ਸਫਲਤਾ ਦਾ ਮੰਤਰ ਹੈ ਨਵੇਂ ਰਾਹਾਂ ਦੀ ਤਲਾਸ਼

04/13/2020 11:23:10 AM

ਡਾ: ਹਰਜਿੰਦਰ ਵਾਲੀਆ

ਜ਼ਿੰਦਗੀ ਵਿਚ ਹਰ ਵਿਅਕਤੀ ਕਾਮਯਾਬੀ ਚਾਹੁੰਦਾ ਹੈ। ਹਰ ਮਨੁੱਖ ਚਾਹੁੰਦਾ ਹੈ ਕਿ ਉਹ ਸਫਲਤਾ ਦੇ ਸਿਖਰ 'ਤੇ ਪਹੁੰਚੇ।ਸਫਲ ਹੋਣ ਲਈ ਜ਼ਰੂਰੀ ਹੁੰਦਾ ਹੈ ਕਿ ਤੁਹਾਡੇ ਅੰਦਰ ਆਪਣੇ ਖੇਤਰ ਵਿਚ ਸਰਵੋਤਮ ਸਥਾਨ ਹਾਸਲ ਕਰਨ ਦੀ ਇੱਛਾ ਹੋਵੇ। ਕਿਸੇ ਨੇ ਕਿਹਾ ਹੈ ਕਿ ਅਸੀਂ ਸਾਰੇ ਇਕੋ ਹੀ ਅਸਮਾਨ ਹੇਠ ਰਹਿੰਦੇ ਹਾਂ ਪਰ ਸਾਡਾ ਸਭ ਦਾ ਅਸਮਾਨ ਇਕੋ ਜਿਹਾ ਨਹੀ ਹੈ। ਸਫਲ ਮਨੁੱਖਾਂ ਦੇ ਅਸਮਾਨ ਵਿਚ ਸੂਰਜ ਹਮੇਸ਼ਾ ਚਮਕਦਾ ਨਜ਼ਰੀ ਪੈਂਦਾ ਹੈ, ਰਾਤਾਂ ਨੂੰ ਤਾਰੇ ਟਿਮਟਿਮਾਉਂਦੇ ਰਹਿੰਦੇ ਹਨ। ਅਜਿਹੇ ਮਨੁੱਖਾਂ ਦੇ ਜੀਵਨ ਵਿਚ ਮੱਸਿਆ ਨਹੀਂ ਆਉਂਦੀ।ਸਫਲਤਾ ਦਾ ਅਰਥ ਹੈ ਜਿੱਤਣਾ। ਹਰ ਮੈਦਾਨ ਵਿਚ ਫਤਿਹ ਪਾਉਣਾ। ਸਫਲਤਾ ਦਾ ਅਰਥ ਹੈ ਅਮੀਰੀ। ਸਫਲਤਾ ਦਾ ਅਰਥ ਹੈ ਦੌਲਤ, ਸ਼ੋਹਰਤ ਅਤੇ ਸੱਤਾ ਪ੍ਰਾਪਤ ਕਰਨਾ। ਸਫਲਤਾ ਦਾ ਅਰਥ ਹੈ ਹਰ ਕਿਸਮ ਦਾ ਸੁਖ, ਹਰ ਕਿਸਮ ਦੀ ਸੁਵਿਧਾ/ਸਫਲਤਾ ਦਾ ਅਰਥ ਸਮਾਜ ਵਿਚ ਇੱਜਤ ਪਾਉਣਾ, ਪ੍ਰਸੰਸਾ ਜਿੱਤਣਾ, ਆਰਥਿਕ ਸੁਰੱਖਿਆ ਹਾਸਲ ਕਰਨਾ, ਆਤਮ ਸਨਮਾਨ ਨਾਲ ਜ਼ਿੰਦਗੀ ਵਿਚ ਅੱਗੇ ਵਧਦੇ ਜਾਣਾ ਸਫਲਤਾ ਦਾ ਅਰਥ ਖੁਸ਼ੀ ਪ੍ਰਾਪਤ ਕਰਨਾ। 

ਸਫਲਦਾ ਦਾ ਅਰਥ ਹੈ ਅਨੰਦਮਈ ਜ਼ਿੰਦਗੀ। ਸਫਲਤਾ ਦਾ ਅਰਥ ਹੈ ਸਮਾਜ ਲਈ ਕੁਝ ਚੰਗਾ ਕਰ ਸਕਣ ਦੇ ਸਮਰੱਥ ਹੋਣਾ। ਸਫਲ ਹੋਣਾ ਤਾਂ ਹਰ ਕੋਈ ਚਾਹੁੰਦਾ ਹੈ ਪਰ ਸਫਲਤਾ ਕਿਵੇਂ ਮਿਲੇ। ਕਾਮਯਾਬੀ ਦਾ ਰਸਤਾ ਕਿਹੜਾ ਹੇ। ਕਿਹੜੇ ਹਨ ਸਫਲਤਾ ਦੇ ਸੂਤਰ, ਉਹ ਕੁਝ ਸਫਲ ਵਿਅਕਤੀ ਹੀ ਜਾਣ ਸਕੇ ਹਨ। ਸਫਲ ਹੋਣ ਲਈ ਜ਼ਰੂਰੀ ਹੈ ਕਿ ਤੁਹਾਡੇ ਅੰਦਰ ਆਪਣੇ ਖੇਤਰ ਵਿਚ ਸਰਵੋਤਮ ਸਥਾਨ ਹਾਸਲ ਕਰਨ ਦੀ ਇੱਛਾ ਸ਼ਕਤੀ ਹੋਵੇ। ਸਫਲ ਵਿਅਕਤੀ ਇਸ ਲਈ ਸਫਲ ਹੁੰਦੇ ਹਨ, ਕਿਉਂਕਿ ਉਹ ਦ੍ਰਿੜ੍ਹ ਨਿਸਚੇ ਦੇ ਧਨੀ ਹੁੰਦੇ ਹਨ। ਸਫਲ ਵਿਅਕਤੀ ਆਤਮ ਵਿਸ਼ਵਾਸ ਦੀ ਪੌੜੀ ਫੜ ਕੇ ਸਫਲਤਾ ਦੀ ਟੀਸੀ 'ਤੇ ਪਹੁੰਚ ਜਾਂਦੇ ਹਨ। ਸਫਲ ਆਦਮੀਆਂ ਨੂੰ ਜਿੱਤਣ ਦੀ ਆਦਤ ਪੈ ਜਾਂਦੀ ਹੈ, ਉਹ ਜਿੱਤਣ ਲਈ ਖੇਡਦੇ ਹਨ, ਹਾਰ ਤੋਂ ਬਚਣ ਲਈ ਨਹੀਂ ਖੇਡਦੇ। ਉਂਝ ਉਹਨਾਂ ਨੂੰ ਪਤਾ ਹੁੰਦਾ ਹੈ ਕਿਲਸਫਲਤਾ ਦੀ ਕੋਈ ਸਿਖਰ ਨਹੀਂ ਹੁੰਦੀ ਅਤੇ ਸਫਲਤਾ ਕਦੇ ਜਾਨ ਲੇਵਾ ਨਹੀਂ ਹੋ ਸਕਦੀ, ਚਲਦੇ ਰਹਿਣ ਦਾ ਹੌਂਸਲਾ ਹੀ ਸਭ ਤੋਂ ਮਹੱਤਵਪੂਰਨ ਹੁੰਦਾ ਹੈ। 

