ਸਰਦੀਆਂ ਵਿੱਚ ਚਮੜੀ ਨੂੰ ਨਰਮ ਅਤੇ ਖ਼ੂਬਸੂਰਤ ਬਣਾ ਦੇਣਗੇ ਇਹ ਘਰੇਲੂ ਨੁਸਖੇ : ਸ਼ਹਿਨਾਜ਼ ਹੁਸੈਨ

11/17/2022 6:49:30 PM

ਜਲੰਧਰ- ਸਰਦੀਆਂ ਆਉਂਦੇ ਹੀ ਚਮੜੀ ਖੁਸ਼ਕ ਨਜ਼ਰ ਆਉਣ ਲੱਗਦੀ ਹੈ ਕਿਉਂਕਿ ਹਵਾ ਵਿੱਚ ਨਮੀ ਘੱਟ ਹੋਣ ਕਾਰਨ ਚਮੜੀ ਵਿੱਚ ਨਮੀ ਦੀ ਕਮੀ ਵੀ ਹੋ ਜਾਂਦੀ ਹੈ। ਚਮੜੀ ਦੀ ਨਮੀ ਨੂੰ ਬਣਾਈ ਰੱਖਣ ਲਈ ਕੁਝ ਉਪਾਅ ਕਰਨੇ ਬਹੁਤ ਜ਼ਰੂਰੀ ਹੋ ਜਾਂਦੇ ਹਨ ਜਿਵੇਂ ਕਿ ਚਮੜੀ ਨੂੰ ਵਧੀਆ ਤਰੀਕੇ ਨਾਲ ਮੋਇਸਚਰਾਈਜ਼ ਕਰਨਾ। ਅਜਿਹਾ ਨਾ ਕਰਨ 'ਤੇ ਨਮੀ ਦੀ ਕਮੀ ਕਾਰਨ ਚਮੜੀ ਦੇ ਬਹੁਤ ਜ਼ਿਆਦਾ ਖੁਸ਼ਕ ਹੋ ਜਾਣ ਦੀ ਸਮੱਸਿਆ ਹੋ ਸਕਦੀ ਹੈ। ਚਮੜੀ ਦੀ ਚਮਕ ਅਤੇ ਆਕਰਸ਼ਣ ਨੂੰ ਬਣਾਈ ਰੱਖਣ ਲਈ ਮੌਸਮ ਦੇ ਹਿਸਾਬ ਨਾਲ ਖੁਰਾਕ ਵਿਚ ਜ਼ਰੂਰੀ ਬਦਲਾਅ ਕਰਨੇ ਚਾਹੀਦੇ ਹਨ, ਜਿਸ ਦਾ ਸਿੱਧਾ ਅਸਰ ਚਮੜੀ 'ਤੇ ਦੇਖਣ ਨੂੰ ਮਿਲ ਜਾਵੇਗਾ। ਸਰਦੀਆਂ ਦੇ ਇਸ ਮੌਸਮ ਵਿੱਚ, ਤੁਹਾਨੂੰ ਆਪਣੀ ਚਮੜੀ ਨੂੰ ਨਰਮ ਅਤੇ ਆਕਰਸ਼ਕ ਬਣਾਈ ਰੱਖਣ ਲਈ ਕੁਝ ਰੁਟੀਨ ਦੀ ਪਾਲਣਾ ਕਰਨੀ ਚਾਹੀਦੀ ਹੈ ਤਾਂ ਜੋ ਤੁਹਾਡੀ ਕੁਦਰਤੀ ਸੁੰਦਰਤਾ ਬਰਕਰਾਰ ਰਹੇ। 

