ ਸਾਰੇ ਅਧਿਕਾਰੀਆਂ, ਥਾਣਾ ਮੁਖੀਆਂ ਅਤੇ ਪੁਲਸ ਮੁਲਾਜ਼ਮਾਂ ਨੂੰ ਹਦਾਇਤ ਦਿੱਤੀ ਗਈ ਕਿ ਉਹ ਅਜਿਹੀ ਕਿਸੇ ਫੋਟੋ ਦੇ ਅਸਰ ’ਚ ਨਾ ਆਉਣ ਅਤੇ ਥਾਣੇ ਵਿਚ ਕੀਤਾ ਜਾਣ ਵਾਲਾ ਕੰਮ-ਕਾਜ, ਸਬੂਤ ਅਤੇ ਤੱਥਾਂ ਦੇ ਆਧਾਰ ’ਤੇ ਕਾਨੂੰਨ ਮੁਤਾਬਕ ਕੀਤਾ ਜਾਵੇ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

Simran Bhutto

This news is Content Editor Simran Bhutto