ਮਾਹੀਕਲ ਕਿਰਈ ਦਾ ਕਥਨ ਹੈ ਕਿ ਜਦੋਂ ਤੱਕ ਮੇਰੇ ਅੰਦਰ ਸਫਲਤਾ ਪ੍ਰਾਪਤ ਕਰਨ ਦੀ ਇੱਛਾ ਪ੍ਰਬੱਲ ਹੈ, ਅਸਫਲਤਾ ਮੇਰੇ ਉਪਰ ਹਾਵੀ ਨਹੀਂ ਹੋ ਸਕਦੀ। ਅੱਖਾਂ ਖੁੱਲ੍ਹੀਆਂ ਹੋਣ ਤਾਂ ਰਾਹ ਲੱਭ ਪੈਂਦੇ ਹਨ ਅਤੇ ਮੰਜ਼ਿਲ ਉਤੇ ਪਹੁੰਚਣਾ ਕਠਿਨ ਨਹੀਂ ਰਹਿੰਦਾ। ਜਿਹੜੇ ਲੋਕ ਆਪਣੀਆਂ ਸੀਮਾਵਾਂ ਦੀ ਬਜਾਏ ਸਮਰੱਥਾਵਾਂ ਉਤੇ ਧਿਆਨ ਕੇਂਦਰਿਤ ਕਰਦੇ ਹਨ, ਉਹੀ ਸਦਾ ਸੁਨਹਿਰੇ ਭਵਿੱਖ ਦੇ ਸਿਰਜਕ ਬਣਦੇ ਹਨ। ਅਜਿਹੇ ਲੋਕ ਪੁਰਾਣੇ ਅਤੇ ਘਸੇ ਪਿਟੇ ਰਾਹਾਂ ਤੇ ਨਹੀਂ ਤੁਰਦੇ ਸਗੋਂ ਨਵੇਂ ਰਾਹਾਂ ਦੀ ਤਲਾਸ਼ ਕਰਦੇ ਹਨ। ਅਜਿਹੇ ਲੋਕਾਂ ਬਾਰੇ ਹੀ ਸੁਰਜੀਤ ਪਾਤਰ ਲਿਖਦਾ ਹੈ: ਮੈਂ ਰਾਹਾਂ 'ਤੇ ਨਹੀਂ ਤੁਰਦਾ, ਮੈਂ ਤੁਰਦਾ ਤਾਂ ਰਾਹ ਬਣਦੇ ਯੁੱਗਾਂ ਤੋਂ ਆਉਂਦੇ ਕਾਫਲੇ ਇਸਦੇ ਗਵਾਹ ਬਣਦੇ। ਸਫਲਤਾ ਦਾ ਵੱਡਾ ਮੰਤਰ ਨਵਾਂ ਵਿਚਾਰ ਅਤੇ ਨਵੀਂ ਸੋਚ ਸਫਲਤਾ ਅਕਸਰ ਉਹਨਾਂ ਲੋਕਾਂ ਨੂੰ ਮਿਲਦੀ ਹੈ ਜੋ ਕਠਿਨਾਈ ਭਰੇ ਨਵੇਂ ਰਾਹ ਤਲਾਸ਼ਦੇ ਹਨ। ਅਜਿਹਾ ਹੀ ਇਕ ਨਾਮ ਕਿੰਗ ਸੀ ਜਿਲੇਟ ਦਾ ਆਉਂਦਾ ਹੈ। ਜਿਲੇਟ ਨੇ ਆਪਣੀ ਜ਼ਿੰਦਗੀ ਇਕ ਹਾਰਡਵੇਅਰ ਕੰਪਨੀ ਵਿਚ ਕਲਰਕ ਦੇ ਰੂਪ ਵਿਚ ਸ਼ੁਰੂ ਕੀਤੀ ਸੀ। ਉਸ ਸਮੇਂ ਉਸਦੀ ਉਮਰ ਸਿਰਫ 21 ਸਾਲ ਦੀ ਸੀ ਅਤੇ ਉਹ 28 ਵਰ੍ਹੇ ਸੇਲਜ਼ਮੈਨ ਰਹੇ। ਇਹਨਾਂ ਵਰ੍ਹਿਆਂ ਵਿਚ ਜਿਲੇਟ ਕੋਲ ਜ਼ਿਆਦਾ ਧਨ ਨਹੀਂ ਸੀ ਪਰ ਮਨ ਵਿਚ ਵੱਡੇ ਸੁਪਨੇ ਸਨ। ਉਹ ਅਮੀਰ ਬਣਨਾ ਚਾਹੁੰਦਾ ਸੀ ਪਰ ਨਾ ਸਾਧਨ ਸੀ ਅਤੇ ਨਾ ਹੀ ਕੋਈ ਨਵਾਂ ਵਿਚਾਰ। ਬੱਸ ਸੀ ਤਾਂ ਆਤਮ ਵਿਸ਼ਵਾਸ ਅਤੇ ਅਮੀਰ ਬਣਨ ਦਾ ਸੁਪਨਾ। 