1. ਚਮੜੀ ਦੀ ਕਲੀਂਜ਼ਿੰਗ 

ਜੇਕਰ ਤੁਹਾਡੀ ਚਮੜੀ ਆਮ ਜਾਂ ਖੁਸ਼ਕ ਹੈ, ਤਾਂ ਸਵੇਰੇ ਅਤੇ ਰਾਤ ਨੂੰ ਆਪਣੀ ਚਮੜੀ ਨੂੰ ਕਲੀਂਜ਼ਿੰਗ ਕਰੀਮ ਜਾਂ ਜੈੱਲ ਨਾਲ ਸਾਫ਼ ਕਰੋ। ਰਾਤ 'ਚ ਮੇਕਅੱਪ ਅਤੇ ਹੋਰ ਪ੍ਰਦੂਸ਼ਕਾਂ ਨੂੰ ਹਟਾਉਣ ਲਈ ਕਲੀਂਜ਼ਿੰਗ ਬਹੁਤ ਜ਼ਰੂਰੀ ਹੈ। ਮੇਕਅੱਪ ਕਾਸਮੈਟਿਕਸ ਵੀ ਚਮੜੀ 'ਤੇ ਖੁਸ਼ਕੀ ਦਾ ਕਾਰਨ ਬਣਦੇ ਹਨ। ਕਲੀਂਜ਼ਰ ਨੂੰ ਹਲਕੇ ਹੱਥਾਂ ਨਾਲ ਚਮੜੀ 'ਤੇ ਮਸਾਜ ਕਰੋ ਅਤੇ ਰੂੰ ਨਾਲ ਇਸ ਨੂੰ ਹਟਾਓ ਦਿਓ। ਰੂੰ ਦੀ ਵਰਤੋਂ ਕਰਨ ਨਾਲ ਚਮੜੀ ਜ਼ਿਆਦਾ ਖੁਸ਼ਕ ਨਹੀਂ ਹੁੰਦੀ, ਕਿਉਂਕਿ ਰੂੰ ਚਮੜੀ ਨਾਲੋਂ ਜ਼ਿਆਦਾ ਨਮੀ ਨੂੰ ਨਹੀਂ ਸੋਖਦਾ। ਹਰ ਸਵੇਰ ਰੋਜ਼ਾਨਾ ਕਲੀਂਜ਼ਿੰਗ ਕਰਨ ਤੋਂ ਬਾਅਦ ਸਕਿਨ ਟੌਨਿਕ ਜਾਂ ਗੁਲਾਬ ਜਲ ਨਾਲ ਚਮੜੀ ਨੂੰ ਟੋਨ ਕਰੋ। ਰੂੰ ਨਾਲ ਚਮੜੀ ਨੂੰ ਪੂੰਝੋ ਅਤੇ ਤੇਜ਼ੀ ਨਾਲ ਥਪਥਪਾਓ। 

2. ਤਰਲ ਮੋਇਸਚਰਾਈਜ਼ਰ

ਦਿਨ 'ਚ ਧੁੱਪ 'ਚ ਨਿਕਲਣ ਤੋਂ ਪਹਿਲਾਂ ਸਨਸਕ੍ਰੀਨ ਦੀ ਵਰਤੋਂ ਕਰੋ। ਸੂਰਜ ਦੀ ਰੌਸ਼ਨੀ ਦੇ ਸੰਪਰਕ 'ਚ ਆਉਣ ਨਾਲ ਚਮੜੀ 'ਚ ਨਮੀ ਦੀ ਘਾਟ ਹੋ ਸਕਦੀ ਹੈ। ਜ਼ਿਆਦਾਤਰ ਸਨਸਕ੍ਰੀਨਾਂ ਵਿੱਚ ਮੋਇਸਚਰਾਈਜ਼ਰ ਹੁੰਦਾ ਹੈ। ਮੋਇਸਚਰਾਈਜ਼ਰ ਕ੍ਰੀਮੀ ਅਤੇ ਤਰਲ ਹੁੰਦੇ ਹਨ। ਬਹੁਤ ਜ਼ਿਆਦਾ ਖੁਸ਼ਕੀ ਹੋਣ 'ਤੇ ਕਰੀਮ ਦੀ ਵਰਤੋਂ ਕਰਨਾ ਯਕੀਨੀ ਬਣਾਓ। ਫਾਊਂਡੇਸ਼ਨ ਲਗਾਉਣ ਤੋਂ ਪਹਿਲਾਂ ਤਰਲ ਮੋਇਸਚਰਾਈਜ਼ਰ ਲਗਾਓ। ਜਦੋਂ ਵੀ ਚਮੜੀ ਖੁਸ਼ਕ ਲੱਗੇ ਤਾਂ ਤਰਲ ਮੋਇਸਚਰਾਈਜ਼ਰ ਲਗਾਓ।

3. ਨਾਈਟ ਕ੍ਰੀਮ ਦੀ ਕਰੋ ਵਰਤੋਂ 

ਚਮੜੀ 'ਤੇ ਚੰਗੀ ਨਾਈਟ ਕ੍ਰੀਮ ਲਗਾਓ। ਨਾਈਟ ਕ੍ਰੀਮ ਦੇ ਪੋਸ਼ਕ ਤੱਤ ਚਮੜੀ ਨੂੰ ਮੋਇਸਚਰਾਈਜ਼ ਅਤੇ ਨਰਮ ਰੱਖਦੇ ਹਨ। ਕਲੀਂਜ਼ਿੰਗ ਕਰਨ ਤੋਂ ਬਾਅਦ ਨਾਈਟ ਕ੍ਰੀਮ ਲਗਾਓ ਅਤੇ 3 ਤੋਂ 4 ਮਿੰਟ ਤੱਕ ਚਮੜੀ 'ਤੇ ਉੱਪਰ ਵੱਲ ਮਸਾਜ ਕਰੋ। ਫਿਰ ਰੂੰ ਨਾਲ ਕ੍ਰੀਮ ਨੂੰ ਪੂੰਝੋ। ਅੱਖਾਂ ਦੇ ਚਾਰੇ ਪਾਸੇ ਆਊਟਰ ਆਈ ਕ੍ਰੀਮ ਲਗਾਓ ਅਤੇ 10 ਮਿੰਟ ਬਾਅਦ ਰੂੰ ਨਾਲ ਇਸ ਨੂੰ ਪੂੰਝੋ।

