ਗਿਰ ਗਏ, ਗਿਰਕਰ ਉਠੇ, ਉਠਕਰ ਚਲੇ

04/02/2020 11:33:38 AM

ਗਿਰ ਗਏ, ਗਿਰਕਰ ਉਠੇ, ਉਠਕਰ ਚਲੇ

ਡਾ: ਹਰਜਿੰਦਰ ਵਾਲੀਆ

ਉਹ ਇਕ ਬਹੁਤ ਹੀ ਗਰੀਬ ਪਰਿਵਾਰ ਵਿਚ ਪੈਦਾ ਹੋਇਆ ਸੀ।
ਗਰੀਬ ਪਰਿਵਾਰ ਇਕ ਪਿੰਡ ਵਿਚ ਰਹਿੰਦਾ ਸੀ, ਪਰਿਵਾਰ ਦੀ
ਗਰੀਬੀ ਕਾਰਨ ਉਸਨੂੰ ਬਚਪਨ ਵਿਚ ਹੀ ਕੰਮ ਕਰਨਾ ਪੈ
ਗਿਆ। ਖੇਡਣ ਦੇ ਦਿਨਾਂ ਵਿਚ ਉਹ ਬੇਰੀਆਂ ਤੋੜਨ ਜਾਂਦਾ
ਜਾਂ ਡੰਗਰ ਚਾਰਦਾ, ਇੰਨੀ ਮਿਹਨਤ ਤੋਂ ਬਾਅਦ ਵੀ ਉਸਦੀ
ਲਗਨ ਪੜ੍ਹਾਈ ਵੱਲ ਸੀ। ਇਉਂ ਉਹ ਗਰੀਬੀ ਅਤੇ ਭੁੱਖ
ਨਾਲ ਜੂਝਦਾ ਹੋਇਆ ਕਾਲਜ ਦੀ ਪੜ੍ਹਾਈ ਤੱਕ
ਅੱਪੜਿਆ ਸੀ। ਕਾਲਜ ਜਾਣ ਤੋਂ ਪਹਿਲਾਂ ਉਹ ਗਊਆਂ ਦਾ
ਦੁੱਧ ਚੋਅ ਕੇ ਵੇਚਣ ਲਈ ਦਿੰਦਾ। ਸੂਰਾਂ ਨੂੰ ਚਾਰਾ
ਦਿੰਦਾ। ਕਾਲਜ ਤੋਂ ਆ ਕੇ ਰਾਤ ਨੂੰ ਦੀਵੇ ਦੀ ਰੋਸ਼ਨੀ ਵਿਚ
ਦੇਰ ਰਾਤ ਤੱਕ ਪੜ੍ਹਦਾ। ਕਾਲਜ ਵਿਚ ਉਸਨੇ ਕਈ ਵਾਰ
ਭਾਸ਼ਣ ਦੇਣ ਦੀ ਕੋਸ਼ਿਸ਼ ਕੀਤੀ ਪਰ ਹਰ ਵਾਰ ਅਸਫਲ
ਹੋਇਆ।
ਕਾਲਜ ਦੀ ਪੜ੍ਹਾਈ ਖਤਮ ਕਰਨ ਤੋਂ ਬਾਅਦ ਉਹ
ਸੇਲਜ਼ਮੈਨ ਬਣ ਗਿਆ। ਉਸਨੇ ਸਾਬਣ ਵੇਚੇ, ਉਸਨੇ
ਟਰੱਕ ਵੇਚੇ। ਪਰ ਜ਼ਿਆਦਾ ਸਫਲ ਨਾ ਹੋਇਆ। ਫਿਰ ਉਸਨੇ
ਨਾਵਲ ਅਤੇ ਕਹਾਣੀਆਂ ਲਿਖਣੇ ਆਰੰਭ ਕੀਤੇ ਪਰ
ਲਿਖਾਰੀ ਦੇ ਤੌਰ 'ਤੇ ਵੀ ਅਸਫਲਤਾ ਪੱਲੇ ਪਈ।

ਅਸਫਲਤਾਵਾਂ ਉਸਦੀ ਹਿੰਮਤ ਨੂੰ ਤੋੜ ਨਾ ਸਕੀਆਂ। ਜੋ ਕਦੇ
ਖੁਦ ਭਾਸ਼ਣ ਦੇਣ ਵਿਚ ਕਾਮਯਾਬ ਨਹੀਂ ਹੋ ਸਕਿਆ ਸੀ,
ਉਸਨੇ ਭਾਸ਼ਣ ਕਲਾ ਸਿਖਾਉਣ ਦਾ ਕੋਰਸ ਸ਼ੁਰੂ ਕੀਤਾ ਜੋ
ਬਹੁਤ ਸਫਲ ਹੋਇਆ। ਉਹ ਇੰਨਾ ਸਫਲ ਹੋਇਆ ਕਿ 1955 ਵਿਚ
ਉਸਦੀ ਮੌਤ ਤੋਂ ਬਾਅਦ ਵੀ ਲੋਕ ਉਸਦੇ ਕੋਰਸ ਅਤੇ
ਉਸਦੀਆਂ ਲਿਖੀਆਂ ਕਿਤਾਬਾਂ ਤੋਂ ਫਾਇਦਾ ਉਠਾ ਰਹੇ
ਹਨ। ਪਿਆਰੇ ਪਾਠਕੋ ਮੈਂ ਦੁਨੀਆਂ ਵਿਚ ਸਭ ਤੋਂ
ਜ਼ਿਆਦਾ ਵਿਕਣ ਵਾਲੀਆਂ ਪੁਸਤਕਾਂ 'ਹਾਓ ਟੂ ਵਿਨ
ਫਰੈਂਡਜ਼ ਐਂਡ ਇੰਨਫਲੂਐਂਸ ਪੀਪਲਜ਼' ਅਤੇ 'ਹਾਓ
ਟੂ ਸਟਾਫ ਡਰਾਇੰਗ ਐਂਡ ਸਟਾਰਟ ਲਿਵਿੰਗ' ਦੇ ਲੇਖਕ
ਡੇਲ ਕਾਰਨੇਗੀ ਦੀ ਜ਼ਿੰਦਗੀ ਦੀ ਦਾਸਤਾਂ ਸੁਣਾ ਰਿਹਾ ਸੀ।
ਆਪਣੇ ਮੁਢਲੇ ਦਿਲਾਂ ਵਿਚ ਸਖਤ ਮਿਹਨਤ ਕਰਨ ਵਾਲਾ ਇਹ
ਸ਼ਖਸ ਅੱਜ ਮਰਨ ਤੋਂ ਬਾਅਦ ਵੀ ਦੁਨੀਆਂ ਦੇ ਕਰੋੜਾਂ
ਲੋਕਾਂ ਨੂੰ ਜ਼ਿੰਦਗੀ ਦੀ ਸਫਲਤਾ ਦੇ ਸੂਤਰ ਸਿਖਾ ਰਿਹਾ ਹੈ।
ਡੇਲ ਕਾਰਨੇਗੀ ਦੀ ਜੀਵਨ ਕਹਾਣੀ ਇਸ ਗੱਲ ਦੀ ਗਵਾਹ ਹੈ
ਕਿ ਵਿਪਰੀਤ ਪ੍ਰਸਥਿਤੀਆਂ ਵਿਚ ਛੋਟੀ ਸ਼ੁਰੂਆਤ ਕਰਕੇ ਵੀ
ਵੱਡੀ ਸਫਲਤਾ ਹਾਸਲ ਕੀਤੀ ਜਾ ਸਕਦੀ ਹੈ। ਜੇਕਰ ਇਨਸਾਨ
ਵਿਚ ਆਤਮ ਵਿਸ਼ਵਾਸ, ਆਤਮ ਬਲ, ਦ੍ਰਿੜ੍ਹ ਇਰਾਦਾ,
ਮਿਹਨਤ ਕਰਨ ਦੀ ਇੱਛਾ ਅਤੇ ਕਦੇ ਵੀ ਹਾਰ ਨਾ ਮੰਨਣ
ਦਾ ਸੰਕਲਪ ਹੋਵੇ। ਮਨੁੱਖ ਪ੍ਰਸਥਿਤੀਆਂ ਦਾ ਦਾਸ ਨਹੀਂ
ਸਗੋਂ ਸਵਾਮੀ ਹੈ। ਡੇਲ ਕਾਰਨੇਗੀ ਦੀ ਇਹ ਕਹਾਣੀ ਸਪਸ਼ਟ
ਕਰਦੀ ਹੈ ਕਿ ਸਖਤ ਮਿਹਨਤ ਦਾ ਕੋਈ ਬਦਲ ਨਹੀਂ। ਸਫਲ
ਅਤੇ ਅਸਫਲ ਲੋਕਾਂ ਵਿਚ ਸਿਰਫ ਇਕੋ ਹੀ ਫਰਕ ਹੁੰਦਾ ਹੈ ਕਿ