ਸੁਪਨਾ ਉਦੋਂ ਹੀ ਜ਼ਿੰਦਗੀ ਵਿਚ ਹਾਸਲ ਕੀਤੇ ਜਾਣ ਵਾਲੇ ਨਿਸ਼ਾਨੇ ਵਿਚ ਤਬਦੀਲ ਹੁੰਦਾ ਹੈ ਜਦੋਂ ਇਸਦੀ ਪੂਰਤੀ ਲਈ ਕਦਮ ਚੁੱਕੇ ਜਾਣ ਅਤੇ ਜਿਲੇਟ ਨੇ ਵੀ ਕਈ ਕਦਮ ਚੁੱਕੇ। ਉਹ ਇਕ ਸੇਲਜ਼ਮੈਨ ਸੀ, ਉਸਦੇ ਮਨ ਵਿਚ ਇਕ ਖਿਆਲ ਆਇਆ, ਕਿਉਂ ਨਾ ਕੋਈ ਅਜਿਹੀ ਚੀਜ਼ ਬਣਾਈ ਜਾਵੇ ਜੋ ਸਿਰਫ ਇਕ ਵਾਰੀ ਹੀ ਪ੍ਰਯੋਗ ਵਿਚ ਆ ਸਕੇ। ਇਸ ਤਰੀਕੇ ਨਾਲ ਉਹ ਚੀਜ਼ ਜ਼ਿਆਦਾ ਗਿਣਤੀ ਵਿਚ ਵਿਕ ਸਕੇਗੀ। ਹੁਣ ਸਵਾਲ ਸੀ ਕਿ ਅਜਿਹੀ ਕਿਹੜੀ ਚੀਜ਼ ਬਣਾਈ ਜਾਵੇ। ਜਦੋਂ ਤੁਹਾਨੂੰ ਮੰਜ਼ਿਲ ਦਾ ਪਤਾ ਲੱਗ ਜਾਵੇ, ਉਦੋਂ ਮੰਜ਼ਿਲ ਹੀ ਦੱਸ ਦੇਵੇਗੀ ਕਿ ਉਥੇ ਤੱਕ ਪਹੁੰਚਣ ਲਈ ਕਿਹੜਾ ਰਾਹ ਜਾਂਦਾ ਹੈ। ਜਦੋਂ ਤੁਸੀਂ ਕਿਸੇ ਚੀਜ਼ ਨੂੰ ਦਿਲੋਂ ਚਾਹੁੰਦੇ ਹੋ ਤਾਂ ਕੁਦਰਤ ਤੁਹਾਨੂੰ ਰਾਹ ਵੀ ਦੱਸਦੀ ਹੈ ਅਤੇ ਸਾਧਨ ਵੀ ਮੁਹੱਈਆ ਕਰਵਾ ਦਿੰਦੀ ਹੈ। ਅਜਿਹਾ ਕਿੰਗ ਸੀ ਜਿਲੇਟ ਨਾਲ ਵੀ ਹੋਇਆ। 1895 ਦੀ ਗੱਲ ਹੈ ਕਿ ਇਕ ਦਿਨ ਜਿਲੇਟ ਆਪਣੀ ਦਾੜ੍ਹੀ ਬਣਾ ਰਿਹਾ ਸੀ, ਉਸਨੂੰ ਬਲੇਡ ਬਣਾਉਣ ਦਾ ਵਿਚਾਰ ਆਇਆ। ਵਿਚਾਰ ਭਾਵੇਂ ਬਹੁਤ ਦਮਦਾਰ ਸੀ ਪਰ ਜਿਲੇਟ ਕੋਲ ਸਾਧਨ ਨਹੀਂ ਸਨ। ਮਸ਼ੀਨ ਨਹੀਂ ਸੀ, ਪੂੰਜੀ ਨਹੀਂ ਸੀ, ਸਿਰਫ ਦ੍ਰਿੜ੍ਹ ਨਿਸਚਾ ਸੀ।

1902 ਵਿਚ ਉਸਨੇ ਬੋਸਟਨ ਦੇ ਇਕ ਕਰੋੜਪਤੀ ਜਾਨ ਜਾਇਅਸ ਨੂੰ ਆਪਣੇ ਸ਼ੇਅਰ ਬਹੁਤ ਘੱਟ ਰੇਟ ਵਿਚ ਵੇਚ ਕੇ ਆਪਣਾ ਕੰਮ ਚਲਾਇਆ। ਆਰੰਭ ਵਿਚ ਲੋਕਾਂ ਨੇ ਇਹ ਬਲੇਡ ਖਰੀਦਣ ਵਿਚ ਦਿਲਚਸਪੀ ਨਹੀਂ ਦਿਖਾਈ। ਇਕ ਸਾਲ ਵਿਚ ਸਿਰਫ 51 ਰੇਜਰ ਹੀ ਵਿਕ ਸਕੇ। ਸਫਲਤਾ ਅਸਲ ਵਿਚ ਇਕ ਦ੍ਰਿਸ਼ਟੀਕੋਣ ਹੈ। ਯਤਨ ਕਰਦੇ ਰਹਿਣ ਦਾ ਹੌਂਸਲਾ ਹੀ ਸਭ ਤੋਂ ਮਹੱਤਵਪੂਰਨ ਹੈ। ਜਿਲੇਟ ਨੂੰ ਪਤਾ ਸੀ ਕਿ ਮੰਜ਼ਿਲ ਤੇ ਪਹੁੰਚਣ ਲਈ 'ਗਿਰਨਾ', ਗਿਰ ਕੇ ਉਠਣਾ ਅਤੇ ਉਠ ਕੇ ਚੱਲਣਾ' ਜ਼ਰੂਰੀ ਹੈ। ਉਸਨੇ ਉਸੇ ਤਰ੍ਹਾਂ ਹੀ ਕੀਤਾ। ਖੁਸ਼ਕਿਸਮਤੀ ਨਾਲ ਅਮਰੀਕੀ ਪੇਟੈਂਟ ਦਫਤਰ ਨੇ ਜਿਲੇਟ ਨੂੰ ਰੇਜਰ ਦੇ ਅਧਿਕਾਰ ਦੇ ਦਿੱਤੇ। ਜਿਲੇਟ ਨੇ ਉਸੇ ਸਮੇਂ ਵੱਡੀ ਗਿਣਤੀ ਵਿਚ ਦੁਕਾਨਾਂ 'ਤੇ ਆਪਣੇ ਬਲੇਡ ਰੱਖ ਦਿੱਤੇ ਅਤੇ ਉਹ ਧੜਾਧੜ ਵਿਕਣ ਲੱਗੇ। ਨਤੀਜੇ ਵਜੋਂ ਅੱਜ ਜਿਲੇਟ ਦੀ ਬਣਾਈ ਕੰਪਨੀ ਦਾ ਕਾਰੋਬਾਰ 200 ਤੋਂ ਵੱਧ ਦੇਸ਼ਾਂ ਵਿਚ ਫੈਲ ਚੁੱਕਾ ਹੈ। 49 ਵਰ੍ਹਿਆਂ ਦੀ ਉਮਰ ਵਿਚ ਗਰੀਬੀ ਨਾਲ ਜੂਝ ਰਹੇ ਜਿਲੇਟ ਨੇ 1932 ਵਿਚ ਜਦੋਂ ਇਸ ਦੁਨੀਆ ਨੂੰ ਅਲਵਿਦਾ ਕਿਹਾ ਸੀ, ਉਸ ਸਮੇਂ ਉਸ ਕੋਲ ਅਰਬਾਂ ਰੁਪਏ ਦੀ ਜਾਇਦਾਦ ਸੀ। 

