ਬੱਚੇ ਦੇ ਜ਼ਿੱਦੀ ਸੁਭਾਅ ਨੂੰ ਕਿਵੇਂ ਸੁਧਾਰਨ ਮਾਪੇ

03/11/2018 9:06:21 AM

ਜਲੰਧਰ— ਤੇਜ਼ ਰਫਤਾਰ ਨਾਲ ਭੱਜਦੀ ਇਸ ਜ਼ਿੰਦਗੀ 'ਚ ਬੱਚਿਆਂ ਨੂੰ ਸੰਭਾਲਣਾ ਕਾਫੀ ਮੁਸ਼ਕਿਲ ਕੰਮ ਹੈ, ਖਾਸ ਤੌਰ 'ਤੇ ਨੌਕਰੀਪੇਸ਼ਾ ਮਾਪਿਆਂ ਲਈ। ਰੁਝੇਵਿਆਂ ਭਰੀ ਰੁਟੀਨ ਕਾਰਨ ਉਹ ਬੱਚਿਆਂ ਨੂੰ ਬਣਦਾ ਸਮਾਂ ਨਹੀਂ ਦੇ ਸਕਦੇ, ਨਤੀਜੇ ਵਜੋਂ ਬੱਚੇ ਜ਼ਿੱਦੀ ਤੇ ਚਿੜਚਿੜੇ ਬਣ ਜਾਂਦੇ ਹਨ। ਬੱਚਿਆਂ ਦੇ ਇਸ ਤਰ੍ਹਾਂ ਦੇ ਸੁਭਾਅ ਲਈ ਕਾਫੀ ਹੱਦ ਤਕ ਮਾਪੇ ਹੀ ਜ਼ਿੰਮੇਵਾਰ ਹੁੰਦੇ ਹਨ ਕਿਉਂਕਿ ਉਹ ਸਹੀ ਸਮੇਂ 'ਤੇ ਬੱਚੇ ਦੀਆਂ ਗਲਤੀਆਂ ਤੇ ਗਲਤ ਵਤੀਰੇ ਨੂੰ ਅਣਦੇਖਿਆ ਕਰ ਦਿੰਦੇ ਹਨ। ਜੇ ਉਹ ਹਾਲਾਤ ਨੂੰ ਦੇਖਦਿਆਂ ਤੁਰੰਤ ਕਦਮ ਚੁੱਕਣ ਤਾਂ ਸਥਿਤੀ ਨੂੰ ਸਮਾਂ ਰਹਿੰਦਿਆਂ ਸੰਭਾਲਿਆ ਜਾ ਸਕਦਾ ਹੈ।
ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਤਰੀਕੇ ਦੱਸ ਰਹੇ ਹਾਂ, ਜੋ ਤੁਹਾਡੇ ਬੱਚੇ ਦੇ ਵਤੀਰੇ ਨੂੰ ਸੁਧਾਰਨ 'ਚ ਕਾਫੀ ਫਾਇਦੇਮੰਦ ਸਾਬਤ ਹੋਣਗੇ।
ਕਿਵੇਂ ਸੰਭਾਲੀਏ ਜ਼ਿੱਦੀ ਬੱਚਾ