4. ਆਇਲੀ ਚਮੜੀ ਦੀ ਦੇਖਭਾਲ

ਆਇਲੀ ਚਮੜੀ 'ਤੇ ਸਤਹੀ ਖੁਸ਼ਕੀ ਹੁੰਦੀ ਹੈ। ਚਿਹਰਾ ਧੋਣ ਤੋਂ ਬਾਅਦ ਚਮੜੀ ਖੁਸ਼ਕ ਲਗਦੀ ਹੈ ਪਰ ਆਇਲੀ ਹੁੰਦੀ ਹੈ। ਕ੍ਰੀਮ ਅਤੇ ਮੋਇਸਚਰਾਈਜ਼ਰ ਲਗਾਉਣ ਨਾਲ ਇਹ ਫੱਟ ਜਾਂਦੀ ਹੈ। ਅਜਿਹੇ 'ਚ ਕਲੀਂਜ਼ਿੰਗ ਮਿਲਕ ਜਾਂ ਫੇਸ ਵਾਸ਼ ਦੀ ਵਰਤੋਂ ਕਰੋ। ਜੇਕਰ ਖੁਸ਼ਕੀ ਹੈ ਤਾਂ ਹਲਕੇ ਮੋਇਸਚਰਾਈਜ਼ਿੰਗ ਲੋਸ਼ਨ ਦੀ ਵਰਤੋਂ ਕਰੋ। ਹਲਕਾ ਕਵਰੇਜ ਦੇਣ ਲਈ ਲਗਾਉਣ ਤੋਂ ਪਹਿਲਾਂ ਪਾਣੀ ਦੀ ਇੱਕ ਜਾਂ ਦੋ ਬੂੰਦ ਪਾਓ ਜਾਂ ਆਇਲ ਫ੍ਰੀ ਕ੍ਰੀਮ ਦੀ ਵਰਤੋਂ ਕਰੋ। ਰੋਜ਼ਾਨਾ 10 ਮਿੰਟਾਂ ਲਈ ਚਿਹਰੇ 'ਤੇ ਸ਼ਹਿਦ ਲਗਾਓ ਅਤੇ ਫਿਰ ਪਾਣੀ ਨਾਲ ਧੋ ਲਵੋ, ਇਸ ਨਾਲ ਸਤਹ ਦੀ ਖੁਸ਼ਕੀ ਦੂਰ ਹੋ ਜਾਵੇਗੀ।


5. ਬਦਾਮ ਦੇ ਤੇਲ ਨਾਲ ਆਪਣੇ ਬੁੱਲ੍ਹਾਂ ਦੀ ਕਰੋ ਮਾਲਿਸ਼ 

ਬੁੱਲ੍ਹਾਂ ਦੀ ਚਮੜੀ ਬਹੁਤ ਪਤਲੀ ਹੁੰਦੀ ਹੈ ਅਤੇ ਇਸ ਵਿੱਚ ਤੇਲ ਪੈਦਾ ਕਰਨ ਵਾਲੀਆਂ ਗ੍ਰੰਥੀਆਂ ਨਹੀਂ ਹੁੰਦੀਆਂ। ਇਸ ਲਈ ਇਹ ਆਸਾਨੀ ਨਾਲ ਸੁੱਕ ਜਾਂਦੇ ਹਨ ਅਤੇ ਫਟ ਜਾਂਦੇ ਹਨ। ਕਲੀਂਜਿੰਗ ਦੇ ਬਾਅਦ ਬੁੱਲ੍ਹਾਂ 'ਤੇ ਬਦਾਮ ਦੀ ਕ੍ਰੀਮ ਜਾਂ ਬਦਾਮ ਦਾ ਤੇਲ ਲਗਾਓ ਅਤੇ ਰਾਤ ਭਰ ਲੱਗਾ ਰਹਿਣ ਦਿਓ। ਇਸ ਨਾਲ ਚਮੜੀ ਨਰਮ ਹੁੰਦੀ ਹੈ। ਨਾਲ ਹੀ ਲਿਪ ਬਾਮ ਦੀ ਵੀ ਵਰਤੋਂ ਕਰੋ।

