ਵੀਕੈਂਡ 'ਚ ਮਾਣਨਾ ਹੈ snowfall ਦਾ ਆਨੰਦ, ਤਾਂ ਹਿਮਾਚਲ ਦੀਆਂ ਇਨ੍ਹਾਂ ਖ਼ੂਬਸੂਰਤ ਥਾਵਾਂ 'ਤੇ ਜਾਓ

11/22/2022 3:07:45 PM

ਨਵੀਂ ਦਿੱਲੀ- ਜੇਕਰ ਕਸ਼ਮੀਰ ਨੂੰ ਧਰਤੀ ਦਾ ਸਵਰਗ ਕਿਹਾ ਜਾਂਦਾ ਹੈ ਤਾਂ ਹਿਮਾਚਲ ਪ੍ਰਦੇਸ਼ ਨੂੰ ਭਾਰਤ ਦਾ ਸਵਿਟਜ਼ਰਲੈਂਡ ਕਿਹਾ ਜਾਂਦਾ ਹੈ। ਹਿਮਾਚਲ 'ਚ ਇਕ ਤੋਂ ਵੱਧ ਇਕ ਖ਼ੂਬਸੂਰਤ ਸ਼ਹਿਰ ਹਨ ਜਿਨ੍ਹਾਂ 'ਚ ਸ਼ਿਮਲਾ, ਮਨਾਲੀ, ਧਰਮਸ਼ਾਲਾ, ਕਿਨੌਰ ਤੇ ਕਸੌਲੀ ਜਿਹੇ ਕਈ ਖ਼ੂਬਸੂਰਤ ਪਹਾੜੀ ਖੇਤਰ ਹਨ। ਇਨ੍ਹਾਂ ਖੇਤਰਾਂ 'ਚ ਦੂਰ-ਦੂਰ ਤਕ ਬਰਫ ਨਾਲ ਢਕੇ ਪਹਾੜਾਂ ਦਾ ਨਜ਼ਾਰਾਂ ਕਿਸੇ ਸਵਰਗ ਤੋਂ ਘੱਟ ਨਹੀਂ। ਸਰਦੀਆਂ 'ਚ ਭਾਰੀ ਬਰਫਬਾਰੀ ਕਾਰਨ ਇੱਥੇ ਸੈਲਾਨੀਆਂ ਦਾ ਤਾਂਤਾ ਲੱਗਾ ਰਹਿੰਦਾ ਹੈ ਤੇ ਲੋਕ ਇਨ੍ਹਾਂ ਕੁਦਰਤੀ ਨਜ਼ਾਰਿਆਂ ਦਾ ਖ਼ੂਬ ਆਨੰਦ ਮਾਣਦੇ ਹਨ।  ਜੇਕਰ ਤੁਸੀਂ ਵੀ ਸਰਦੀਆਂ ਵਿੱਚ ਹਿਮਾਚਲ ਪ੍ਰਦੇਸ਼ ਦੀ ਯਾਤਰਾ ਕਰਨ ਬਾਰੇ ਸੋਚ ਰਹੇ ਹੋ, ਤਾਂ ਅੱਜ ਅਸੀਂ ਤੁਹਾਨੂੰ ਕੁਝ ਅਜਿਹਾ ਖ਼ੂਬਸੂਰਤ ਸਥਾਨਾਂ ਬਾਰੇ ਦੱਸਣ ਜਾ ਰਹੇ ਹਾਂ ਜੋ ਤੁਹਾਡੇ ਟ੍ਰਿਪ ਨੂੰ ਯਾਦਗਾਰ ਬਣਾ ਦੇਣਗੇ।

