ਰੈਗੂਲਰ ਕਰਨ ਤੋਂ ਪਹਿਲਾਂ ਸਫਾਈ ਕਰਮਚਾਰੀਆਂ ਤੇ ਸੀਵਰਮੈਨਾਂ ਦੀ ਲਿਸਟ ਨੂੰ ਲੈ ਕੇ ਉੱਠੇ ਸਵਾਲ

07/25/2022 4:58:00 PM

ਲੁਧਿਆਣਾ(ਹਿਤੇਸ਼) : ਸਫਾਈ ਕਰਮਚਾਰੀਆਂ ਅਤੇ ਸੀਵਰਮੈਨਾਂ ਨੂੰ ਰੈਗੂਲਰ ਕਰਨ ਤੋਂ ਪਹਿਲਾਂ ਉਨ੍ਹਾਂ ਦੀ ਲਿਸਟ ਨੂੰ ਲੈ ਕੇ ਸਵਾਲ ਖੜ੍ਹੇ ਹੋ ਗਏ ਹਨ, ਜਿਸ ਮੁੱਦੇ ’ਤੇ ਸੋਮਵਾਰ ਨੂੰ ਹੋਣ ਵਾਲੀ ਨਗਰ ਨਿਗਮ ਦੇ ਜਨਰਲ ਹਾਊਸ ਦੀ ਮੀਟਿੰਗ ’ਚ ਹੰਗਾਮਾ ਹੋ ਸਕਦਾ ਹੈ।ਇੱਥੇ ਦੱਸਣਾ ਜ਼ਰੂਰੀ ਹੋਵੇਗਾ ਕਿ ਨਗਰ ਨਿਗਮ ਵਲੋਂ ਸਫਾਈ ਕਰਮਚਾਰੀਆਂ ਅਤੇ ਸੀਵਰਮੈਨਾਂ ਨੂੰ ਰੈਗੂਲਰ ਕਰਨ ਸਬੰਧੀ ਬੁਲਾਈ ਗਈ ਸਪੈਸ਼ਲ ਮੀਟਿੰਗ ਲਈ ਜੋ ਏਜੰਡਾ ਜਾਰੀ ਕੀਤਾ ਗਿਆ ਹੈ, ਉਸ ਨਾਲ ਸਫਾਈ ਕਰਮਚਾਰੀਆਂ ਅਤੇ ਸੀਵਰਮੈਨਾਂ ਦੀ ਲਿਸਟ ਵੀ ਲਗਾਈ ਗਈ ਹੈ ਪਰ ਇਹ ਲਿਸਟ ਕਿਸ ਆਧਾਰ ’ਤੇ ਤਿਆਰ ਕੀਤੀ ਗਈ, ਇਸ ਦੀ ਜਾਣਕਾਰੀ ਖ਼ੁਦ ਮੇਅਰ ਨੂੰ ਨਹੀਂ ਹੈ।

ਇਹ ਵੀ ਪੜ੍ਹੋ- ਸਿੱਧੂ ਮੂਸੇਵਾਲਾ ਕਤਲ ਕਾਂਡ ’ਚ ਸ਼ਾਮਲ ਸ਼ਾਰਪ ਸ਼ੂਟਰ ਤੂਫਾਨ ਤੇ ਮਨੀ ਰਈਆ ਨੇ ਪਾਈਆਂ ਫੇਸਬੁੱਕ ਪਸੋਟਾਂ