ਕਿੰਗ ਸੀ ਜਿਲੇਟ ਦੀ ਸਫਲਤਾ ਦਾ ਰਾਜ਼ ਉਸਦੇ ਮਨ ਵਿਚ ਉਪਜਿਆ ਨਵਾਂ ਵਿਚਾਰ ਸੀ ਅਤੇ ਉਸ ਸੁਪਨੇ ਨੂੰ ਹਕੀਕਤ ਵਿਚ ਬਦਲਣ ਲਈ ਆਤਮ ਵਿਸ਼ਵਾਸ, ਦ੍ਰਿੜ੍ਹ ਨਿਸ਼ਚਾ, ਮਿਹਨਤ ਕਰਨ ਦਾ ਜਜ਼ਬਾ ਅਤੇ ਅਸਫਲਤਾ ਨੂੰ ਹਿੰਮਤ ਨਾਲ ਜ਼ਰਨ ਦਾ ਜਜ਼ਬਾ ਸੀ। ਮੈਡਮ ਸੀ. ਜੇ. ਬਾਕਰ ਜੋ ਕਿ ਪਹਿਲੀ ਅਫਰੀਕੀ ਅਰਬਪਤੀ ਮਹਿਲਾ ਸੀ, ਉਸਦੇ ਮਾਤਾ ਪਿਤਾ ਦਿਹੜੀਦਾਰ ਮਜ਼ਦੂਰ ਸਨ। ਗਰੀਬੀ ਉਹਨਾਂ ਦੇ ਪਰਿਵਾਰ ਵਿਚ ਇੰਨੀ ਜ਼ਿਆਦਾ ਸੀ ਕਿ ਦੋ ਵਕਤ ਪੇਟ ਭਰਨ ਲਈ ਵੀ ਮੁਸ਼ਕਿਲ ਪੇਸ਼ ਆਉਂਦੀ ਸੀ। ਮਾੜੀ ਕਿਸਮਤ ਨੂੰ ਮੈਡਮ ਸੀ. ਜੀ.
ਬਾਕਰ ਦੇ ਮਾਪੇ ਉਸ ਸਮੇਂ ਰੱਬ ਨੂੰ ਪਿਆਰੇ ਹੋ ਗਏ, ਜਦੋਂ ਉਸਦੀ ਉਮਰ ਅਜੇ 14 ਵਰ੍ਹਿਆਂ ਤੋਂ ਵੀ ਘੱਟ ਸੀ। ਉਸਦੀ ਇਕ ਭੈਣ ਸੀ ਜਿਸਨੇ 14 ਵਰ੍ਹਿਆਂ ਦੀ ਉਮਰ ਵਿਚ ਹੀ ਵਿਆਹ ਕਰ ਦਿੱਤਾ ਤਾਂ ਕਿ ਉਸਨੂੰ ਪੇਟ ਭਰ ਖਾਣਾ ਮਿਲ ਸਕੇ। ਕੁਦਰਤ ਦੀ ਸਿਤਮਜ਼ਰੀਫੀ ਦੇਖੋ ਕਿ ਅਨਾਥ ਸੀ. ਜੇ. ਬਾਕਰ ਦਾ ਦੂਜਾ ਸਹਾਰਾ ਵੀ ਚੱਲ ਵੱਸਿਆ। ਉਸ ਸਮੇਂ ਉਸਦੀ ਉਮਰ ਸਿਰਫ 20 ਸਾਲ ਸੀ। ਉਸਨੇ ਲੋਕਾਂ ਦੇ ਘਰਾਂ ਵਿਚ ਕੱਪੜੇ ਧੋਣ ਅਤੇ ਬਰਤਨ ਸਾਫ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ।