ਕੁਝ ਬੱਚਿਆਂ ਦਾ ਸੁਭਾਅ ਕਾਫੀ ਜ਼ਿੱਦੀ ਹੁੰਦਾ ਹੈ। ਅਕਸਰ ਇਹ ਉਹੋ ਬੱਚੇ ਹੁੰਦੇ ਹਨ, ਜਿਨ੍ਹਾਂ ਨੂੰ ਘਰ 'ਚ ਬਹੁਤ ਲਾਡ-ਪਿਆਰ ਨਾਲ ਰੱਖਿਆ ਜਾਂਦਾ ਹੈ ਜਾਂ ਫਿਰ ਜਿਨ੍ਹਾਂ ਨਾਲ ਬਹੁਤ ਸਖਤ ਵਤੀਰਾ ਅਪਣਾਇਆ ਜਾਂਦਾ ਹੈ। ਇਸੇ ਤਰ੍ਹਾਂ ਨੌਕਰੀਪੇਸ਼ਾ ਲੋਕਾਂ ਦੇ ਬੱਚੇ ਵੀ ਇਕੱਲੇ ਰਹਿਣ ਕਾਰਨ ਜ਼ਿੱਦੀਪਣ ਤੇ ਚਿੜਚਿੜੇਪਣ ਦੇ ਸ਼ਿਕਾਰ ਹੋ ਜਾਂਦੇ ਹਨ।
ਅਕਸਰ ਮਾਪੇ ਅਜਿਹੇ ਬੱਚਿਆਂ ਨਾਲ ਸਖਤੀ ਨਾਲ ਪੇਸ਼ ਆਉਂਦੇ ਹਨ, ਜਦਕਿ ਇਹ ਤਰੀਕਾ ਗਲਤ ਹੈ। ਇਸ ਨਾਲ ਬੱਚਾ ਹੋਰ ਵੀ ਜ਼ਿੱਦੀ ਹੋ ਜਾਂਦਾ ਹੈ। ਅਜਿਹੇ ਬੱਚਿਆਂ ਨਾਲ ਪਿਆਰ ਨਾਲ ਪੇਸ਼ ਆਓ।
ਜੇ ਤੁਸੀਂ ਨੌਕਰੀਪੇਸ਼ਾ ਹੋ ਤਾਂ ਘਰ ਆ ਕੇ ਬੱਚੇ ਨਾਲ ਰੁਟੀਨ ਨਾਲ ਜੁੜੀ ਗੱਲਬਾਤ ਜ਼ਰੂਰ ਕਰੋ ਅਤੇ ਆਪਣੀ ਸਥਿਤੀ ਤੇ ਕੰਮ ਬਾਰੇ ਵੀ ਉਨ੍ਹਾਂ ਨਾਲ ਗੱਲਾਂ ਸ਼ੇਅਰ ਕਰੋ। ਛੁੱਟੀ ਵਾਲੇ ਦਿਨ ਬੱਚੇ ਨਾਲ ਸਮਾਂ ਬਿਤਾਓ।
ਬੱਚਿਆਂ ਨੂੰ ਬਹੁਤ ਜ਼ਿਆਦਾ ਲਾਡਲੇ ਵੀ ਨਾ ਬਣਾਓ। ਅਕਸਰ ਮਾਪੇ ਪਹਿਲਾਂ ਬੱਚਿਆਂ ਦੀਆਂ ਸਾਰੀਆਂ ਮੰਗਾਂ ਪੂਰੀਆਂ ਕਰਦੇ ਹਨ ਅਤੇ ਜਦੋਂ ਉਹ ਜ਼ਿੱਦੀ ਹੋ ਜਾਂਦਾ ਹੈ ਤਾਂ ਉਸ ਦੇ ਅਜਿਹੇ ਵਤੀਰੇ ਤੋਂ ਦੁਖੀ ਹੁੰਦੇ ਹਨ। ਅਜਿਹੀ ਗਲਤੀ ਨਾ ਕਰੋ। ਸ਼ੁਰੂ ਵਿਚ ਹੀ ਉਸ ਦੀਆਂ ਸਾਰੀਆਂ ਮੰਗਾਂ ਪੂਰੀਆਂ ਨਾ ਕਰੋ, ਨਹੀਂ ਤਾਂ ਅੱਗੇ ਚੱਲ ਕੇ ਉਹ ਤੁਹਾਡੀ ਨਹੀਂ ਸੁਣੇਗਾ।
ਗਾਲ੍ਹਾਂ ਕੱਢਣ ਤੇ ਕੁੱਟਣ-ਮਾਰਨ ਦੀ ਗਲਤੀ ਨਾ ਕਰੋ