ਇੱਥੋਂ ਤੱਕ ਜ਼ਿਆਦਾਤਰ ਕੌਂਸਲਰਾਂ ਦਾ ਇਤਰਾਜ਼ ਹੈ ਕਿ ਇਸ ਲਿਸਟ ’ਚ ਕੁਝ ਇਸ ਤਰ੍ਹਾਂ ਦੇ ਨਾਂ ਸ਼ਾਮਲ ਹਨ, ਜਿਨ੍ਹਾਂ ਮੁਲਾਜ਼ਮਾਂ ਦੇ ਉਨ੍ਹਾਂ ਦੇ ਵਾਰਡ ’ਚ ਕੰਮ ਕਰਨ ਦਾ ਜ਼ਿਕਰ ਕੀਤਾ ਗਿਆ ਹੈ ਪਰ ਉਨ੍ਹਾਂ ਮੁਲਾਜ਼ਮਾਂ ਬਾਰੇ ਵਿਚ ਕੋਈ ਜਾਣਕਾਰੀ ਨਹੀਂ ਹੈ। ਇਸੇ ਤਰ੍ਹਾਂ ਕਈ ਕੌਂਸਲਰਾਂ ਵਲੋਂ ਉਨ੍ਹਾਂ ਦੇ ਵਾਰਡ ’ਚ ਲੰਮੇ ਸਮੇਂ ਤੋਂ ਕੰਮ ਕਰ ਰਹੇ ਮੁਲਾਜ਼ਮਾਂ ਦੇ ਨਾਂ ਲਿਸਟ ਵਿਚ ਸ਼ਾਮਲ ਨਾ ਹੋਣ ਨੂੰ ਲੈ ਕੇ ਹੈਰਾਨੀ ਜਤਾਈ ਜਾ ਰਹੀ ਹੈ। ਜੋ ਮੁੱਦਾ ਕੌਂਸਲਰਾਂ ਵੱਲੋਂ ਜਨਰਲ ਹਾਉੂਸ ਦੀ ਮੀਟਿੰਗ ਦੌਰਾਨ ਚੁੱਕਿਆ ਜਾਵੇਗਾ, ਜਿਸਨੂੰ ਲੈ ਕੇ ਮੇਅਰ ਬਲਕਾਰ ਸੰਧੂ ਦਾ ਕਹਿਣਾ ਹੈ ਕਿ ਉਨ੍ਹਾਂ ਵਲੋਂ ਸਿਰਫ਼ ਸਫਾਈ ਕਰਮਚਾਰੀਆਂ ਅਤੇ ਸੀਵਰਮੈਨਾਂ ਨੂੰ ਰੈਗੂਲਰ ਕਰਨ ਦੀ ਮਨਜ਼ੂਰੀ ਦਿੱਤੀ ਜਾਵੇਗੀ, ਜਦਕਿ ਲਿਸਟ ਵਿਚ ਸ਼ਾਮਲ ਨਾਵਾਂ ਨੂੰ ਲੈ ਕੇ ਜ਼ਿੰਮੇਵਾਰੀ ਅਧਿਕਾਰੀਆਂ ਦੀ ਹੋਵੇਗੀ।

ਇਹ ਵੀ ਪੜ੍ਹੋ-  ਲੁਧਿਆਣਾ 'ਚ ਕਲੋਨਾਈਜ਼ਰਾਂ ਦਾ ਪੰਜਾਬ ਸਰਕਾਰ ਖ਼ਿਲਾਫ਼ ਹੱਲਾ-ਬੋਲ, ਦਿੱਤੀ ਸਖ਼ਤ ਚਿਤਾਵਨੀ

