ਵਾਰਤਾਲਾਪ/ਵਿਚਾਰ ਵਟਾਂਦਰੇ ਦੀ ਆਮ ਜੀਵਨ ਵਿਚ ਹੁੰਦੀ ਹੈ ਅਹਿਮ ਮਹੱਤਤਾ

05/09/2020 3:14:44 PM

ਵਿਚਾਰ ਵਟਾਂਦਰਾ /ਵਾਰਤਾਲਾਪ/communication ਕੀ ਹੈ ਅਤੇ ਸਾਡੇ ਰੋਜ਼ਾਨਾ ਜੀਵਨ ਵਿਚ ਇਸਦੀ ਕੀ ਮਹੱਤਤਾ ਹੈ? ਅੱਜ ਦੇ ਯੁਗ ਦਾ ਇਕ ਮਹੱਤਵਪੂਰਨ ਵਿਸ਼ਾ ਹੈ, ਕਿਉਂਕਿ ਅਜੋਕੇ ਸੋਸ਼ਲ ਮੀਡੀਆ ਦੇ ਪਸਾਰੇ ਨੇ ਸਭ ਨੂੰ ਨਿਖੇੜ ਕੇ ਰੱਖ ਦਿੱਤਾ ਹੈ। ਜਿਸਦਾ ਸਦਕਾ ਜ਼ਿੰਦਗੀ ਦੀਆਂ ਬਹੁਤ ਸਾਰੀਆਂ ਗੁੰਝਲਾਂ, ਜਿਹੜੀਆਂ ਪਹਿਲਾਂ ਗੱਲਬਾਤ ਰਾਹੀਂ ਹੱਲ ਹੋ ਜਾਂਦੀਆਂ ਸਨ। ਹੁਣ ਉਹ ਗੰਢਾਂ ਬਣ ਕੇ ਅੰਦਰ ਹੀ ਰਹਿ ਜਾਂਦੀਆ ਹਨ ਅਤੇ ਨਾਸੂਰ ਦਾ ਰੂਪ ਧਾਰਨ ਕਰ ਲੈਂਦੀਆਂ ਹਨ। ਇਸ ਲਈ ਇਸ ਵਿਸ਼ੇ ’ਤੇ ਖੁੱਲ ਕੇ ਚਰਚਾ ਕਰਨੀ ਅਤਿ ਜ਼ਰੂਰੀ ਹੈ।

ਪੱਥਰ ਯੁਗ ਵਿੱਚ ਵੀ ਵਾਰਤਾਲਾਪ ਦੀ ਲੋੜ ਪੈਂਦੀ ਸੀ ਤੇ ਇਹ ਪੱਥਰਾਂ ਨੂੰ ਆਪਸ ਵਿਚ ਟਕਰਾ ਕੇ, ਤਰ੍ਹਾਂ-ਤਰ੍ਹਾਂ ਦੀਆਂ ਅਵਾਜ਼ਾਂ ਕੱਢਕੇ, ਤੇ ਇਸ਼ਾਰੇ ਇਸਤੇਮਾਲ ਕਰਕੇ ਪੂਰੀ ਕੀਤੀ ਜਾਂਦੀ ਸੀ। ਬਦਲਦੇ ਵਕਤ ਤੇ ਤਕਨੀਕ ਦੀ ਤਰੱਕੀ ਨੇ ਇਸਦਾ ਸਤਰ ਬਹੁਤ ਉੱਚਾ ਚੁੱਕ ਦਿੱਤਾ ਹੈ, ਜਿਸਦੀਆਂ ਪ੍ਰਾਪਤੀਆਂ ਦੇ ਨਾਲ-ਨਾਲ ਕੁਝ ਖਾਮੀਆਂ ਵੀ ਹਨ। ਸੋ ਚਰਚਾ ਖਾਮੀਆਂ ਅਤੇ ਉਨ੍ਹਾਂ ਦੀ ਰੋਕਥਾਮ ’ਤੇ ਕੇਂਦ੍ਰਿਤ ਰਹੇਗੀ। ਵਾਰਤਾਲਾਪ ਦੀ ਘਾਟ ਪਰਿਵਾਰਕ ਇਕਾਈ ਤੋਂ ਸ਼ੁਰੂ ਹੋ ਕੇ ਸਮਾਜ, ਰਾਜਨੀਤੀ ਤੋਂ ਹੁੰਦੀ ਹੋਈ ਪੂਰੇ ਸੰਸਾਰ ਤੱਕ ਆਪਣਾ ਮਾੜਾ ਪ੍ਰਭਾਵ ਛੱਡਦੀ ਹੈ।

