ਆਇਓਡੀਨ ਦੀ ਘਾਟ ਕਾਰਨ ਹੋਣ ਵਾਲੀਆਂ ਬੀਮਾਰੀਆਂ ਸਬੰਧੀ ਕੀਤਾ ਜਾਗਰੂਕ

10/22/2018 2:44:42 PM

ਖੰਨਾ (ਸੁਖਵਿੰਦਰ ਕੌਰ) : ਆਇਓਡੀਨ ਦੀ ਘਾਟ ਕਰ ਕੇ ਪੈਦਾ ਹੋਏ ਵਿਕਾਰਾਂ ਦੀ ਰੋਕਥਾਮ ਦਿਵਸ ਦੇ ਮੌਕੇ ’ਤੇ ਸਿਵਲ ਹਸਪਤਾਲ ਖੰਨਾ ਵਿਖੇ ਮਰੀਜ਼ਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਲਈ ਇਕ ਸਿੱਖਿਆਦਾਇਕ ਲੈਕਚਰ ਆਯੋਜਿਤ ਕੀਤਾ ਗਿਆ। ਇਸ ਮੌਕੇ ’ਤੇ ਬੋਲਦਿਆਂ ਸੀਨੀਅਰ ਮੈਡੀਕਲ ਅਫਸਰ ਰਜਿੰਦਰ ਗੁਲਾਟੀ ਨੇ ਕਿਹਾ ਕਿ ਇਹੋ ਜਿਹੇ ਈਵੈਂਟਸ ਦਾ ਅਾਯੋਜਨ ਕਰਨ ਦਾ ਮੁੱਖ ਮੰਤਵ ਲੋਕਾਂ ਵਿਚ ਆਇਓਡੀਨ ਦੀ ਸਹੀ ਮਾਤਰਾ ਦੀ ਵਰਤੋਂ ਅਤੇ ਆਇਓਡੀਨ ਦੀ ਕਮੀ ਦੇ ਨਤੀਜੇ ਨੂੰ ਉਜਾਗਰ ਕਰਨਾ ਹੈ।

ਉਨ੍ਹਾਂ ਕਿਹਾ ਕਿ ਅੱਜ ਵਿਸ਼ਵ ਅਾਬਾਦੀ ਦੇ ਇਕ ਤਿਹਾਈ ਹਿੱਸੇ ਨੂੰ ਆਇਓਡੀਨ ਦੀ ਘਾਟ ਕਰ ਕੇ ਬੀਮਾਰੀਆਂ ਦਾ ਖਤਰਾ ਹੈ। ਸਿਵਲ ਹਸਪਤਾਲ ਦੇ ਗਾਇਨਾਕੋਲੋਜਿਸਟ ਡਾ. ਨੀਰੂ ਸਿਆਲ ਨੇ ਆਇਓਡੀਨ ਦੀ ਕਮੀ ਕਾਰਨ ਹੋਣ ਵਾਲੀਆਂ ਬੀਮਾਰੀਆਂ ਜਿਵੇਂ ਥਾਇਰਾਈਡ ਗਲੈਂਡ ਦਾ ਵਧ ਜਾਣਾ, ਮਾਨਸਿਕ ਬੀਮਾਰੀ, ਸਰੀਰਕ ਵਿਕਾਸ ਦਾ ਨਾ ਹੋਣਾ, ਮਰਿਆ ਬੱਚਾ ਪੈਦਾ ਹੋਣਾ, ਜਮਾਂਦਰੂ ਅਸਮਾਨਤਾਵਾਂ ਅਤੇ ਦੇਖਣ-ਸੁਣਨ ਅਤੇ ਬੋਲਣ ਵਿਚ ਨੁਕਸ ਆਦਿ ਬਾਰੇ ਦੱਸਿਆ। ਉਨ੍ਹਾਂ ਨੇ ਅੱਗੇ ਕਿਹਾ ਕਿ ਗਰਭਵਤੀ ਅੌਰਤਾਂ ਨੂੰ ਆਇਓਡੀਨ ਦੀ ਵਧੀਕ ਲੋਡ਼ ਹੁੰਦੀ ਹੈ। ਇਸ ਲਈ ਗਰਭਵਤੀ ਅੌਰਤਾਂ ਨੂੰ ਆਇਓਡੀਨ ਭਰਪੂਰ ਭੋਜਨ ਕਰਨਾ ਚਾਹੀਦਾ ਹੈ ਤਾਂ ਜੋ ਆਇਓਡੀਨ ਦੀ ਘਾਟ ਦੀ ਸੰਭਾਵਨਾ ਨੂੰ ਖਤਮ ਕੀਤਾ ਜਾ ਸਕੇ।

ਸਿਵਲ ਹਸਪਤਾਲ ਵਿਚ ਬੱਚਿਆਂ ਦੇ ਮਾਹਿਰ ਡਾਕਟਰ ਅਮਿਤ ਅਰੋਡ਼ਾ ਨੇ ਹਾਜ਼ਰੀਨ ਨੂੰ ਸਲਾਹ ਦਿੱਤੀ ਕਿ ਉਹ ਆਇਓਡੀਨ ਲੂਣ ਦੀ ਵਰਤੋਂ ਕਰਨ, ਜੋ ਕਿ ਪੂਰੇ ਦੇਸ਼ ਵਿਚ ਉਪਲਬਧ ਹੈ ਅਤੇ ਆਇਓਡੀਨ ਦਾ ਚੰਗਾ ਸਰੋਤ ਹੈ। ਉਨ੍ਹਾਂ ਕਿਹਾ ਕਿ ਆਇਓਡੀਨ ਦੇ ਹੋਰ ਸਰੋਤ ਦੁੱਧ, ਅੰਡੇ, ਮੀਟ, ਅਨਾਜ ਅਤੇ ਸਮੁੰਦਰੀ ਭੋਜਨ ਵੀ ਹਨ।