ਹਰੀਸ਼ ਢਾਂਡਾ ਦਾ ਬਿਆਨ, ''ਕੈਪਟਨ ਸਰਕਾਰ ਨੇ ਕਿੜਾਂ ਕੱਢਣ ਲਈ ਸਿੰਚਾਈ ਘਪਲਾ ਬਣਾਇਆ''

08/08/2022 2:11:42 PM

ਲੁਧਿਆਣਾ(ਮੁੱਲਾਂਪੁਰੀ) : ਪੰਜਾਬ ਦੀ ਪਿਛਲੀ ਕੈਪ. ਅਮਰਿੰਦਰ ਸਿੰਘ ਸਰਕਾਰ ਵੱਲੋਂ ਬੜੇ ਜ਼ੋਰ-ਸ਼ੋਰ ਨਾਲ ਉਛਾਲੇ ਅਤੇ ਪ੍ਰਚਾਰੇ ਕਥਿਤ ਸਿੰਚਾਈ ਘਪਲੇ ਦੀ ਅਸਲੀਅਤ ਤੋਂ ਪਰਦਾ ਚੁੱਕਦਿਆਂ ਪੰਜਾਬ ਦੇ ਉੱਘੇ ਵਕੀਲ ਅਤੇ ਸਾਬਕਾ ਸੰਸਦੀ ਸਕੱਤਰ ਹਰੀਸ਼ ਰਾਏ ਢਾਂਡਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਅਫ਼ਸਰਸ਼ਾਹੀ ਨੇ ਆਪਸੀ ਖਹਿਬਾਜ਼ੀ ਅਤੇ ਕਿੜਾਂ ਕੱਢਣ ਲਈ ਇਹ ਸਿੰਚਾਈ ਘਪਲਾ ਹੋਂਦ ’ਚ ਲਿਆਂਦਾ ਸੀ। ਢਾਂਡਾ ਨਾਲ ਸਾਬਕਾ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਅਤੇ ਉੱਘੇ ਵਕੀਲ ਵੜੈਚ ਵੀ ਮੌਜੂਦ ਸਨ। ਢਾਂਡਾ ਨੇ ਦੱਸਿਆ ਕਿ ਇਸ ਸਿੰਚਾਈ ਘਪਲੇ ਦੀ ਅਸਲੀਅਤ ਕੁਝ ਹੋਰ ਹੈ, ਜੋ ਅਫ਼ਸਰਾਂ ਦੀ ਆਪਸੀ ਖਹਿਬਾਜ਼ੀ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਇਹ ਸਿੰਚਾਈ ਘਪਲਾ ਨਾ ਰਹਿ ਕੇ ਵਿਜੀਲੈਂਸ ਘਪਲਾ ਜ਼ਰੂਰ ਬਣ ਗਿਆ। ਉਸ ਵੇਲੇ ਦੇ ਸਾਬਕਾ ਆਈ. ਏ. ਐੱਸ. ਅਧਿਕਾਰੀ ਜੋ ਮੁੱਖ ਮੰਤਰੀ ਦੇ ਅਤਿ-ਨਜ਼ਦੀਕੀ ਸਨ, ਦੀਆਂ ਨਜ਼ਦੀਕੀਆਂ ਕਾਰਨ ਵਿਜੀਲੈਂਸ ਦੇ ਕੁਝ ਅਧਿਕਾਰੀਆਂ ਨੇ ਆਪਣੇ ਹੱਥ ਜ਼ਰੂਰ ਰੰਗੇ।