ਪਰਿਵਾਰਕ ਮਾਹੌਲ ਕਿਵੇਂ ਦਾ ਹੋਵੇ?
ਪਰਿਵਾਰ ਕਿਸੇ ਵੀ ਢਾਂਚੇ ਦੀ ਇਕਾਈ ਹੈ। ਇਹ ਸੰਯੁਕਤ ਜਾਂ ਏਕਲ ਵੀ ਹੋ ਸਕਦਾ ਹੈ। ਗੱਲਬਾਤ ਦੀ ਕਮੀਂ ਦੀ ਇਕ ਉਦਾਹਰਣ ਹੈ ਕਿ ਘਰ ਵਿਚ ਇਕੋ ਹੀ ਔਰਤ ਹੈ, ਉਸਨੂੰ ਕੋਈ ਜ਼ਨਾਨਾ ਰੋਗ ਹੋ ਜਾਂਦਾ ਹੈ ਪਰ ਸ਼ਰਮ ਦੇ ਮਾਰੇ ਉਹ ਮਰਦਾਂ ਨੂੰ ਦੱਸ ਨਹੀਂ ਸਕਦੀ। ਪ੍ਰੇਸ਼ਾਨੀ ਵਧਦੀ ਵਧਦੀ ਉਸਦੀ ਜਾਨ ਲੈ ਲੈਂਦੀ ਹੈ। ਸੋ ਸਿੱਟਾ ਇਹ ਨਿਕਲਦਾ ਹੈ ਕਿ ਵਾਰਤਾਲਾਪ ਅੱਜ ਦੀ ਬਹੁਤ ਵੱਡੀ ਜ਼ਰੂਰਤ ਹੈ। ਦੂਸਰਾ ਤੱਥ ਜਿੰਨਾਂ ਮਹੱਤਵਪੂਰਨ ਹੈ, ਕਮੀਂ ਉਨੀਂ ਹੀ ਜ਼ਿਆਦਾ ਹੈ, ਸਿੱਧਾ, ਸਪੱਸ਼ਟ ਕਾਰਣ ਸੋਸ਼ਲ ਮੀਡੀਆ ਦੀ ਬਹੁਤਾਤ ਤੇ ਸਿਸਟਮ ਤੇ ਕੰਪਨੀਆਂ ਵਲੋਂ ਕੰਟਰੋਲ ਦੀ ਘਾਟ। ਇਸੇ ਸਬੰਧ ਵਿਚ ਅੱਜ ਕੱਲ ਮਾਂ ਬਾਪ ਦੀ ਬੱਚਿਆਂ ਨਾਲ ਜਿਨੀ ਜ਼ਿਆਦਾ ਨਜ਼ਦੀਕੀ ਦੀ ਲੋੜ ਹੈ, ਦੂਰੀਆਂ ਉਨੀਆਂ ਹੀ ਜ਼ਿਆਦਾ ਹਨ। ਇਸ ਵਿਚ ਮਾਤਾ-ਪਿਤਾ ਦੀ ਨਿਰਲੇਪਤਾ ’ਤੇ ਚਿੰਤਾ ਮੁਕਤ ਰਹਿਣ ਵਾਲਾ ਰਵਈਆ ਵੀ ਵੱਡਾ ਕਾਰਨ ਹੈ। ਪਿਛਲੇ ਸਮਿਆਂ ਵਿਚ ਬੱਚਾ ਆਪਣੇ ਮਾਪਿਆਂ, ਨਾਨੀ-ਨਾਨੇ ਜਾਂ ਦਾਦੀ-ਦਾਦੇ ਕੋਲ਼ ਰਹਿੰਦਾ ਸੀ। ਉਨ੍ਹਾਂ ਕੋਲੋਂ ਉਸਨੂੰ ਸੰਸਕਾਰੀ ਤੇ ਉਸਾਰੂ ਸਿੱਖਿਆ ਮਿਲਦੀ ਸੀ। ਸੋ ਉਸਨੂੰ ਚੰਗਾ ਇਨਸਾਨ ਬਣਾਉਂਦੀ ਸੀ। ਅੱਜ ਕਲ ਦੇ ਤਕਨੀਕੀ ਯੁੱਗ ਵਿੱਚ ਜੰਮਦਿਆਂ ਹੀ ਬੱਚੇ ਨੂੰ ਮੋਬਾਇਲ ਫੜਾ ਦਿੱਤਾ ਜਾਂਦਾ ਹੈ ਤਾਂ ਜੋ ਉਹ ਮਾਤਾ-ਪਿਤਾ ਨੂੰ ਤੰਗ ਨਾ ਕਰੇ ਤੇ ਉਨਾਂ ਨੂੰ ਆਪਣੇ ਰੁਝੇਵਿਆਂ ਵਿਚੋਂ ਵਕਤ ਨਾ ਕੱਢਣਾ ਪਵੇ। ਜਦੋਂ ਕਿ ਜ਼ਰੂਰਤ ਹੈ ਬੱਚੇ ਨੂੰ ਕੁਦਰਤੀ ਮਾਹੌਲ ਤੇ ਸਾਥ ਦੇਣ ਦੀ। ਉਸਦੇ ਨਾਲ ਛੋਟੀਆਂ-ਛੋਟੀਆਂ ਗੱਲਾਂ ਕੀਤੀਆਂ ਜਾਣ, ਉਮਰ ਅਨੁਸਾਰ ਖਿਡੌਣੇ ਦਿੱਤੇ ਜਾਣ।

