Parenting: ਨਵੇਂ ਸਾਲ ’ਤੇ ਬੱਚਿਆਂ ਨੂੰ ਸਿਖਾਓ ਚੰਗੀਆਂ ਆਦਤਾਂ

12/31/2021 4:14:07 PM

ਲਾਈਫ ਸਟਾਈਲ- ਆਧੁਨਿਕ ਜੀਵਨ ਸ਼ੈਲੀ ਨੇ ਬੱਚਿਆਂ ਦਾ ਰਹਿਣ-ਸਹਿਣ ਅਤੇ ਵਤੀਰੇ ਨੂੰ ਕਾਫੀ ਬਦਲ ਦਿੱਤਾ ਹੈ। ਇਨ੍ਹਾਂ ਤਬਦੀਲੀਆਂ ’ਚ ਬੱਚਿਆਂ ਦੀਆਂ ਆਦਤਾਂ ਦੇ ਨਾਲ ਹੀ ਨੈਤਿਕ ਵਤੀਰਾ ਵੀ ਸ਼ਾਮਲ ਹੈ। ਬੁਰੀਆਂ ਆਦਤਾਂ ਜਿਥੇ ਬੱਚਿਆਂ ਦੇ ਵਿਕਾਸ ’ਤੇ ਬੁਰਾ ਅਸਰ ਪਾ ਰਹੀਆਂ ਹਨ, ਉਥੇ ਚਰਿੱਤਰ ਨਿਰਮਾਣ ’ਚ ਵੀ ਰੁਕਾਵਟ ਪਾ ਰਹੀਆਂ ਹਨ। ਅਜਿਹੇ ’ਚ ਪੈਰੇਂਟਸ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਪਿਆਰ ਅਤੇ ਸਮਝਦਾਰੀ ਤੋਂ  ਕੰਮ ਲੈਂਦੇ ਹੋਏ ਬੱਚਿਆਂ ਦੇ ਸੰਪੂਰਨ ਵਿਕਾਸ ਲਈ ਕੁਝ ਸਾਰਥਕ ਕਦਮ ਚੁੱਕਣ। ਇਨ੍ਹਾਂ ਕੋਸ਼ਿਸ਼ਾਂ ’ਚ ਉਹ ਬੱਚਿਆਂ ਨੂੰ ਨਵੇਂ ਸਾਲ ’ਤੇ ਕੁਝ ਚੰਗੀਆਂ ਗੱਲਾਂ ਅਤੇ ਆਦਤਾਂ ਸਿਖਾਓ। ਇਥੇ ਇਸ ਨਾਲ ਜੁੜੇ ਕੁਝ ਸੁਝਾਅ ਦੱਸੇ ਗਏ ਹਨ-
ਜੰਕ ਫੂਡ ਨੂੰ ਅਲਵਿਦਾ

ਬੱਚੇ ਬੁਰੀਆਂ ਆਦਤਾਂ ਬਹੁਤ ਘੱਟ ਉਮਰ ’ਚ ਸਿੱਖ ਜਾਂਦੇ ਹਨ। ਕੁਝ ਆਦਤਾਂ ਸਮੇਂ ਨਾਲ ਖਤਮ ਹੋ ਜਾਂਦੀਆਂ ਹਨ, ਉਥੇ ਕੁਝ ਆਦਤਾਂ ਕਦੇ ਨਹੀਂ ਜਾਂਦੀਆਂ। ਅੱਜਕਲ ਬੱਚੇ ਜੰਕ ਫੂਡ ਦੇ ਸ਼ੌਕੀਨ ਬਣਦੇ ਜਾ ਰਹੇ ਹਨ। ਇਸ ਨੂੰ ਪੱਛਮੀ ਸੰਸਿਤੀ ਦਾ ਪ੍ਰਭਾਵ ਵੀ ਕਹਿ ਸਕਦੇ ਹਾਂ ਜਾਂ ਪੈਰੇਂਟਸ ਦੀ ਗਲਤੀ ਪਰ ਇਸਦਾ ਸਭ ਤੋਂ ਵੱਧ ਅਸਰ ਬੱਚਿਆਂ ਦੇ ਸਰੀਰਕ ਤੇ ਮਾਨਸਿਕ ਵਿਕਾਸ ਪੈ ਰਿਹਾ ਹੈ। ਜੰਕ ਫੂਡ ਬੱਚਿਆਂ ’ਚ ਐਲਰਜੀ ਦਾ ਕਾਰਣ ਬਣ ਰਿਹਾ ਹੈ। ਬੱਚਿਆਂ ਦੀਆਂ ਹੱਡੀਆਂ ਕਮਜ਼ੋਰ ਹੋ ਰਹੀਆਂ ਹਨ ਅਤੇ ਸਰੀਰ ’ਚ ਕਾਫੀ ਜ਼ਿਆਦਾ ਟ੍ਰਾਂਸ ਫੈਟ ਹੋਣ ਕਾਰਨ ਉਹ ਮੋਟਾਪੇ ਵਰਗੀ ਗੰਭੀਰ ਸਮੱਸਿਆ ਤੋਂ ਪੀੜਤ ਹੋ ਰਹੇ ਹਨ। ਇਸ ਲਈ ਜ਼ਰੂਰੀ ਹੈ ਕਿ ਆਉਣ ਵਾਲੇ ਨਵੇਂ ਸਾਲ ’ਚ ਮਾਪੇ ਬੱਚਿਆਂ ਦੀ ਜੰਕ ਫੂਡ ਖਾਣ ਦੀ ਆਦਤ ਛੁਡਵਾਉਣ। ਉਸ ਦੀ ਜਗ੍ਹਾ ਉਹ ਉਨ੍ਹਾਂ ’ਚ ਹੌਲੀ-ਹੌਲੀ ਸਲਾਦ ਅਤੇ ਫਲ ਦੀ ਆਦਤ ਪਾਉਣ। ਨਾਲ ਹੀ ਉਹ ਬੱਚਿਆਂ ਨੂੰ ਪੇਂਟਿੰਗ ਜਾਂ ਖੇਡ-ਖੇਡ ’ਚ ਜੰਕਫੂਡ ਦੇ ਨੁਕਸਾਨ ਦੱਸਣ।
ਮੋਬਾਇਲ ਅਤੇ ਗੈਜੇਟਸ ਤੋਂ ਦੂਰੀ
ਜ਼ਿਆਦਾਤਰ ਬੱਚਿਆਂ ਨੂੰ ਮੋਬਾਇਲ ਅਤੇ ਹੋਰ ਗੈਜੇਟਸ ਦੀ ਬਹੁਤ ਬੁਰੀ ਆਦਤ ਲੱਗ ਚੁੱਕੀ ਹੈ। ਇਸਦੇ ਜ਼ਿੰਮੇਵਾਰ ਖੁਦ ਪੇਰੈਂਟਸ ਹਨ। ਜਦੋਂ ਬੱਚਾ ਖਾਣਾ ਨਹੀਂ ਖਾਂਦਾ ਜਾਂ ਹੋਮ ਵਰਕ ਨਹੀਂ ਕਰਦਾ ਤਾਂ ਉਹ ਉਸਨੂੰ ਮੋਬਾਇਲ ’ਤੇ ਵੀਡੀਓ ਗੇਮ ਦੇਖਣ ਜਾਂ ਕਾਰਟੂਨ ਦੇਖਣ ਦਾ ਲਾਲਚ ਦਿੰਦੇ ਹਨ, ਜੋ ਹੌਲੀ-ਹੌਲੀ ਉਨ੍ਹਾਂ ਦੀ ਆਦਤ ਬਣਦੀ ਜਾਂਦੀ ਹੈ। ਫਿਰ ਬੱਚਾ ਇਨ੍ਹਾਂ ਚੀਜ਼ਾਂ ਲਈ ਜਿੱਦ ਕਰਨ ਲੱਗਦਾ ਹੈ। ਇਸ ਲਈ ਜ਼ਰੂਰੀ ਹੈ ਕਿ ਮਾਤਾ-ਪਿਤਾ ਅਜਿਹੀ ਆਦਤ ਵਿਕਸਤ ਕਰਨ ਕਿ ਉਨ੍ਹਾਂ ਦਾ ਬੱਚਾ ਗੈਜੇਟਸ ਦੀ ਘੱਟ ਤੋਂ ਘੱਟ ਵਰਤੋਂ ਕਰੇ। ਪੇਰੈਂਟਸ ਉਨ੍ਹਾਂ ਨੂੰ ਸਮਝਾਉਣ ਕਿ ਗੈਜੇਟਸ ਦੀ ਜ਼ਿਆਦਾ ਵਰਤੋਂ ਉਨ੍ਹਾਂ ਦੀ ਸਿਹਤ ਕਿਸ ਤਰ੍ਹਾਂ ਪ੍ਰਭਾਵਿਤ ਕਰਦੀ ਹੈ।