ਨਗਰ ਨਿਗਮ ਦੇ ਗਲੇ ਦਾ ਫਾਹਾ ਬਣ ਸਕਦੈ ਮੁਲਾਜ਼ਮਾਂ ਨੂੰ ਠੇਕੇ ’ਤੇ ਮਨਾਉਣ ਦਾ ਫ਼ੈਸਲਾ

ਸਫਾਈ ਕਰਮਚਾਰੀਆਂ ਅਤੇ ਸੀਵਰਮੈਨਾਂ ਨੂੰ ਰੈਗੂਲਰ ਕਰਨ ਦਾ ਫ਼ੈਸਲਾ ਇੰਨੀ ਦੇਰ ਤੋਂ ਇਸ ਵਜ੍ਹਾ ਕਾਰਨ ਲਾਗੂ ਨਹੀਂ ਹੋ ਸਕਿਆ ਕਿਉਂਕਿ ਸਰਕਾਰ ਵੱਲੋਂ ਠੇਕੇ ’ਤੇ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਮਨਜ਼ੂਰੀ ਦਿੱਤੀ ਗਈ ਸੀ। ਨਗਰ ਨਿਗਮ ਵੱਲੋਂ ਸਫਾਈ ਕਰਮਚਾਰੀਆਂ ਅਤੇ ਸੀਵਰਮੈਨਾਂ ਨੂੰ ਡੀ. ਸੀ. ਰੇਟ ’ਤੇ ਰੱਖਣ ਦੀ ਗੱਲ ਕਹੀ ਜਾ ਰਹੀ ਹੈ, ਜਿਸ ਨੂੰ ਲੈ ਕੇ ਪੈਦਾ ਹੋਏ ਵਿਵਾਦ ਦਾ ਨਿਬੇੜਾ ਕਰਨ ਲਈ ਡੀ. ਸੀ. ਰੇਟ ’ਤੇ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਠੇਕੇ ’ਤੇ ਮੰਨਣ ਦਾ ਪ੍ਰਸਤਾਵ ਰੱਖਿਆ ਜਾ ਰਿਹਾ ਹੈ, ਜਿਸ ਨੂੰ ਲੈ ਕੇ ਹੋਣ ਵਾਲਾ ਫ਼ੈਸਲਾ ਆਉਣ ਵਾਲੇ ਸਮੇਂ ਦੌਰਾਨ ਨਗਰ ਨਿਗਮ ਦੇ ਗਲੇ ਦਾ ਫਾਹਾ ਬਣ ਸਕਦਾ ਹੈ ਕਿਉਂਕਿ ਜੋ ਮੁਲਾਜ਼ਮ ਠੇਕੇ ’ਤੇ ਕੰਮ ਕਰ ਰਹੇ ਹਨ, ਉਨ੍ਹਾਂ ਵਲੋਂ ਵੀ ਇਸ ਫ਼ੈਸਲੇ ਦੇ ਆਧਾਰ ’ਤੇ ਰੈਗੂਲਰ ਕਰਨ ਦੀ ਮੰਗ ਕੀਤੀ ਜਾਵੇਗੀ।

ਯੂਨੀਅਨ ਵਲੋਂ ਵੀ ਜ਼ੋਨ-ਏ ਆਫਿਸ ਦੇ ਬਾਹਰ ਰੱਖਿਆ ਗਿਆ ਪ੍ਰੋਗਰਾਮ

ਨਗਰ ਨਿਗਮ ਵਲੋਂ ਮਾਤਾ ਰਾਣੀ ਚੌਕ ਸਥਿਤ ਆਫਿਸ ’ਚ ਜਨਰਲ ਹਾਊਸ ਦੀ ਮੀਟਿੰਗ ਬੁਲਾਈ ਗਈ ਹੈ, ਜਿੱਥੇ ਸਫਾਈ ਕਰਮਚਾਰੀ ਅਤੇ ਸੀਵਰਮੈਨ ਸੰਘਰਸ਼ ਕਮੇਟੀ ਵਲੋਂ ਵੀ ਪ੍ਰੋਗਰਾਮ ਰੱਖਿਆ ਗਿਆ ਹੈ। ਜਿਨ੍ਹਾਂ ਵਲੋਂ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਮੰਗ ਨੂੰ ਲੈ ਕੇ ਲੰਮੇ ਸਮੇਂ ਤੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੀ ਭੁੱਖ ਹੜਤਾਲ ਨੂੰ ਖਤਮ ਕਰਵਾਉਣ ਲਈ ਲੋਕਲ ਬਾਡੀਜ਼ ਮੰਤਰੀ ਇੰਦਰਬੀਰ ਨਿੱਝਰ ਨੇ ਲੁਧਿਆਣਾ ਦੇ ਆ ਕੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦਾ ਐਲਾਨ ਕੀਤਾ ਹੈ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


Anuradha

Content Editor

Related News