ਸਫਲਤਾ ਪ੍ਰਾਪਤ ਕਰਨ ਵਾਲੇ ਸਖਤ ਮਿਹਨਤ ਕਰਨਦੇ
ਇਛੁੱਕ ਹੁੰਦੇ ਹਨ।
ਆਤਮ ਵਿਸ਼ਵਾਸ ਸਫਲਤਾ ਦੀ ਵੱਡੀ ਸ਼ਰਤ ਹੈ। ਸਫਲਤਾ ਦਾ
ਬੀਜ ਸਫਲਤਾ ਦੀ ਸੋਚ ਤੋਂ ਹੀ ਬੀਜਿਆ ਜਾਂਦਾ ਹੈ। ਸਫਲਤਾ
ਦੀ ਇੱਛਾ ਰੱਖਣ ਵਾਲੇ ਛੋਟਾ ਸੁਪਨਾ ਪੂਰਾ ਕਰਨ ਵਿਚ
ਕਾਮਯਾਬ ਹੋ ਜਾਂਦੇ ਹਨ ਤਾਂ ਇਸ ਨਾਲ ਤੁਹਾਨੂੰ ਅਗਲੀ ਮੰਜ਼ਿਲ
ਅਤੇ ਵੱਡਾ ਸੁਪਨਾ ਪੂਰਾ ਕਰਨ ਹਿਤ ਆਤਮ ਵਿਸ਼ਵਾਸ
ਮਿਲਦਾ ਹੈ। ਜਦੋਂ ਜਦੋਂ ਸਾਡਾ ਵਿਸ਼ਵਾਸ ਵਧਦਾ ਹੈ, ਉਸ ਨਾਲ
ਸਾਡੀ ਕੰਮ ਕਰਨ ਦੀ ਸ਼ਕਤੀ ਵੀ ਵਧਦੀ ਜਾਂਦੀ ਹੈ।
ਵਿਸ਼ਵਾਸ ਦੀ ਸ਼ਕਤੀ ਹਰ ਖੇਤਰ ਵਿਚ ਕੰਮ ਆਉਂਦੀ ਹੈ।
ਯੋਧੇ ਨੂੰ ਜੰਗ ਦੇ ਮੈਦਾਨ ਵਿਚ, ਵਿਦਿਆਰਥੀ ਨੂੰ ਪੜ੍ਹਾਈ
ਵਿਚ, ਵਪਾਰੀ ਨੂੰ ਵਪਾਰ ਵਿਚ, ਨੇਤਾਵਾ ਨੂੰ ਸਿਆਸਤ ਵਿਚ, ਪਤੀ
ਪਤਨੀ ਨੁੰ ਗ੍ਰਹਿਸਥੀ ਜੀਵਨ ਨੂੰ ਆਨੰਦਮਈ ਬਣਾਉਣ
ਵਿਚ ਆਤਮ ਬਲ ਦੀ ਵੱਡੀ ਲੋੜ ਹੁੰਦੀ ਹੈ। ਮੇਰੇ ਇਕ
ਮਨੋਵਿਗਿਆਨੀ ਦੋਸਤ ਨੇ ਦੱਸਿਆ ਕਿ ਸਾਡੇ ਵਿਚ 
ਸੈਕਸ ਸਪੈਸ਼ਲਿਸਟਾਂ ਦਾ ਸਮੁੱਚਾ ਕਾਰੋਬਾਰ ਆਤਮ
ਵਿਸ਼ਵਾਸ ਦੀ ਕਮੀ ਵਾਲੇ ਪਤੀ-ਪਤਨੀਆਂ ਦੇ ਸਿਰ 'ਤੇ ਚਲਦਾ
ਹੈ। ਉਸਨੇ ਦੱਸਿਆ ਕਿ ਉਸਨੇ ਆਪਣੀ ਖੋਜ ਦੌਰਾਨ
ਅਨੇਕਾਂ ਅਜਿਹੇ ਮਰੀਜ਼ਾਂ ਨੂੰ ਮਾਨਸਿਕ ਤੌਰ 'ਤੇ ਆਤਮ
ਵਿਸ਼ਵਾਸੀ ਬਣਾਉਣ ਲਈ ਨਕਲੀ ਦਵਾਈਆਂ ਦਿੱਤੀਆਂ।
ਦਵਾਈਆਂ ਤੋਂ ਬਾਅਦ ਜ਼ਿਆਦਾ ਗਿਣਤੀ ਵਿਚ ਮਰੀਜ਼ਾਂ
ਨੇ ਦੱਸਿਆ ਕਿ ਹੁਣ ਉਹ ਸਰੀਰਕ ਤੌਰ 'ਤੇ ਤੰਦਰੁਸਤ ਹਨ