ਸੀ. ਜੇ. ਬਾਕਰ ਦੀ ਜ਼ਿੰਦਗੀ ਨੇ ਇਕ ਅਜਿਹਾ ਮੋੜ ਕੱਟਿਆ, ਜਿਸਨੇ ਉਸਨੂੰ ਨਾ ਸਿਰਫ ਦੁਨੀਆਂ ਵਿਚ ਪ੍ਰਸਿੱਧ ਵਿਅਕਤੀਆਂ ਦੀ ਸੂਚੀ ਵਿਚ ਖੜ੍ਹਾ ਕਰ ਦਿੱਤਾ ਬਲਕਿ ਉਸਦਾ ਨਾਮ ਅਮੀਰ ਔਰਤਾਂ ਵਿਚ ਲਿਆ ਜਾਣ ਲੱਗਾ। ਇਹ ਘਟਨਾ ਉਦੋਂ ਵਾਪਰੀ ਜਦੋਂ ਉਸਦੀ ਉਮਰ 35 ਵਰ੍ਹਿਆਂ ਦੀ ਸੀ। ਉਸਨੂੰ ਕੱਪੜੇ ਧੋਂਦੇ ਹੋਏ ਇਕ ਅਜਿਹਾ ਸ਼ੈਂਪੂ ਬਣਾਉਣ ਦਾ ਖਿਆਲ ਆਇਆ ਜੋ ਔਰਤਾਂ ਦੇ ਵਾਲ ਵਧਾਉਣ ਅਤੇ ਸੁੰਦਰ ਬਣਾਉਣ ਦਾ ਕੰਮ ਕਰੇ। ਅਜਿਹਾ ਉਸਨੇ ਸਾਬਣ ਅਤੇ ਆਇੰਟਮੈਂਟ ਮਿਲਾ ਕੇ ਤਿਆਰ ਕੀਤਾ। ਇਸ ਫਾਰਮੂਲੇ ਨੂੰ ਉਸਨੇ 'ਬਾਕਰ ਤਕਨੀਕ' ਦਾ ਨਾਮ ਦਿੱਤਾ। ਵਾਲ ਵਧਾਉਣ ਅਤੇ ਸੁੰਦਰ ਬਣਾਉਣ ਦੀ ਇਸ ਤਕਨੀਕ ਵਿਚ ਇਕ ਸ਼ੈਂਪੂ, ਪੋਮੇਡ ਅਤੇ ਗਰਮ ਲੋਹੇ ਦੀਆਂ ਕੰਘੀਆਂ ਦਾ ਪ੍ਰਯੋਗ ਸ਼ਾਮਲ ਸੀ। ਇਕ ਅਜਿਹੀ ਤਕਨੀਕ ਸੀ ਜਿਸ ਨਾਲ ਅਫਰੀਕਨ ਔਰਤਾਂ ਦੇ ਵਾਲ ਚਮਕੀਲੇ ਅਤੇ ਨਰਮ ਹੋ ਜਾਂਦੇ ਸਨ। ਸੀ. ਜੇ. ਬਾਕਰ ਕੋਲ ਅਨੇਕਾਂ ਚੁਣੌਤੀਆਂ ਸਨ। ਹੁਣ ਉਹ ਆਪਣੀ ਪ੍ਰਾਡਕਟ ਨੂੰ ਵੇਚਣ ਲਈ ਰਬਰ ਘਰ ਜਾਣ ਲੱਗੀ।

ਅਨਪੜ੍ਹ ਹੋਣ ਦੇ ਬਾਵਜੂਦ ਉਸਨੂੰ ਸਮਝ ਸੀ ਕਿ ਮਨੁੱਖੀ ਜੀਵਨ ਵਿਚ ਸਫਲਤਾ ਦਾ ਭੇਦ ਹਰ ਤਰ੍ਹਾਂ ਦੀਆਂ ਚੁਣੌਤੀਆਂ ਦੇ ਮੁਕਾਬਲੇ ਲਈ ਹਮੇਸ਼ਾ ਤਿਆਰ ਰਹਿਣਾ ਹੈ। ਆਪਣੇ ਉਦੇਸ਼ ਦੀ ਪੂਰਤੀ ਲਈ ਪੱਕੇ ਇਰਾਦੇ ਨਾਲ ਮਿਹਨਤ ਕਰਦੇ ਰਹਿਣਾ। ਉਸਨੁੰ ਇਹ ਵੀ ਪਤਾ ਸੀ ਕਿ ਸਫਲਤਾ ਅਤੇ ਆਰਾਮ ਕਦੇ ਇਕੱਠੇ ਨਹੀਂ ਸੌਂਦੇ। ਸੋ, ਉਹ ਤਨ ਅਤੇ ਮਨ ਨਾਲ ਜੁਟੀ ਰਹੀ। ਆਖਿਰ ਉਸਦੀ ਮਿਹਨਤ ਪੱਲੇ ਪੈਣ ਲੱਗੀ। ਜਦੋਂ ਉਸਨੂੰ ਸਫਲਤਾ ਮਿਲਣ ਲੱਗੀ ਤਾਂ ਉਸਨੇ ਨਾ ਸਿਰਫ ਮੈਡਮ ਸੀ. ਜੇ.ਬਾਕਸ ਲੈਬੋਰੇਟਰੀਜ਼ ਦੀ ਸਥਾਪਨਾ ਕੀਤੀ, ਸਗੋਂ ਆਪਣੇ ਏਜੰਟਾਂ ਅਤੇ ਹੋਰ ਲੋਕਾਂ ਲਈ ਸਿਖਲਾਈ ਪ੍ਰੋਗਰਾਮ ਵੀ ਸ਼ੁਰੂ ਕਰ ਦਿੱਤੇ। ਸੀ. ਜੀ. ਬਾਕਸ ਦੀ ਕਥਾ ਅਸਲ ਵਿਚ ਉਸ ਸਫਲਤਾ ਦੀ ਕਹਾਣੀ ਹੈ, ਜਿਸਨੇ ਨਾ ਸਿਰਫ ਇਕ ਗਰੀਬ ਔਰਤ ਦੀ ਕਿਸਮਤ ਨੂੰ ਬਦਲਿਆ, ਬਲਕਿ ਲੱਖਾਂ ਔਰਤਾਂ ਦੀ ਸ਼ਕਲ ਨੂੰ ਸੁੰਦਰਤਾ ਬਖਸ਼ਣ ਦਾ ਕਾਰਜ ਵੀ ਕੀਤਾ। ਇਸ ਸਫਲਤਾ ਦੇ ਪਿੱਛੇ ਇਕ ਨਵੇਂ ਵਿਚਾਰ ਦੇ ਜਨਮ ਅਤੇ ਉਸ ਵਿਚਾਰ ਨੂੰ ਹਕੀਕਤ ਵਿਚ ਬਦਲਣ ਦਾ ਜਜ਼ਬਾ ਹੀ ਸੀ।

