ਦੂਜੇ ਬੱਚੇ ਦਾ ਜਨਮ ਮਾਪਿਆਂ ਲਈ ਵੱਡੀ ਚੁਣੌਤੀ, ਵੱਡੇ ਬੱਚੇ ਨੂੰ ਇੰਝ ਕਰੋ ਹੈਂਡਲ
Wednesday, Sep 17, 2025 - 02:51 PM (IST)

ਵੈੱਬ ਡੈਸਕ- ਪਰਿਵਾਰ 'ਚ ਦੂਜੇ ਬੱਚੇ ਦਾ ਜਨਮ ਮਾਪਿਆਂ ਲਈ ਖੁਸ਼ੀ ਦੇ ਨਾਲ-ਨਾਲ ਵੱਡੀ ਜ਼ਿੰਮੇਵਾਰੀ ਵੀ ਲਿਆਉਂਦਾ ਹੈ। ਇਕ ਪਾਸੇ ਨਵੇਂ ਬੱਚੇ ਦੀ ਦੇਖਭਾਲ ਦੀ ਫਿਕਰ ਹੁੰਦੀ ਹੈ, ਤਾਂ ਦੂਜੇ ਪਾਸੇ ਪਹਿਲੇ ਬੱਚੇ ਦੇ ਪਾਲਣ-ਪੋਸ਼ਣ ਅਤੇ ਉਸ ਦੀਆਂ ਭਾਵਨਾਵਾਂ ਵੀ ਬਹੁਤ ਮਹੱਤਵਪੂਰਣ ਹੋ ਜਾਂਦੀਆਂ ਹਨ। ਅਕਸਰ ਘਰ 'ਚ ਨਵਾਂ ਬੱਚਾ ਆਉਣ 'ਤੇ ਵੱਡਾ ਬੱਚਾ ਆਪਣੇ ਆਪ ਨੂੰ ਅਣਡਿੱਠਾ ਜਾਂ ਅਸੁਰੱਖਿਅਤ ਮਹਿਸੂਸ ਕਰ ਸਕਦਾ ਹੈ। ਇਸ ਸਥਿਤੀ ਨਾਲ ਨਿਪਟਣ ਲਈ ਬਾਲ ਰੋਗ ਮਾਹਿਰ (ਪੇਡੀਆਟ੍ਰੀਸ਼ਨ) ਵੱਲੋਂ ਕੁਝ ਅਸਾਨ ਤੇ ਪ੍ਰਭਾਵਸ਼ਾਲੀ ਸੁਝਾਅ ਦਿੱਤੇ ਗਏ ਹਨ।
ਵੱਡੇ ਬੱਚੇ ਨੂੰ ਪਹਿਲਾਂ ਤੋਂ ਤਿਆਰ ਕਰੋ
ਮਾਪੇ ਵੱਡੇ ਬੱਚੇ ਨੂੰ ਸਧਾਰਣ ਭਾਸ਼ਾ 'ਚ ਦੱਸਣ ਕਿ ਘਰ 'ਚ ਨਵਾਂ ਮੈਂਬਰ ਆਉਣ ਵਾਲਾ ਹੈ। ਉਸ ਨੂੰ ਤਿਆਰੀ 'ਚ ਸ਼ਾਮਲ ਕਰੋ- ਜਿਵੇਂ ਬੇਬੀ ਦੇ ਕੱਪੜੇ ਚੁਣਨਾ ਜਾਂ ਕਮਰੇ ਦੀ ਸਜਾਵਟ ਕਰਵਾਉਣਾ। ਇਸ ਨਾਲ ਬੱਚੇ ਨੂੰ ਮਹਿਸੂਸ ਹੋਵੇਗਾ ਕਿ ਉਹ ਵੀ ਇਸ ਜ਼ਿੰਮੇਵਾਰੀ ਦਾ ਹਿੱਸਾ ਹੈ।
ਵੱਡੇ ਬੱਚੇ ਲਈ ਖਾਸ ਸਮਾਂ ਕੱਢੋ
ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਵੱਡੇ ਬੱਚੇ ਨੂੰ ਸਮਝਾਉਣ ਕਿ ਨਵਾਂ ਬੱਚਾ ਸ਼ੁਰੂਆਤੀ ਦਿਨਾਂ 'ਚ ਵੱਧ ਧਿਆਨ ਮੰਗੇਗਾ। ਪਰ ਨਾਲ ਹੀ, ਹਰ ਰੋਜ਼ ਕੁਝ ਸਮਾਂ ਸਿਰਫ਼ ਵੱਡੇ ਬੱਚੇ ਲਈ ਰੱਖੋ। ਇਹ "ਮੰਮੀ-ਪਾਪਾ ਦਾ ਸਮਾਂ" ਉਸ ਨੂੰ ਸੁਰੱਖਿਆ ਅਤੇ ਪਿਆਰ ਦਾ ਅਹਿਸਾਸ ਦਿਵਾਏਗਾ। ਜੇਕਰ ਉਹ ਜਲਣ ਜਾਂ ਗੁੱਸਾ ਜ਼ਾਹਰ ਕਰਦਾ ਹੈ ਤਾਂ ਉਸ ਨੂੰ ਝਿੜਕਨ ਦੀ ਬਜਾਏ ਉਸ ਦੀ ਭਾਵਨਾ ਨੂੰ ਸੁਣੋ ਅਤੇ ਸਮਝਾਓ ਕਿ ਇਹ ਕੁਦਰਤੀ ਗੱਲ ਹੈ।
ਰਿਸ਼ਤੇ ਨੂੰ ਮਜ਼ਬੂਤ ਕਰੋ
ਵੱਡੇ ਬੱਚੇ ਨੂੰ ਛੋਟੇ ਨਾਲ ਕੁਝ ਸਧਾਰਣ ਕੰਮ ਕਰਨ ਦਿਓ- ਜਿਵੇਂ ਝੂਲਾ ਝੁਲਾਉਣਾ ਜਾਂ ਖਿਲੌਣਾ ਦੇਣਾ। ਇਸ ਨਾਲ ਉਸ ਨੂੰ “ਵੱਡਾ ਭਰਾ/ਵੱਡੀ ਭੈਣ” ਹੋਣ ਦਾ ਮਾਣ ਹੋਵੇਗਾ। ਇਨ੍ਹਾਂ ਟਿੱਪਸ ਨਾਲ ਵੱਡੇ ਬੱਚੇ ਨੂੰ ਮਹਿਸੂਸ ਹੋਵੇਗਾ ਕਿ ਉਹ ਅਜੇ ਵੀ ਪਰਿਵਾਰ ਦਾ ਮਹੱਤਵਪੂਰਨ ਹਿੱਸਾ ਹੈ ਅਤੇ ਉਸ ਦਾ ਛੋਟੇ ਬੱਚੇ ਨਾਲ ਪਿਆਰ ਭਰਿਆ ਰਿਸ਼ਤਾ ਵਿਕਸਿਤ ਹੋਵੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8