ਅਤੇ ਤਸੱਲੀਬਖਸ਼ ਗ੍ਰਹਿਸਤੀ ਜੀਵਨ ਜੀਅ ਰਹੇ ਹਨ।

ਮਨੋਵਿਗਿਆਨੀ ਦਾ ਕਹਿਣਾ ਸੀ ਕਿ ਉਹਨਾਂ ਵਿਚ ਕੋਈ ਕਮੀ
ਨਹੀਂ ਸਿਰਫ ਆਤਮ ਵਿਸ਼ਵਾਸ ਦੀ ਕਮੀ ਸੀ, ਜਦੋਂ ਉਹਨਾਂ
ਦਾ ਆਤਮ ਬਲ ਜਾਗ ਪਿਆ, ਉਹ ਆਪਣੇ ਆਪ ਨੂੰ ਤੰਦਰੁਸਤ
ਸਮਝਣ ਲੱਗ ਪਏ। ਯਕੀਨ ਮੰਨੋ ਜ਼ਿੰਦਗੀ ਦੇ ਇਸ ਖੇਤਰ
ਵਿਚ ਹੀ ਨਹੀਂ ਹਰ ਰਣਖੇਤਰ ਵਿਚ ਜਿੱਤ ਦੀ ਇਬਾਰਤ ਲਿਖਣ
ਦੀ ਇੱਛਾ ਹੈ ਤਾਂ ਆਪਣੇ ਆਤਮ ਬਲ ਨੂੰ ਜਗਾਉਣਾ ਹੀ
ਪਵੇਗਾ।
ਆਪਣੀ ਜਮੀਂ ਆਪਣਾ ਆਕਾਸ਼ ਪੈਦਾ ਕਰ
ਤੂੰ ਆਪਣੇ ਲੀਏ ਨਯਾ ਇਤਿਹਾਸ ਪੈਦਾ ਕਰ
ਮਾਂਗਨੇ ਸੇ ਖੁਸ਼ੀ ਕਬ ਮਿਲਦੀ ਹੈ
ਤੂੰ ਅਪਨੇ ਹਰ ਕਦਮ ਪਰ ਵਿਸ਼ਵਾਸ ਪੈਦਾ ਕਰ।
ਉੱਤਰੀ ਅਤੇ ਦੱਖਣੀ ਧਰੁਵ ਨੂੰ ਅਸਮਾਨ ਵਿਚ ਉਡ ਕੇ
ਪਾਰ ਕਰਨ ਵਾਲੇ ਐਡਮਿਰਲ ਬਾਇਰਡ ਦਾ ਕਹਿਣਾ ਹੈ
''ਬਹੁਤ ਘੱਟ ਲੋਕ ਆਪਣੇ ਅੰਦਰ ਛੁਪੀਆਂ ਸ਼ਕਤੀਆਂ
ਦੀ ਪੂਰੀ ਵਰਤੋਂ ਕਰ ਸਕਣ ਦੇ ਸਮਰੱਥ ਹੁੰਦੇ ਹਨ। ਸਾਡੇ
ਅੰਦਰ ਸਮਰੱਥਾਵਾਂ ਦੇ ਅਜਿਹੇ ਡੂੰਘੇ ਖੂਹ ਹਨ, ਜਿਹਨਾਂ ਦੀ
ਕਦੀ ਵਰਤੋਂ ਹੀ ਨਹੀਂ ਹੁੰਦੀ। ਬਹੁਤ ਵਾਰ ਅਜਿਹੀ ਸਮਰੱਥਾ
ਨੂੰ ਮਾਪਿਆਂ ਜਾਂ ਅਧਿਆਪਕਾਂ ਵੱਲੋਂ ਪਹਿਚਾਣਿਆ ਅਤੇ
ਉਭਾਰਿਆ ਹੀ ਨਹੀਂ ਜਾਂਦਾ।
ਕਈ ਲੋਕਾਂ ਦੀ ਸਥਿਤੀ ਉਸ ਹਾਥੀ ਵਾਂਗ ਹੁੰਦੀ ਹੈ, ਜਿਸਨੂੰ
ਆਪਣੀ ਸਮਰੱਥਾ ਬਾਰੇ ਗਿਆਨ ਨਹੀਂ ਹੁੰਦਾ। ਤੁਸੀਂ
ਕਦੇ ਹਾਥੀ ਨੂੰ ਬੰਨ੍ਹੇ ਹੋਏ ਵੇਖੋ ਤਾਂ ਹੈਰਾਨ ਹੋਵੋਗੇ ਕਿ