ਸਫਲਤਾ ਲਈ ਨਵੇਂ ਵਿਚਾਰ ਅਪਣਾਓ ਦੁਨੀਆ ਦੇ ਸਫਲ ਵਿਅਕਤੀਆਂ ਦੀ ਸੂਚੀ ਵਿਚੋਂ ਅਨੇਕਾਂ ਅਜਿਹੇ ਹਨ ਜੋ ਨਵੇਂ ਵਿਚਾਰਾਂ ਨੂੰ ਦ੍ਰਿੜ੍ਹ ਇਰਾਦੇ ਨਾਲ ਅਮਲ ਵਿਚ ਲਿਆ ਕੇ ਸਫਲ ਮਨੁੱਖ ਬਣੇ। ਇਹ ਠੀਕ ਹੈ ਕਿ ਆਪਣੀ ਯੋਗਤਾ ਤੇ ਮਿਹਨਤ ਨਾਲ ਹੀ ਅਸੀਂ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਦੇ ਹਾਂ ਮਗਰ ਆਪਣੇ ਟੀਚੇ ਜਾਂ ਉਦੇਸ਼ ਨੂੰ ਨਿਰਧਾਰਿਤ ਕਰਨਾ ਸਫਲਤਾ ਦਾ ਮੁੱਖ ਸੂਤਰ ਹੁੰਦਾ ਹੈ। ਜਦੋਂ ਸਾਨੂੰ ਟੀਚੇ ਦਾ ਸਪਸ਼ਟ ਪਤਾ ਹੋਵੇ ਤਾਂ ਅਸੀਂ ਦਿਲ ਲਗਾ ਕੇ ਉਸ ਕੰਮ ਨੂੰ ਕਰ ਸਕਦੇ ਹਾਂ। ਪਰ ਜੇ ਟੀਚਾ ਬਿਲਕੁਲ ਨਵਾਂ ਹੋਵੇ ਤਾਂ ਉਸਨੂੰ ਪ੍ਰਾਪਤ ਕਰਨ ਦਾ ਆਨੰਦ ਹੀ ਵੱਖਰਾ ਹੁੰਦਾ ਹੈ। ਇਹੀ ਕਾਰਨ ਹੈ ਕਿ ਨਵੇਂ ਅਤੇ ਨਿਵੇਕਲੇ ਸੁਪਨੇ ਲੈਣ ਵਾਲੇ ਮਨੁੱਖ ਵੱਡੀ ਸਫਲਤਾ ਪ੍ਰਾਪਤ ਕਰਦੇ ਵੇਖੇ ਗਏ ਹਨ। 1852 ਵਿਚ ਪੈਦਾ ਹੋਇਆ ਫਰੈਂਕ ਵੂਲਵਰਥ ਅਜਿਹਾ ਹੀ ਸੁਪਨਸਾਜ਼ ਸੀ, ਜਿਸਨੇ ਬਚਪਨ ਵਿਚ ਅਜਿਹੀ ਗਰੀਬੀ ਵੇਖੀ, ਜਦੋਂ ਉਸ ਕੋਲ ਪੈਰਾਂ ਵਿਚ ਪਾਉਣ ਲਈ ਜੁੱਤੇ ਨਹੀਂ ਹੁੰਦੇ ਸਨ। ਕੜਾਕੇ ਦੀ ਸਰਦੀ ਵਿਚ ਵੀ ਗਰਮ ਕੱਪੜੇ ਨਹੀਂ ਜੁੜਦੇ ਸਨ। ਢਿੱਡੋਂ ਭੁੱਖਾ ਪੜ੍ਹਾਈ ਲਈ ਭਲਾ ਕਿਵੇਂ ਸੋਚ ਸਕਦਾ ਸੀ। 

ਇਕ ਗੱਲ ਕਮਾਲ ਦੀ ਸੀ, ਉਸਦੀ ਸ਼ਖਸੀਅਤ ਵਿਚ ਕਿ ਉਸਨੇ ਗਰੀਬੀ ਨੂੰ ਅਮੀਰੀ ਵਿਚ ਬਦਲਣ ਦਾ ਤਹੱਈਆ ਕਰ ਲਿਆ। ਅਤਿ ਦੀ ਗਰੀਬੀ ਤੋਂ ਵੱਡੇ ਧਨਾਡ ਬਣਨ ਦੀ ਪ੍ਰੇਰਨਾ। ਸੁਪਨਾ ਅਜਿਹਾ ਸੀ ਜਿਸਨੇ ਉਸਦੀ ਨੀਂਦ ਉਡਾ ਦਿੱਤੀ। ਉਹ ਦਿਲ ਜਾਨ ਨਾਲ ਆਪਣੇ ਸੁਪਨੇ ਨੂੰ ਪੂਰਾ ਕਰਨ ਵਿਚ ਜੁਟ ਗਿਆ। ਜਦੋਂ ਤੁਸੀਂ ਕਿਸੇ ਵੀ ਚੀਜ਼ ਨੂੰ ਪੂਰੀ ਸ਼ਿੱਦਤ ਨਾਲ ਚਾਹੁਣ ਲੱਗਦੇ ਹੇਤਾਂ ਆਕਰਸ਼ਣ ਦੇ ਸਿਧਾਂਤ ਅਨੁਸਾਰ ਆਪਣੀ ਚਾਹਤ ਨੂੰ ਚੁੰਬਕ ਵਾਂਗ ਆਪਣੇ ਵੱਲ ਖਿੱਚਣ ਦੀ ਸਮਰੱਥਾ ਦੇ ਮਾਲਕ ਬਣ ਜਾਂਦੇ ਹੋ ਅਤੇ ਕੁਦਰਤ ਤੁਹਾਨੂੰ ਉਸ ਮੰਜ਼ਿਲ ਦਾ ਰਸਤਾ ਸੁਝਾਉਣ ਲੱਗਦੀ ਹੈ। ਫਰੈਂਕ ਨੂੰ ਵੀ ਅਜਿਹਾ ਹੀ ਅਹਿਸਾਸ ਹੋਇਆ ਸੀ ਕਿ ਜੇ ਕੁਝ ਪਾਉਣਾ ਹੈ ਤਾਂ ਉਸਦੀ ਕੀਮਤ ਤਾਂ ਦੇਣੀ ਪਵੇਗੀ। ਫਰੈਂਕ ਵੂਲਵਰਥ 21 ਵਰ੍ਹਿਆਂ ਦੀ ਉਮਰ ਵਿਚ ਨਿਊਯਾਰਕ ਪਹੁੰਚ ਗਿਆ। ਬਿਨਾਂ ਤਨਖਾਹ ਤੋਂ ਇਕ ਸਟੋਰ ਵਿਚ ਕੰਮ ਕਰਨ ਲੱਗਾ। ਬਿਨਾਂ ਤਨਖਾਹ ਤੋਂ ਇਸ ਲਈ ਕਿ ਕੁਝ ਨਵਾਂ ਸਿੱਖ ਸਕੇ ਅਤੇ ਅਨੁਭਵ ਗ੍ਰਹਿਣ ਕਰ ਸਕੇ। ਫਿਰ ਇਕ ਹੋਰ ਸਟੋਰ ਵਿਚ ਬਹੁਤ ਥੋੜ੍ਹੇ ਪੈਸੇ 'ਤੇ ਕੰਮ ਕਰਨ ਲੱਗਾ। ਉਥੇ ਉਸਨੁੰ 15 ਘੰਟੇ ਦੇ ਸਿਰਫ 50 ਸੈਂਟ ਮਿਲਦੇ ਸਨ।