ਸ਼ਿਮਲਾ

ਸ਼ਿਮਲਾ ਹਿਮਾਚਲ ਪ੍ਰਦੇਸ਼ ਦਾ ਸਭ ਤੋਂ ਪ੍ਰਸਿੱਧ ਸ਼ਹਿਰ ਹੈ। ਇਹ ਹਿਮਾਚਲ ਦੀ ਰਾਜਧਾਨੀ ਵੀ ਹੈ। ਸ਼ਿਮਲਾ 2200 ਮੀਟਰ ਦੀ ਉੱਚਾਈ 'ਤੇ ਸਥਿਤ ਹੈ, ਜਿਸ ਕਾਰਨ ਲੋਕ ਇੱਥੇ ਗਰਮੀ ਦੇ ਮੌਸਮ 'ਚ ਠੰਡਕ ਦਾ ਅਹਿਸਾਸ ਕਰਨ ਤੇ ਸਰਦੀਆਂ 'ਚ ਬਰਫਬਾਰੀ ਦਾ ਆਨੰਦ ਮਾਣਨ ਲਈ ਆਉਂਦੇ ਹਨ। ਸ਼ਿਮਲਾ 'ਚ ਮਾਲ ਰੋਡ, ਖਿਡੌਣਾ ਟ੍ਰੇਨ ਅਤੇ ਰਿਜ ਆਦਿ ਦੀ ਵਰਗੇ ਕਈ ਦੇਖਣ ਯੋਗ ਸਥਾਨ ਹਨ। ਇੱਥੋਂ ਦੀਆਂ ਪ੍ਰਾਚੀਨ ਇਮਾਰਤਾਂ ਅਤੇ ਸਥਾਨਕ ਭੋਜਨ ਤੁਹਾਡੇ ਦਿਲ ਨੂੰ ਖੁਸ਼ ਕਰ ਦੇਣਗੇ।

ਧਰਮਸ਼ਾਲਾ

ਧਰਮਸ਼ਾਲਾ ਹਿਮਾਚਲ ਪ੍ਰਦੇਸ਼ ਦੇ ਸਭ ਤੋਂ ਖ਼ੂਬਸੂਰਤ ਤੇ ਪ੍ਰਸਿੱਧ ਹਿਲ ਸਟੇਸ਼ਨਾਂ 'ਚੋਂ ਇਕ ਹੈ। ਇੱਥੇ ਸਰਦੀਆਂ 'ਚ ਬਹੁਤ ਬਰਫਬਾਰੀ ਹੁੰਦੀ ਹੈ ਜੋ ਕਿ ਇਸ ਦੀ ਸੁੰਦਰਤਾ ਨੂੰ ਚਾਰ-ਚੰਨ੍ਹ ਲਾ ਦਿੰਦੀ ਹੈ। ਧਰਮਸ਼ਾਲਾ ਦੇ ਉੱਪਰਲੇ ਹਿੱਸੇ ਨੂੰ ਮੈਕਲੋਡਗੰਜ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਜਿੱਥੋਂ ਦੀ ਖ਼ੂਬਸੂਰਤੀ ਤੁਹਾਨੂੰ ਮੰਤਰਮੁਗਧ ਕਰ ਦੇਵੇਗੀ। ਮੈਕਡੋਲਗੰਜ 'ਚ ਤਿੱਬਤੀ ਬਸਤੀਆਂ ਤੇ ਬਾਜ਼ਾਰ ਵਿਸ਼ਵ ਪ੍ਰਸਿੱਧ ਹਨ ਜਿੱਥੇ ਤੁਸੀਂ ਤਫਰੀਹ ਦੇ ਨਾਲ-ਨਾਲ ਕੁਝ ਸ਼ਾਨਦਾਰ ਚੀਜ਼ਾਂ ਦੀ ਖ਼ਰੀਦਾਰੀ ਵੀ ਕਰ ਸਕਦੇ ਹੋ।

ਇਹ ਵੀ ਪੜ੍ਹੋ : ਸਰਦੀਆਂ ਵਿੱਚ ਚਮੜੀ ਨੂੰ ਨਰਮ ਅਤੇ ਖ਼ੂਬਸੂਰਤ ਬਣਾ ਦੇਣਗੇ ਇਹ ਘਰੇਲੂ ਨੁਸਖੇ : ਸ਼ਹਿਨਾਜ਼ ਹੁਸੈਨ