ਪਤਲੇ ਜਿਹੇ ਸੰਗਲ ਨਾਲ ਹਾਥੀ ਬੰਨ੍ਹਿਆ ਹੋਇਆ ਖੜ੍ਹਾ

ਰਹਿੰਦਾ ਹੈ। ਜੇਕਰ ਉਸਨੂੰ ਆਪਣੀ ਤਾਕਤ ਦਾ ਗਿਆਨ ਹੋ
ਜਾਵੇ ਤਾਂ ਉਹ ਇਸ ਸੰਗਲ ਨੂੰ ਇਕੋ ਝਟਕੇ ਵਿਚ ਤੋੜ ਸਕਦਾ ਹੈ।
ਪਰ ਉਹ ਅਜਿਹਾ ਕਿਉਂ ਨਹੀਂ ਕਰਦਾ। ਉਹ ਅਜਿਹਾ ਇਸ ਲਈ
ਨਹੀਂ ਕਰਦਾ ਕਿ ਜਦੋਂ ਉਹ ਬੱਚਾ ਸੀ ਤਾਂ ਉਸਨੂੰ ਇਸੇ ਸੰਗਲ
ਨਾਲ ਬੰਨ੍ਹਿਆ ਗਿਆ ਸੀ ਪਰ ਉਸ ਸਮੇਂ ਉਹ ਕਮਜ਼ੋਰ
ਸੀ ਅਤੇ ਇਸ ਸੰਗਲ ਨੂੰ ਤੋੜਨ ਦੀ ਸਮਰੱਥਾ ਉਸ ਵਿਚ ਨਹੀਂ
ਸੀ। ਉਸਨੇ ਬਹੁਤ ਵਾਰ ਕੋਸ਼ਿਸ਼ ਕੀਤੀ ਹੋਵੇਗੀ ਅਤੇ ਨਤੀਜੇ
ਵਜੋਂ ਉਸਨੂੰ ਲੱਗਾ ਕਿ ਇਸਨੂੰ ਤੋੜਨਾ ਉਸਦੇ ਵੱਸ ਤੋਂ ਬਾਹਰ
ਹੈ। ਇਹੀ ਭਾਵਨਾ ਉਸਦੇ ਮਨ ਵਿਚ ਘਰ ਕਰ ਗਈ ਅਤੇ ਹੁਣ
ਜਦੋਂ ਉਹ ਤਾਕਤਵਰ ਬਣ ਗਿਆ ਤਾਂ ਵੀ ਉਸਨੂੰ ਆਪਣੀ
ਤਾਕਤ ਦਾ ਅਹਿਸਾਸ ਨਹੀਂ ਹੋਇਆ। ਅਜਿਹਾ ਹੀ ਬਹੁਤੀ ਵਾਰ
ਸਾਡੇ ਨਾਲ ਵਾਪਰਦਾ ਹੈ। ਸਾਨੂੰ ਵੀ ਆਪਣੀ ਤਾਕਤ ਦਾ
ਅਹਿਸਾਸ ਨਹੀਂ ਹੁੰਦਾ। ਲੋੜ ਸਿਰਫ ਆਪਣੀ ਛੁਪੀਆਂ
ਸ਼ਕਤੀਆਂ ਨੂੰ ਪਛਾਣ ਕੇ ਆਪਣੇ ਆਪ ਨੂੰ ਆਤਮ ਵਿਸ਼ਵਾਸੀ
ਬਣਾਉਣ ਦੀ ਹੁੰਦੀ ਹੈ।
ਮੇਰੀ ਇਕ ਪੀ. ਐਚ. ਡੀ. ਦੀ ਸਕਾਲਰ ਅਹਿਸਾਸ-ਏ-
ਕਮਤਰੀ ਦੀ ਸ਼ਿਕਾਰ ਹੋ ਗਈ। ਕਾਰਨ ਇਹ ਸੀ ਕਿ 32
ਵਰ੍ਹਿਆਂ ਦੀ ਹੋ ਜਾਣ ਦੇ ਬਾਵਜੂਦ ਉਸਦਾ ਵਿਆਹ ਨਹੀਂ ਹੋ
ਰਿਹਾ ਸੀ। ਦੂਜਿਆਂ ਨਾਲ ਤੁਲਨਾ ਕਰਕੇ ਉਸ ਵਿਚ ਹੀਣ
ਭਾਵਨਾ ਪੈਦਾ ਹੋ ਗਈ ਸੀ। ਉਹ ਮਾਨਸਿਕ ਤੌਰ 'ਤੇ