ਮਾਣ-ਸਨਮਾਨ ਦੀ ਆਦਤ
ਆਧੁਨਿਕਤਾ ਦੇ ਦੌਰ ’ਚ ਬੱਚਿਆਂ ਦਾ ਚਰਿੱਤਰ ਨਿਰਮਾਣ ਅਤੇ ਨੈਤਿਕ ਵਿਕਾਸ ਵੀ ਦੱਬ ਕੇ ਰਹਿ ਗਿਆ ਹੈ। ਬੱਚਿਆਂ  ਦਾ ਗੈਜੇਟਸ ਪਿਆਰ ਇੰਨਾ  ਵੱਧ ਗਿਆ ਹੈ ਕਿ ਮਾਤਾ-ਪਿਤਾ ਅਤੇ ਘਰ ਦੇ ਵੱਡੇ-ਬਜ਼ੁਰਗ ਦੀ ਹਰ ਗੱਲ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ। ਵੱਡਿਆਂ ਦਾ ਮਾਣ-ਸਨਮਾਨ ਨਾ ਕਰਨਾ ਉਨ੍ਹਾਂ ਦੀਆਂ ਆਦਤਾਂ ’ਚ ਸ਼ਾਮਲ ਹੋ ਚੁੱਕਾ ਹੈ। ਦਾਦਾ-ਦਾਦੀ ਦੀ ਕਹਾਣੀ ਜਾਂ ਉਨ੍ਹਾਂ ਦੇ ਪ੍ਰੇਰਕ ਕਿੱਸੇ ਸੁਣਨ  ਦੀ ਬਜਾਏ ਉਹ ਆਪਣਾ ਸਮਾਂ ਮੋਬਾਇਲ ਜਾਂ ਵੀਡੀਓ ਗੇਮਜ਼ ’ਚ ਬਿਤਾਉਣਾ ਪਸੰਦ ਕਰਦੇ ਹਨ। ਬੱਚਿਆਂ ਦੀ ਇਸ ਆਦਤ ਨੂੰ ਬਦਲਣ ਲਈ ਜ਼ਰੂਰੀ ਹੈ ਕਿ ਮਾਤਾ-ਪਿਤਾ ਸ਼ੁਰੂ ਤੋਂ ਹੀ ਉਨ੍ਹਾਂ ਨੂੰ ਵੱਡਿਆਂ ਦਾ ਆਦਰ ਕਰਨਾ ਸਿਖਾਉਣ । ਉਹ ਉਨ੍ਹਾਂ ਨੂੰ ਦੱਸਣ ਕਿ ਜ਼ਿੰਦਗੀ ’ਚ ਰਿਸ਼ਤੇ ਦੀ ਕੀ ਅਹਿਮੀਅਤ ਹੈ ਅਤੇ ਰਿਸ਼ਤੇ ਕਿਉਂ ਜ਼ਰੂਰੀ ਹਨ। ਮਾਤਾ-ਪਿਤਾ ਨੂੰ ਇਹ ਵੀ ਧਿਆਨ ਰੱਖਣ ਦੀ ਲੋੜ ਹੈ ਕਿ ਉਹ ਕਦੇ ਵੀ ਬੱਚਿਆਂ ਦੇ ਸਾਹਮਣੇ ਆਪਣੇ ਤੋਂ ਵੱਡਿਆਂ ਦੇ ਨਾਲ ਬੁਰਾ ਵਤੀਰਾ ਨਾ ਕਰਨ।
ਆਊਟਡੋਰ ਖੇਡਾਂ ’ਚ ਵਧਾਓ ਦਿਲਚਸਪੀ