ਮਨਾਲੀ

ਮਨਾਲੀ ਹਿਮਾਚਲ ਪ੍ਰਦੇਸ਼ ਦਾ ਬਹੁਤ ਹੀ ਖ਼ੂਬਸੂਰਤ ਸ਼ਹਿਰ ਹੈ ਜਿੱਥੇ ਤੁਸੀਂ ਵਾਰ-ਵਾਰ ਜਾਣਾ ਪਸੰਦ ਕਰੋਗੇ। ਇੱਥੇ ਗਰਮੀਆਂ 'ਚ ਸੁਹਾਵਨਾ ਮੌਸਮ, ਸਰਦੀਆਂ 'ਚ ਬਰਫਬਾਰੀ, ਦੇਵਦਾਰ ਦੇ ਵੱਡੇ-ਵੱਡੇ ਦਰੱਖਤ ਅਤੇ ਖੂਬਸੂਰਤ ਫੁੱਲਾਂ ਨਾਲ ਭਰੇ ਬਾਗ ਤੁਹਾਨੂੰ ਆਪਣਾ ਦੀਵਾਨਾ ਬਣਾ ਦੇਣਗੇ। ਮਨਾਲੀ 'ਚ ਸੋਲੰਗ ਵੈਲੀ ਆਪਣੀ ਖ਼ੂਬਸੂਰਤੀ ਲਈ ਵਿਸ਼ਵ ਪ੍ਰਸਿੱਧ ਹੈ। ਇੱਥੇ ਤੁਸੀਂ ਪੈਰਾਗਲਾਈਡਿੰਗ ਦਾ ਵੀ ਆਨੰਦ ਮਾਣ ਸਕਦੇ ਹੋ। 

ਕਸੌਲੀ

ਕਸੌਲੀ ਕੁਦਰਤੀ ਸੁੰਦਰਤਾ ਨਾਲ ਭਰਪੂਰ ਇਕ ਬਹੁਤ ਹੀ ਸ਼ਾਂਤ ਤੇ ਦੇਖਣ ਯੋਗ ਸ਼ਹਿਰ ਹੈ। ਇੱਥੇ ਚੀੜ ਦੇ ਦਰੱਖ਼ਤਾਂ ਨਾਲ ਲੱਦੇ ਪਹਾੜ ਤੇ ਘੁੰਮਣਯੋਗ ਸਥਾਨ ਤੁਹਾਡਾ ਦਿਲ ਮੋਹ ਲੈਣਗੇ। ਮੰਕੀ ਪੁਆਇੰਟ ਕਸੌਲੀ ਦੀ ਸਭ ਤੋਂ ਉੱਚੀ ਪਹਾੜੀ ਚੋਟੀ ਹੈ ਜਿੱਥੇ ਹਨੂੰਮਾਨ ਦਾ ਮੰਦਰ ਵੀ ਹੈ। ਜੇਕਰ ਮੌਸਮ ਸਾਫ ਹੁੰਦਾ ਹੈ ਤਾਂ ਤੁਸੀਂ ਇੱਥੋਂ ਉੱਚਾਈ ਤੋਂ ਚੰਡੀਗੜ੍ਹ ਸ਼ਹਿਰ ਦਾ ਨਜ਼ਾਰਾ ਵੀ ਦੇਖ ਸਕਦੇ ਹੋ।

ਕਿੰਨੌਰ

ਕਿੰਨੌਰ ਦੋ ਦਰਿਆਵਾਂ ਸਤਲੁਜ ਅਤੇ ਬਸਪਾ ਦੇ ਕੰਢੇ ਵਸਿਆ ਇੱਕ ਸ਼ਹਿਰ ਹੈ। ਇਹ ਸਥਾਨ ਬਰਫ ਨਾਲ ਢਕੇ ਪਹਾੜਾਂ ਨਾਲ ਘਿਰਿਆ ਹੋਇਆ ਹੈ ਜੋ ਕਿ ਬਹੁਤ ਹੀ ਖ਼ੂਬਸੂਰਤ ਹੈ। ਜੇਕਰ ਤੁਸੀਂ ਹਿਮਾਚਲ ਦੇ ਬਾਕੀ ਹਿੱਲ ਸਟੇਸ਼ਨ 'ਚ ਸੈਲਾਨੀਆਂ ਦੀ ਭੀੜ ਤੋਂ ਬਚਣਾ ਚਾਹੁੰਦੇ ਹੋ ਤੇ ਤਾਂ ਇਹ ਸਥਾਨ ਤੁਹਾਡੇ ਲਈ ਬਿਲਕੁਲ ਸਹੀ ਹੈ। ਕਿੰਨੌਰ ਵਿੱਚ ਬਹੁਤ ਸਾਰੇ ਮੰਦਰ ਅਤੇ ਮੱਠ ਵੀ ਹਨ ਜਿੱਥੇ ਤੁਸੀਂ ਜਾ ਸਕਦੇ ਹੋ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

Tarsem Singh

This news is Content Editor Tarsem Singh