ਇਹ ਵੀ ਪੜ੍ਹੋ- ਜ਼ਹਿਰੀਲੇ ਸੱਪ ਦੇ ਡੰਗਣ ਕਾਰਣ ਸੁੱਤੀ ਪਈ ਕਾਂਗਰਸੀ ਆਗੂ ਦੀ ਪਤਨੀ ਦੀ ਮੌਤ

ਢਾਂਡਾ ਨੇ ਕਿਹਾ ਕਿ ਇਹ ਸਾਰੀ ਲੜਾਈ ਇਕ ਸਾਬਕਾ ਆਈ. ਏ. ਐੱਸ. ਅਧਿਕਾਰੀ ਦੇ ਮੁੱਖ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਬਣਨ ਤੋਂ ਸ਼ੁਰੂ ਹੋਈ ਸੀ ਕਿਉਂਕਿ ਇਸ ਅਹੁਦੇ ’ਤੇ ਲੱਗਣ ਲਈ ਇਕ ਹੋਰ ਅਧਿਕਾਰੀ ਵੀ ਦੌੜ ’ਚ ਸ਼ਾਮਲ ਸੀ। ਨਾ ਲੱਗਣ ਵਾਲੇ ਅਧਿਕਾਰੀ ਨੇ ਉਸ ਵੇਲੇ ਲੱਗੇ ਅਧਿਕਾਰੀ ਖ਼ਿਲਾਫ਼ ਹਾਈਕੋਰਟ ’ਚ ਪਟੀਸ਼ਨ ਪਾ ਦਿੱਤੀ ਅਤੇ ਆਪਣੀ ਨੇੜਤਾ ਦਾ ਫਾਇਦਾ ਚੁੱਕਦਿਆਂ ਵਕੀਲਾਂ ਨੂੰ ਅਦਾਇਗੀ ਵੀ ਉਸ ਠੇਕੇਦਾਰਾਂ ਤੋਂ ਕਰਵਾ ਦਿੱਤੀ, ਜੋ ਇਸ ਘਪਲੇ ’ਚ ਮੁੱਖ ਦੋਸ਼ੀ ਸੀ, ਜਿਸ ਕਰ ਕੇ ਹਾਈ ਕੋਰਟ ’ਚ ਪਾਈ ਪਟੀਸ਼ਨ ਤੋਂ ਖਿਜ ਕੇ ਇਸ ਸਿੰਚਾਈ ਘਪਲੇ ਨੂੰ ਬਣਾਉਣ ਦਾ ਤਾਣਾ-ਬਾਣਾ ਬੁਣਿਆ ਗਿਆ। ਸੀਨੀਅਰ ਵਕੀਲ ਨੇ ਕਿਹਾ ਕਿ ਝੂਠੇ ਅਤੇ ਬੇਬੁਨਿਆਦ ਦੋਸ਼ ਲਗਾ ਕੇ ਇਹ ਕੇਸ ਵਿਜੀਲੈਂਸ ਵੱਲੋਂ ਤਿਆਰ ਕੀਤਾ ਗਿਆ, ਜਿਸ ਵਿਚ ਸਿੰਚਾਈ ਵਿਭਾਗ ਦੇ ਅਧਿਕਾਰੀ ਅਤੇ ਠੇਕੇਦਾਰ ਗ੍ਰਿਫ਼ਤਾਰ ਕੀਤੇ ਗਏ। ਠੇਕੇਦਾਰ ਦੇ ਪੁਲਸ ਰਿਮਾਂਡ ਦੌਰਾਨ ਕਥਿਤ ਜਾਅਲੀ ਚਿੱਠੀ ਬਣਾਈ ਗਈ, ਜਿਸ ਵਿਚ ਕੁਝ ਆਈ. ਏ. ਐੱਸ. ਅਧਿਕਾਰੀਆਂ ਦੀ ਪੈਸੇ ਲੈਣ-ਦੇਣ ਦੀ ਗੱਲ ਕਹੀ ਗਈ। ਇਨ੍ਹਾਂ ਅਧਿਕਾਰੀਆਂ ਦੀ ਪ੍ਰਮੁੱਖ ਪ੍ਰਿੰਸੀਪਲ ਸਕੱਤਰ ਨਾਲ ਬਣਦੀ ਨਹੀਂ ਸੀ।