ਅਨੁਭਵ ਨੇ ਕੁਝ ਕੀਮਤ ਪਾਈ, ਉਹ ਇਕ ਸਟੋਰ ਵਿਚ 10 ਡਾਲਰ ਪ੍ਰਤੀ ਹਫਤਾ ਨੌਕਰੀ ਕਰਨ ਲੱਗਾ। ਇਕ ਦਿਨ ਸਟੋਰ ਮਾਲਕ ਨੇ ਉਸਨੂੰ ਨਿਕੰਮਾ, ਨਲਾਇਕ ਅਤੇ ਕੰਮ ਚੋਰ ਕਹਿ ਕੇ ਨੌਕਰੀ ਤੋਂ ਕੱਢ ਦਿੱਤਾ। ਫਰੈਂਕ ਦਾ ਦਿਲ ਟੁੱਟ ਗਿਆ। ਉਸਦਾ ਸੁਪਨਾ ਚਕਨਾਚੂਰ ਹੋ ਗਿਆ ਲੱਗਦਾ ਸੀ। ਉਹ ਡਿਪਰੈਸ਼ਨ ਦਾ ਸ਼ਿਕਾਰ ਹੋ ਗਿਆ। ਅਜਿਹੇ ਹਾਲਾਤ ਵਿਚੋਂ ਉਹ ਉਦੋਂ ਹੀ ਨਿਕਲ ਸਕਿਆ ਜਦੋਂ ਉਸੇ ਸਟੋਰ ਮਾਲਕ ਨੇ ਉਸਨੂੰ ਦੁਬਾਰਾ ਨੌਕਰੀ 'ਤੇ ਰੱਖ ਲਿਆ। ਫਰੈਂਕ ਨੌਕਰੀ ਤਾਂ ਭਾਵੇਂ ਕਰ ਰਿਹਾ ਸੀ ਪਰ ਉਸਦੇ ਮਨ ਵਿਚ ਅਮੀਰ ਬਣਨ ਵਾਲਾ ਸੁਪਨਾ ਕੁਰਬਲ ਕੁਰਬਲ ਕਰ ਰਿਹਾ ਸੀ। ਉਸ ਸੁਪਨੇ ਨੇ ਉਸਦੀ ਨੀਂਦ ਹਰਾਮ ਕਰ ਦਿੱਤੀ ਸੀ। ਇਕ ਦਿਨ ਫਰੈਂਕ ਵੁਲਵਰਥ ਦੇ ਮਨ ਵਿਚ ਇਕ ਅਜਿਹਾ ਅਨੋਖਾ ਖਿਆਲ ਆਇਆ ਜਿਸਨੇ ਉਸਨੂੰ ਕਾਮਯਾਬੀ ਦਾ ਰਸਤਾ ਦਿਖਾਇਆ। ਉਸਨੇ ਸੋਚਿਆ ਕਿ ਕਿਉਂ ਨਾ ਇਕ ਅਜਿਹਾ ਸਟੋਰ ਖੋਲ੍ਹਿਆ ਜਾਵੇ, ਜਿਸ ਵਿਚ ਹਰ ਚੀਜ਼ ਦੀ ਕੀਮਤ ਪੰਜ ਅਤੇ ਦਸ ਸੈਂਟ ਹੀ ਹੋਵੇ। ਇਸ ਨਵੇਂ ਵਿਚਾਰ ਨੂੰ ਅਸਲ ਵਿਚ ਲਿਆਉਣ ਲਈ ਉਸ ਕੋਲ ਪੈਸੇ ਨਹੀਂ ਸਨ ਪਰ ਉਸਨੂੰ ਪਤਾ ਸੀ: ਕੁਝ ਕਰਨੇ ਕੇ ਲੀਏ ਮੌਸਮ ਨਹੀਂ ਮਨ ਚਾਹੀਏ ਸਾਧਨ ਸਭੀ ਜੁਟ ਜਾਏਂਗੇ ਸੰਕਲਪ ਕਾ ਧਨ ਚਾਹੀਏ।