ਜਿਹੜੇ ਮਾਪੇ ਬੱਚਿਆਂ 'ਤੇ ਚੀਕਦੇ-ਚਿੱਲਾਉਂਦੇ ਜਾਂ ਉਨ੍ਹਾਂ ਨਾਲ ਕੁੱਟ-ਮਾਰ ਕਰਦੇ ਹਨ, ਉਹ ਬੱਚੇ ਦੇ ਜ਼ਿੱਦੀ ਸੁਭਾਅ ਲਈ ਸਭ ਤੋਂ ਜ਼ਿਆਦਾ ਜ਼ਿੰਮੇਵਾਰ ਹੁੰਦੇ ਹਨ। ਬੱਚਿਆਂ ਨੂੰ ਪੁੱਠਾ-ਸਿੱਧਾ ਬੋਲਣਾ, ਗਾਲ੍ਹਾਂ ਕੱਢਣੀਆਂ ਜਾਂ ਉਨ੍ਹਾਂ ਨਾਲ ਗੱਲਬਾਤ ਬੰਦ ਕਰ ਦੇਣੀ, ਇਹ ਸਹੀ ਤਰੀਕਾ ਨਹੀਂ। ਜੇ ਬੱਚੇ ਗੁੱਸਾ ਕਰੇ ਜਾਂ ਚੀਕੇ-ਚਿੱਲਾਏ ਤਾਂ ਵੀ ਉਸ 'ਤੇ ਚਿੱਲਾਓ ਨਾ। ਉਸ ਨੂੰ ਨਾਰਮਲ ਹੋਣ ਲਈ ਸਮਾਂ ਦਿਓ, ਜਦੋਂ ਉਹ ਸ਼ਾਂਤ ਹੋ ਜਾਵੇ, ਫਿਰ ਪਿਆਰ ਨਾਲ ਸਮਝਾਓ। ਤੁਹਾਡੀ ਕੁੱਟ-ਮਾਰ ਨਾਲ ਬੱਚਾ ਹੋਰ ਵੀ ਜ਼ਿੱਦੀ ਹੋਵੇਗਾ ਜਾਂ ਤੁਹਾਡੇ ਤੋਂ ਦੂਰ ਰਹਿਣ ਤੇ ਡਰਨ ਲੱਗੇਗਾ। ਇਸ ਕਾਰਨ ਕੁਝ ਬੱਚੇ ਮਾਪਿਆਂ ਦੀ ਇੱਜ਼ਤ ਕਰਨੀ ਵੀ ਛੱਡ ਦਿੰਦੇ ਹਨ।
ਅਧਿਆਪਕ ਨੂੰ ਹੀ ਨਾ ਦਿਓ ਸਾਰਾ ਦੋਸ਼
ਅਕਸਰ ਮਾਪੇ ਬੱਚੇ ਦੇ ਅੜੀਅਲ ਸੁਭਾਅ ਲਈ ਅਧਿਆਪਕ ਨੂੰ ਵੀ ਦੋਸ਼ ਦੇਣ ਲੱਗਦੇ ਹਨ। ਇਸ ਗੱਲ ਨੂੰ ਸਮਝੋ ਕਿ ਅਜਿਹੇ ਵਤੀਰੇ ਲਈ ਅਧਿਆਪਕ ਹੀ ਪੂਰੀ ਤਰ੍ਹਾਂ ਜ਼ਿੰਮੇਵਾਰ ਨਹੀਂ। ਹਾਂ, ਤੁਸੀਂ ਅਧਿਆਪਕ ਨੂੰ ਮਿਲ ਕੇ ਬੱਚੇ ਨੂੰ ਸੁਧਾਰਨ ਦੇ ਟਿਪਸ ਲੈ ਸਕਦੇ ਹੋ। ਅਜਿਹੇ ਬੱਚਿਆਂ ਨੂੰ ਸਰੀਰਕ ਸਰਗਰਮੀਆਂ ਤੇ ਹੋਰ ਦਿਮਾਗੀ ਖੇਡਾਂ ਵਿਚ ਲਾਓ ਤਾਂ ਜੋ ਉਹ ਰੁੱਝੇ ਰਹਿਣ।