ਹੁਣ ਜ਼ਿਆਦਾਤਰ ਬੱਚੇ ਪਾਰਕ ਜਾਂ ਖੇਡ ਦੇ ਮੈਦਾਨ ’ਚ ਨਹੀਂ ਸਗੋਂ ਗੈਜੇਟਸ ’ਤੇ ਸਮਾਂ ਬਿਤਾਉਣ ਲੱਗੇ ਹਨ। ਉਹ ਆਊਟਡੋਰ ਗੇਮਸ ਭੁੱਲਦੇ ਜਾ ਰਹੇ ਹਨ। ਇਸ ਦੇ ਜ਼ਿੰਮੇਵਾਰ ਖੁਦ ਮਾਤਾ-ਪਿਤਾ ਹਨ। ਸਮੇਂ ਦੀ ਕਮੀ ਜਾਂ ਬਿਜ਼ੀ ਲਾਈਫ ਦੀ ਵਜ੍ਹਾ ਨਾਲ ਉਹ ਬੱਚਿਆਂ ਨੂੰ ਬਾਹਰ ਨਹੀਂ ਲੈ ਕੇ ਜਾਂਦੇ ਹਨ ਨਾ ਜਾਣ ਲਈ ਪ੍ਰੇਰਿਤ ਕਰਦੇ ਹਨ। ਇਸ ਨਵੇਂ ਸਾਲ ਤੁਸੀਂ ਆਪਣੇ ਬੱਚਿਆਂ ਨੂੰ ਗੇਮਜ਼ ਵਰਗੇ ਕਿੱਟ, ਬੈਡਮਿੰਟਨ ਅਤੇ ਦੂਸਰੀ ਖੇਡ ਖੇਡਣ ਲਈ ਪ੍ਰੇਰਿਤ ਕਰੋ। ਆਊਟਡੋਰ ਖੇਡਾਂ ਨਾਲ ਜਿਥੇ ਬੱਚਿਆਂ ਦੇ ਨਵੇਂ  ਦੋਸਤ ਬਣਨਗੇ, ਉਥੇ ਉਨ੍ਹਾਂ ਦੀ ਸਿਹਤ ਵੀ ਚੰਗੀ ਰਹੇਗੀ।
ਛੁਡਾਓ ਵੱਡੀ ਡਿਮਾਂਡ ਦੀ ਜ਼ਿੱਦ
ਅਕਸਰ ਬੱਚੇ ਖਿਡੌਣਿਆਂ ਲਈ ਜ਼ਿੱਦ ਕਰਦੇ ਹਨ, ਇਸ ਨਾਲ ਉਨ੍ਹਾਂ ਦੀਆਂ ਬਣਾਉਣ ’ਚ ਕਿਤੇ ਨਾ ਕਿਤੇ ਮਾਪੇ ਵੀ ਜਿੰਮੇਵਾਰ ਹੁੰਦੇ ਹਨ। ਮਾਤਾ-ਪਿਤਾ ਆਪਣਾ ਪਿੱਛਾ ਛੁਡਾਉਣ ਲਈ ਕਈ ਵਾਰ ਬੱਚਿਆਂ ਨੂੰ ਪੂਰੀ ਨਾ ਕੀਤੀ ਜਾਣ ਵਾਲੀ ਡਿਮਾਂਡ ਵੀ ਪੂਰੀ ਕਰਨ ਲਗਦੇ ਹਨ। ਜਿਸ ਕਾਰਨ ਬੱਚੇ ਜ਼ਿੱਦੀ ਹੁੰਦੇ ਜਾਂਦੇ ਹਨ। ਨਵੇਂ ਸਾਲ ’ਤੇ ਮਾਪੇ ਬੱਚਿਆਂ ਨੂੰ ਇਹ ਕਹਿ ਕੇ ਸਮਝਾਉਣ ਕਿ ਜੇਕਰ ਉਹ ਪ੍ਰੀਖਿਆ ’ਚ ਚੰਗੇ ਨੰਬਰ ਲੈ ਆਉਣਗੇ ਜਾਂ ਫਿਰ ਕੋਈ ਕਿਤਾਬ ਪੜ੍ਹ ਕੇ ਜਲਦੀ ਖਤਮ ਕਰ ਦੇਣਗੇ ਤਾਂ ਉਨ੍ਹਾਂ ਨੂੰ ਕੋਈ ਗਿਫਟ ਮਿਲੇਗਾ। ਅਜਿਹਾ ਕਰਨ ਨਾਲ ਬੱਚਿਆਂ ’ਚ ਚੰਗੀਆਂ ਆਦਤਾਂ ਵਿਕਸਤ ਹੋਣਗੀਆਂ ਤੇ ਸਹੀ ਸਮੇਂ ’ਤੇ ਉਨ੍ਹਾਂ ਚੀਜਾਂ ਦੀ ਮੰਗ ਕਰਨਗੇ।

Aarti dhillon

This news is Content Editor Aarti dhillon