ਉਸਨੇ ਸੰਕਲਪ ਕੀਤਾ ਹੋਇਆ ਸੀ ਅਮੀਰ ਬਦਨ ਦਾ। ਉਸਨੇ 300 ਡਾਲਰ ਉਧਾਰ ਲਏ ਇਕ ਸਟੋਰ ਖੋਲ੍ਹ ਲਿਆ।ਉਸ ਸਟੋਰ ਨੂੰ ਲੋਕਾਂ ਦਾ ਭਰਪੂਰ ਹੁੰਗਾਰਾ ਮਿਲਿਆ। ਵੇਖਵੇ ਵੇਖਦੇ ਅਮਰੀਕਾ ਅਤੇ ਕੁਝ ਹੋਰ ਦੇਸ਼ਾਂ ਵਿਚ ਸੈਂਕੜੇ ਸਟੋਰ ਖੁੱਲ੍ਹ ਗਏ। ਇਕ ਸਮੇਂ ਦੇ ਉਸ ਗਰੀਬ ਬੱਚੇ, ਜਿਸ ਕੋਲ ਪੈਰਾਂ ਵਿਚ ਪਾਉਣ ਨੂੰ ਜੁੱਤੇ ਨਹੀਂ ਸਨ, ਉਸ ਵਿਅਕਤੀ ਨੇ 1913 ਵਿਚ ਦੁਨੀਆਂ ਦੀ ਸਭ ਤੋਂ ਵੱਡੀ ਵੂਲਵਰਥ ਬਿਲਡਿੰਗ ਦਾ ਨਿਰਮਾਣ ਕੀਤਾ। ਫਰੈਂਕ ਵੂਲਵਰਥ ਦੀ ਸਫਲਤਾ ਦੇ ਪਿੱਛੇ ਉਸਦਾ ਕ੍ਰਾਂਤੀਕਾਰੀ ਵਿਚਾਰ, ਦ੍ਰਿੜ੍ਹ ਇਰਾਦਾ, ਆਤਮ ਵਿਸ਼ਵਾਸ, ਸਖਤ ਮਿਹਨਤ, ਸੰਜਮ ਅਤੇ ਹਿੰਮਤ ਵਰਗੇ ਗੁਣ ਸਨ। ਜਿਸ ਕਿਸੇ ਨੇ ਵੀ ਜ਼ਿੰਦਗੀ ਵਿਚ ਸਫਲ ਮਨੁੱਖ ਹੋਣ ਦਾ ਸੁਪਨਾ ਲੈਣਾ ਹੈ, ਉਹ ਪੁਰਾਣੇ ਰਸਤਿਆਂ ਨੂੰ ਛੱਡ ਨਵੇਂ ਰਾਹ ਉਲੀਕੇ। ਇਹ ਹੈ ਸਫਲਤਾ ਦਾ ਇਕ ਵੱਡਾ ਮੰਤਰ: ਸਫਲਤਾ ਦਾ ਅਰਥ ਹੈ ਅਮੀਰੀ। ਸਫਲਤਾ ਦਾ ਅਰਥ ਦੌਲਤ, ਸ਼ੋਹਰਤ ਅਤੇ ਸੱਤਾ ਪ੍ਰਾਪਤ ਕਰਨਾ। ਸਫਲਤਾ ਦਾ ਅਰਥ ਹੈ ਹਰ ਕਿਸਮ ਦਾ ਸੁੱਖ, ਹਰ ਕਿਸਮ ਦੀ ਸੁਵਿਧਾ, ਸਫਲਤਾ ਦਾ ਅਰਥ ਹੈ ਸਮਾਜ ਵਿਚ ਇੱਜ਼ਤ ਪਾਉਣਾ, ਪ੍ਰਸ਼ੰਸਾ ਜਿੱਤਣਾ। ਆਰਥਿਕ ਸੁਰੱਖਿਆ ਹਾਸਲ ਕਰਨਾ। ਆਤਮ ਸਨਮਾਨ ਨਾਲ ਜ਼ਿੰਦਗੀ ਵਿਚ ਅੱਗੇ ਵਧਦੇ ਜਾਣ। 

ਸਫਲਤਾ ਦਾ ਅਰਥ ਖੁਸ਼ੀ ਪ੍ਰਾਪਤ ਕਰਨਾ, ਸਫਲਤਾ ਦਾ ਅਰਥ ਹੈ ਅਨੰਦਮਈ ਜ਼ਿੰਦਗੀ। ਸਫਲਤਾ ਦਾ ਅਰਥ ਹੈ ਸਮਾਜ ਲਈ ਕੁਝ ਚੰਗਾ ਕਰ ਸਕਣ ਦੇ ਸਮਰੱਥ ਹੋਣਾ। ਸਫਲ ਹੋਣ ਲਈ ਜ਼ਰੂਰੀ ਹੈ ਕਿ ਤੁਹਾਡੇ ਅੰਦਰ ਆਪਣੇ ਖੇਤਰ ਵਿਚ ਸਰਵੋਸਤਮ ਸਥਾਨ ਹਾਸਲ ਕਰਨ ਦੀ ਇੱਛਾ ਸ਼ਕਤੀ ਹੋਵੇ। ਸਫਲ ਵਿਅਕਤੀ ਇਸ ਲਈ ਸਫਲ ਹੁੰਦੇ ਹਨ, ਕਿਉਂਕਿ ਉਹ ਦ੍ਰਿੜ੍ਹ ਨਿਸਚੇ ਦੇ ਧਨੀ ਹੁੰਦੇ ਹਨ। ਸਫਲ ਵਿਅਕਤੀ ਆਤਮ ਵਿਸ਼ਵਾਸ ਦੀ ਪੌੜੀ ਚੜ੍ਹ ਕੇ ਸਫਲਤਾ ਦੀ ਟੀਸੀ 'ਤੇ ਪਹੁੰਚ ਜਾਂਦੇ ਹਨ। ਸਫਲ ਆਦਮੀਆਂ ਨੂੰ ਜਿੱਤਣ ਦੀ ਆਦਤ ਪੈ ਜਾਂਦੀ ਹੈ, ਉਹ ਜਿੱਤਣ ਲਈ ਖੇਡਦੇ ਹਨ, ਹਾਰ ਤੋਂ ਬਚਣ ਲਈ ਨਹੀਂ ਖੇਡਦੇ। ਜਿਸ ਕਿਸੇ ਨੇ ਵੀ ਜ਼ਿੰਦਗੀ ਵਿਚ ਸਫਲ ਮਨੁੱਖ ਹੋਣ ਦਾ ਸੁਪਨਾ ਲੈਣਾ ਹੈ, ਉਹ ਪੁਰਾਣੇ ਰਸਤਿਆਂ ਨੂੰ ਛੱਡ ਨਵੇਂ ਰਾਹ ਉਲੀਕੇ।


Vandana

Content Editor

Related News