ਇਨ੍ਹਾਂ ਘਰੇਲੂ ਨੁਸਖਿਆਂ ਨਾਲ ਵਧਾਓ ਚਮੜੀ ਦੀ ਕੁਦਰਤੀ ਚਮਕ 

1.  ਰੋਜ਼ ਦਸ ਮਿੰਟ ਚਿਹਰੇ 'ਤੇ ਸ਼ਹਿਦ ਲਗਾਉਣ ਤੋਂ ਬਾਅਦ ਪਾਣੀ ਨਾਲ ਧੋ ਲਓ। ਇਹ ਖੁਸ਼ਕੀ ਨੂੰ ਦੂਰ ਕਰਦਾ ਹੈ ਅਤੇ ਚਮੜੀ ਨੂੰ ਨਰਮ ਰੱਖਦਾ ਹੈ।
2.  ਖੁਸ਼ਕ ਚਮੜੀ ਲਈ, ਅੰਡੇ ਦੀ ਜ਼ਰਦੀ ਅਤੇ ਇੱਕ ਚਮਚ ਬਦਾਮ ਦਾ ਤੇਲ ਮਿਲਾਓ ਤੇ ਚਮੜੀ 'ਤੇ ਲਗਾਓ। ਆਇਲੀ ਚਮੜੀ ਲਈ ਅੰਡੇ ਦੀ ਸਫ਼ੈਦੀ ਅਤੇ ਥੋੜ੍ਹਾ ਜਿਹਾ ਨਿੰਬੂ ਦਾ ਰਸ ਮਿਲਾਓ ਤੇ ਚਿਹਰੇ ਦੀ ਚਮੜੀ 'ਤੇ ਲਗਾਓ। 

3.  ਅੱਧਾ ਚੱਮਚ ਸ਼ਹਿਦ, ਇੱਕ ਚੱਮਚ ਗੁਲਾਬ ਜਲ ਅਤੇ ਇੱਕ ਚੱਮਚ ਸੁੱਕੇ ਦੁੱਧ ਦਾ ਪਾਊਡਰ ਮਿਲਾਓ। ਇਸ ਦਾ ਪੇਸਟ ਬਣਾ ਕੇ ਚਿਹਰੇ 'ਤੇ ਲਗਾਓ ਅਤੇ 20 ਮਿੰਟ ਬਾਅਦ ਪਾਣੀ ਨਾਲ ਧੋ ਲਵੋ ।

4. ਸੇਬ ਨੂੰ ਬਲੈਂਡਰ ਵਿੱਚ ਪੀਸ ਲਓ। ਇਸ 'ਚ ਇਕ ਵੱਡਾ ਚਮਚ ਸ਼ਹਿਦ ਮਿਲਾਓ। ਇਸ ਨੂੰ ਚਿਹਰੇ 'ਤੇ ਮਾਸਕ ਦੀ ਤਰ੍ਹਾਂ ਲਗਾਓ ਅਤੇ 15 ਮਿੰਟ ਤੱਕ ਲੱਗਾ ਰਹਿਣ ਦਿਓ। ਫਿਰ ਠੰਡੇ ਪਾਣੀ ਨਾਲ ਧੋ ਲਓ। ਇਹ ਚਮੜੀ ਦੀਆਂ ਸਾਰੀਆਂ ਕਿਸਮਾਂ ਲਈ ਇੱਕ ਸ਼ਾਨਦਾਰ ਸਕਿਨ ਟੋਨਰ ਦਾ ਕੰਮ ਕਰੇਗਾ।

5. ਐਲੋਵੇਰਾ ਇੱਕ ਕੁਦਰਤੀ ਮੋਇਸਚਰਾਈਜ਼ਰ ਹੈ। ਐਲੋਵੇਰਾ ਜੈੱਲ ਨੂੰ ਰੋਜ਼ਾਨਾ ਚਿਹਰੇ 'ਤੇ ਲਗਾਓ ਅਤੇ 20 ਮਿੰਟ ਬਾਅਦ ਸਾਦੇ ਪਾਣੀ ਨਾਲ ਧੋ ਲਓ। ਜੇਕਰ ਤੁਹਾਡੇ ਘਰ 'ਚ ਐਲੋਵੇਰਾ ਦਾ ਬੂਟਾ ਹੈ ਤਾਂ ਜੈੱਲ ਜਾਂ ਜੂਸ ਨੂੰ ਸਿੱਧਾ ਚਮੜੀ 'ਤੇ ਲਗਾਓ।

ਲੇਖਕਾ ਇੱਕ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਸੁੰਦਰਤਾ ਮਾਹਿਰ ਵਜੋਂ ਜਾਣੀ ਜਾਂਦੀ ਹੈ ਅਤੇ ਹਰਬਲ ਕੁਈਨ ਵਜੋਂ ਮਸ਼ਹੂਰ ਹੈ


Tarsem Singh

Content Editor

Related News