ਨਿਰਾਸ਼ਾਵਾਦੀ ਬਣ ਗਈ। ਜੇਕਰ ਉਸਦੀ ਕੋਈ ਪ੍ਰਸੰਸਾ
ਕਰਦਾ ਤਾਂ ਵੀ ਉਹ ਇਸਨੂੰ ਵੱਖਰੇ ਦ੍ਰਿਸ਼ਟੀਕੌਣ ਤੋਂ ਲੈਣ
ਲੱਗੀ। ਅਜਿਹੀ ਮਾਨਸਿਕ ਸਥਿਤੀ ਵਿਚ ਲੋਕ ਆਤਮ ਬਲ ਗਵਾ

ਬੈਠਦੇ ਹਨ ਅਤੇ ਆਪਣੇ ਆਪ ਵਿਚ ਦੋਸ਼ ਹੀ ਵੇਖਦੇ ਹਨ।
ਇਕ ਹੋਰ ਵੀ ਵੱਡਾ ਕਾਰਨ ਉਹਨਾਂ ਦੇ ਆਤਮ ਵਿਸ਼ਵਾਸ ਤੇ
ਸੱਟ ਮਾਰਦਾ ਹੈ, ਉਹ ਹੋਰਨਾਂ ਨਾਲ ਆਪਣੀ ਤੁਲਨਾ
ਕਰਨੀ ਸ਼ੁਰੂ ਕਰ ਦਿੰਦੇ ਹਨ। ਬਹੁਤੀ ਵਾਰ ਮਾਪੇ ਅਤੇ
ਅਧਿਆਪਕ ਵੀ ਜਾਣੇ ਅਣਜਾਣੇ ਵਿਚ ਅਜਿਹਾ ਕਰਕੇ ਗਲਤੀ
ਕਰਦੇ ਹਨ। ਮੈਂ ਉਸਨੂੰ ਪ੍ਰੇਰਿਤ ਕੀਤਾ ਕਿ ਕੁਦਰਤ ਨੇ ਸਭ
ਮਨੁੱਖਾਂ ਨੂੰ ਕੋਈ ਨਾ ਕੋਈ ਖਾਸ ਗੁਣ ਦਿੱਤਾ ਹੁੰਦਾ ਹੈ,
ਸਿਰਫ ਉਸਨੂੰ ਪਛਾਨਣ ਦੀ ਲੋੜ ਹੁੰਦੀ ਹੈ। ਤੂੰ ਬਹੁਤ
ਮਿਹਨਤੀ ਹੈਂ। ਤੂੰ ਪੀ ਸੀ ਐਸ ਦੀ ਮੁਕਾਬਲੇ ਦੀ
ਪ੍ਰੀਖਿਆ ਵਿਚ ਬੈਠ। ਮੈਨੂੰ ਯਕੀਨ ਹੈ ਕਿ ਤੂੰ ਪਾਸ
ਹੋਵੀਗੀ।'' ਮੇਰਾ ਅਨੁਮਾਨ ਠੀਕ ਨਿਕਲਿਆ, ਉਹ ਪਾਸ
ਹੋ ਗਈ। ਅੱਜਕਲ੍ਹ ਨਾ ਸਿਰਫ ਉਹ ਇਕ ਪੀ ਸੀ ਐਸ ਅਫਸਰ ਹੈ,
ਬਲਕਿ ਇਕ ਹੋਰ ਅਫਸਰ ਨਾਲ ਵਿਆਹ ਕਰਵਾ ਕੇ ਬਹੁਤ ਖੁਸ਼ ਹੈ।
ਨੁਕਤਾ ਇਹ ਹੈ ਕਿ ਹਰ ਮਨੁੱਖ ਨੂੰ ਆਪਣੇ ਅੰਦਰਲੇ ਗੁਣ
ਨੂੰ ਪਹਿਚਾਣ ਕੇ ਉਸਦਾ ਸਹੀ ਉਪਯੋਗ ਕਰਨਾ ਚਾਹੀਦਾ ਹੈ।
ਆਜ ਕਾਂਟੇ ਹੈਂ ਅਗਰ ਤੇਰੇ ਮੁਕੱਦਰ ਮੇਂ ਤੋ ਕਿਆ
ਕਲ ਤੇਰਾ ਭਰ ਜਾਏਗਾ, ਫੂਲੋਂ ਸੇ ਦਾਮਨ ਗ਼ਮ ਨਾ ਕਰ।
ਜ਼ਿੰਦਗੀ ਦੁੱਧ ਦੇ ਸਮੁੰਦਰ ਦੀ ਤਰ੍ਹਾਂ ਹੈ, ਜਿਹਨਾਂ