ਇਹ ਵੀ ਪੜ੍ਹੋ-  ਭਿਆਨਕ ਸੜਕ ਹਾਦਸੇ ਦੌਰਾਨ ਮਾਂ ਸਮੇਤ 1 ਸਾਲਾ ਪੁੱਤ ਦੀ ਮੌਤ, ਕੈਂਟਰ ਚਾਲਕ ਫਰਾਰ

ਢਾਂਡਾ ਨੇ ਕਿਹਾ ਕਿ ਇਸ ਕੇਸ ਨੂੰ ਹੋਰ ਸਨਸਨੀਖੇਜ ਬਣਾਉਣ ਲਈ ਉਸ ਪੱਤਰ ਰਾਹੀਂ ਦੋ ਸਾਬਕਾ ਮੰਤਰੀਆਂ ਦਾ ਨਾਂ ਵੀ ਉਛਾਲਿਆ ਗਿਆ। ਉਨ੍ਹਾਂ ਕਿਹਾ ਕਿ ਸੱਚੀ ਗੱਲ ਤਾਂ ਇਹ ਹੈ ਕਿ ਹਜ਼ਾਰ ਕਰੋੜ ਦਾ ਥਾਂ-ਥਾਂ ਕੂੜ ਪ੍ਰਚਾਰ ਕਰਨ ਵਾਲੀ ਵਿਜੀਲੈਂਸ ਨੇ ਜੋ ਅਦਾਲਤ ’ਚ ਚਲਾਨ ਪੇਸ਼ ਕੀਤਾ ਹੈ, ਉਸ ਵਿਚ ਠੇਕੇਦਾਰ ਵੱਲੋਂ ਹਜ਼ਾਰ ਕਰੋੜ ਦੇ ਕੰਮ ਕੀਤੇ ਗਏ ਹਨ, ਜਦੋਂਕਿ ਊਣਤਾਈਆਂ ’ਚ ਸਿਰਫ ਸੌ ਕਰੋੜ ਦੀਆਂ ਦਿਖਾਈਆਂ ਗਈਆਂ ਹਨ। ਸਭ ਨੂੰ ਪਤਾ ਹੈ ਕਿ ਹਰੇਕ ਕੰਮ ’ਚ ਠੇਕੇਦਾਰ ਦਾ 10 ਫੀਸਦੀ ਫਾਇਦਾ ਹੀ ਹੁੰਦਾ ਹੈ, ਸੋ ਇਸ ਕੇਸ ਨੂੰ ਵੀ ਰਾਈ ਦਾ ਪਹਾੜ ਬਣਾਉਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਇਸ ਕੇਸ ’ਚ ਅਧਿਕਾਰੀਆਂ ਨੇ ਨਿੱਜੀ ਕਿੜਾਂ ਕੱਢਣ ਲਈ ਅਤੇ ਵਿਜੀਲੈਂਸ ਦੇ ਅਧਿਕਾਰੀਆਂ ਨੇ ਪੈਸੇ ਕਮਾਉਣ ਤੋਂ ਬਿਨਾਂ ਕੁਝ ਨਹੀਂ ਕੀਤਾ। ਇਸ ਮੌਕੇ ਹਾਜ਼ਰ ਸ਼ਰਨਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਸਾਨੂੰ ਪਿਛਲੀ ਸਰਕਾਰ ਨੇ ਬਦਨਾਮ ਕਰਨ ’ਚ ਕੋਝੀਆਂ ਚਾਲਾਂ ਖੇਡੀਆਂ। ਜਿਸ ਨਾਲ ਸਾਡੇ ਮਨ ਨੂੰ ਬੁਹਤ ਠੇਸ ਲੱਗੀ। ਢਿੱਲੋਂ ਨੇ ਕਿਹਾ ਕਿ ਉਹ ਵੱਖ-ਵੱਖ ਅਹੁਦਿਆਂ ’ਤੇ ਰਿਹਾ, ਮੇਰਾ ਸਿਆਸੀ ਜੀਵਨ ਸਾਫ ਹੈ। ਉਸ ਨੂੰ ਭਗਵੰਤ ਮਾਨ ਸਰਕਾਰ ਤੋਂ ਆਸ ਹੈ ਕੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰੇਗੀ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


Anuradha

Content Editor

Related News