ਇਸਨੂੰ ਰਿੜਕੋਗੇ ਉਨਾ ਹੀ ਮੱਖਣ ਨਿਕਲੇਗਾ। ਅਸਲ ਵਿਚ
ਅਸੀਂ ਹਮੇਸ਼ਾ ਇਹ ਸੋਚਦੇ ਹਾਂ ਕਿ ਸਾਡੇ ਕੋਲ ਕੀ ਨਹੀਂ ਹੈ।
ਇਸਦੇ ਉਲਟ ਅਸੀਂ ਬਹੁਤ ਘੱਟ ਸੋਚਦੇ ਹਾਂ ਕਿ ਸਾਡੇ ਕੋਲ
ਕਿੰਨਾ ਕੁਝ ਹੈ। ਜੇਕਰ ਤੁਸੀਂ ਸਫਲ ਹੋਣਾ ਚਾਹੁੰਦੇ ਹੋ ਤਾਂ
ਦੁਨੀਆਂ ਦੇ ਪੁਰਾਣੇ ਰਾਹਾਂ ਨੂੰ ਛੱਡ ਕੇ ਨਵੇਂ ਰਾਹ

ਤਲਾਸ਼ਣ ਦਾ ਯਤਨ ਕਰੋ। ਵਾਲਟੇਅਰ ਦਾ ਕਥਨ ਯਾਦ ਰੱਖੋ
''ਜੀਵਨ ਸਾਨੂੰ ਜੋ ਤਾਸ਼ ਦੇ ਪੱਤੇ ਦਿੰਦਾ ਹੈ, ਉਹਨਾਂ ਨੂੰ ਹਰ
ਖਿਡਾਰੀ ਨੂੰ ਸਵੀਕਾਰ ਕਰਨਾ ਪੈਂਦਾ ਹੈ। ਪਰ ਜਦੋਂ ਪੱਤੇ
ਹੱਥ ਵਿਚ ਆ ਜਾਣ ਤਾਂ ਖਿਡਾਰੀ ਨੂੰ ਖੁਦ ਤਹਿ ਕਰਨਾ
ਪੈਂਦਾ ਹੈ ਕਿ ਉਹ ਉਹਨਾਂ ਪੱਤਿਆਂ ਨਾਲ ਕਿਵੇਂ ਖੇਡੇ
ਤਾਂ ਕਿ ਉਹ ਬਾਜ਼ੀ ਜਿੱਤ ਸਕੇ। ਬਾਜ਼ੀ ਜਿੱਤਣ ਲਈ
ਹਮੇਸ਼ਾ ਵਿਸ਼ਵਾਸ ਦੀ ਜ਼ਰੂਰਤ ਪੈਂਦੀ ਹੈ, ਆਤਮ ਵਿਸ਼ਵਾਸ
ਦੀ।
ਅਪਣਾ ਜ਼ਮਾਨਾ ਆਪ ਬਨਾਤੇ ਹੈਂ ਅਹਿਲੇ ਦਿਲ
ਹਮ ਵੋ ਨਹੀ ਕਿ ਜਿਨ ਕੋ ਜ਼ਮਾਨਾ ਬਣਾ ਗਿਆ।
ਜ਼ਿੰਦਗੀ ਵਿਚ ਬਹੁਤ ਸਾਰੇ ਲੋਕ ਸਿਰਫ ਇਸ ਕਾਰਨ ਨਿਰਾਸ਼ਾ
ਦੀ ਡੂੰਘੀ ਖਾਈ ਵਿਚ ਜਾ ਗਿਰਦੇ ਹਨ ਕਿਉਂਕਿ ਉਹਨਾਂ ਨੂੰ
ਸੰਭਾਲਣ ਵਾਲਾ ਕੋਈ ਨਹੀਂ ਹੁੰਦਾ। ਜੇਕਰ ਅਜਿਹੇ ਲੋਕਾਂ
ਵਿਚ ਆਤਮ ਬਲ ਜਗਾ ਦਿੱਤਾ ਜਾਵੇ ਤਾਂ ਉਹ ਕਰਾਮਾਤ ਕਰ
ਸਕਦੇ ਹਨ। ਅਜਿਹੀ ਹੀਹ ਇਕ ਔਰਤ ਨੂੰ ਡਾਕਟਰਾਂ ਨੇ ਕਹਿ
ਦਿੱਤਾ ਕਿ ਦੋ ਚਾਰ ਸਾਲਾਂ ਬਾਅਦ ਇਹ ਮਾਨਸਿਕ ਤੌਰ 'ਤੇ
ਸਥਿਰ ਨਹੀਂ ਰਹੇਗੀ। ਉਸਦੇ ਪਰਿਵਾਰ ਵਾਲਿਆਂ ਨੂੰ ਫਿਕਰ
ਹੋਣਾ ਸੁਭਾਵਿਕ ਸੀ। ਮੈਂ ਉਹਨਾਂ ਨੂੰ ਸੁਝਾਅ ਦਿੱਤਾ ਕਿ
ਇਸਨੂੰ ਅਜਿਹਾ ਕੰਮ ਕਰਵਾਓ, ਜਿਸ ਨਾਲ ਇਸਦਾ ਵਿਸ਼ਵਾਸ ਜਾਗੇ।
ਪਹਿਲਾਂ ਤਾਂ ਉਸਨੂੰ ਡਰਾਈਵਿੰਗ ਸਿਖਾਈ ਗਈ। ਕਾਰ ਨੂੰ
ਚਲਾਉਂਦੇ ਹੋਏ ਉਸਦੇ ਚਿਹਰੇ ਦੀ ਖੁਸ਼ੀ ਵੇਖਣ ਵਾਲੀ ਸੀ।
ਅਗਲੇ ਕਦਮ 'ਤੇ ਉਸਨੂੰ ਪੜ੍ਹਨ ਲਈ ਪ੍ਰੇਰਿਆ ਗਿਆ ਅਤੇ
ਇਹ ਵੀ ਕਿਹਾ ਗਿਆ ਕਿ ਫੇਲ ਪਾਸ ਹੋਣ ਦੀ ਪਰਵਾਹ ਕੀਤੇ
ਬਿਨਾਂ ਉਹ ਪੜ੍ਹਾਈ ਕਰੇ:
ਇਸ ਤਰਿਹ ਤਹਿ ਕੀ ਹੈਂ ਹਮਨੇ ਮੰਜ਼ਿਲੇ
ਗਿਰ ਗਏ, ਗਿਰਕਰ ਉਠੇ, ਉਠ ਕਰ ਚਲੇ।
ਹੁਣ ਉਸਦਾ ਆਤਮ ਵਿਸ਼ਵਾਸ ਵੱਧ ਚੁੱਕਾ ਸੀ। ਉਸਨੇ
ਫਾਰਮੇਸੀ ਦੀ ਡਿਗਰੀ ਕੀਤੀ। ਅੱਜਕਲ੍ਹ ਜਿੱਥੇ ਉਹ
ਆਪਣਾ ਮੈਡੀਕਲ ਸਟੋਰ ਚਲਾ ਰਹੀ ਹੈ, ਉਥੇ ਉਹ
ਮਾਨਸਿਕ ਤੌਰ 'ਤੇ ਕਮਜ਼ੋਰ ਲੋਕਾਂ ਨੂੰ ਹੌਂਸਲਾ ਦੇ ਰਹੀ ਹੈ।
ਇਹ ਕਿਵੇਂ ਸੰਭਵ ਹੋਇਆ, ਸਿਰਫ ਉਸਦੇ ਵਿਸ਼ਵਾਸ ਨੂੰ ਜਗਾਉਣ
ਕਾਰਨ। ਪਿਆਰੇ ਪਾਠਕੋ, ਸੱਚਮੁਚ ਹੀ ਜ਼ਿਆਦਾ ਸੋਚਣ
ਦਾ ਸਮਾਂ ਨਹੀਂ। ਬੱਸ ਆਪਣੀਆਂ ਸੰਭਾਵਨਾਵਾਂ,
ਆਪਣੀਆਂ ਸੀਮਾਵਾਂ, ਆਪਣੀਆਂ ਖੂਬੀਆਂ,
ਆਪਣੀਆਂ ਕਮੀਆਂ ਨੂੰ ਪਹਿਚਾਣੋ। ਆਪਣਾ ਇਕ ਵੱਡਾ
ਉਦੇਸ਼ ਬਣਾਓ, ਮੰਜ਼ਿਲ ਮਿੱਥੋ, ਸੁਪਨਾ ਬੁਣੋ ਅਤੇ
ਪੂਰਨ ਵਿਸ਼ਵਾਸ ਨਾਲ ਉਸ ਸੁਪਨੇ ਵਿਚ ਰੰਗ ਭਰਨਾ ਸ਼ੁਰੂ
ਕਰੋ।


Vandana

Content Editor

Related News