PunjabKesari

ਅੱਜਕਲ ਆਮ ਤੌਰ ਤੇ ਮਾਤਾ-ਪਿਤਾ ਦੋਨੇ ਹੀ ਨੌਕਰੀ ਪੇਸ਼ਾ ਹੁੰਦੇ ਹਨ। ਪ੍ਰਸੂਤਾ ਛੁੱਟੀ ਵੀ ਬਹੁਤ ਹੀ ਘੱਟ ਮਿਲਦੀ ਹੈ। ਇਥੇ ਧਿਆਨਯੋਗ ਦੋ ਗੱਲਾਂ ਨੇ, ਇੱਕ ਤਾਂ ਬੱਚਾ ਆਪਣਾ ਹੈ ਤੇ ਦੂਸਰੀ ਉਸਨੇ ਸਾਰੀ ਉਮਰ ਬੱਚਾ ਹੀ ਨਹੀਂ ਰਹਿਣਾ। ਪੈਸਾ ਤਾਂ ਸਾਰੀ ਉਮਰ ਕਮਾਉਣਾ ਹੈ, ਬੱਚੇ ਦੇ ਪਾਲਣ-ਪੋਸ਼ਣ ਲਈ ਦੋਨੋਂ, ਮਾਤਾ-ਪਿਤਾ, ਆਪੋਜਿਟ ਡਿਊਟੀ ਕਰ ਸਕਦੇ ਹਨ। ਵਾਰੀ ਵਾਰੀ ਛੁੱਟੀ ਲੈਕੇ ਬੱਚੇ ਨੂੰ ਆਪਣਾ ਸਾਥ ਦੇ ਸਕਦੇ ਹਨ। ਇਸ ਨਾਲ ਬੱਚੇ ਦੀ ਪਰਵਰਿਸ਼ ਸਹੀ ਢੰਗ ਨਾਲ ਅਤੇ ਸੋਸ਼ਲ ਮੀਡੀਆ ਦੀ ਦੂਰੀ ਬਣਾ ਕੇ ਹੋ ਸਕਦੀ ਹੈ। ਤੁਹਾਡੇ ਵਲੋਂ ਦਿੱਤਾ ਜਾਣ ਵਾਲਾ ਸਾਥ ਉਸਨੂੰ ਸੋਸ਼ਲ ਮੀਡੀਆ ਦੇ ਗੰਦਗੀ ਭਰੇ ਪੱਖ ਤੋਂ ਬਚਾਅ ਕੇ ਤੁਹਾਡੇ ਵਲੋਂ ਦਿੱਤੇ ਸੰਸਕਾਰਾਂ ਤੇ ਸਿਖਿਆ ਦਾ ਹਾਣੀ ਬਣਾਵੇਗਾ।(ਟੀਨ ਏਜ) ਕਿਸ਼ੋਰ ਅਵਸਥਾ ਤੱਕ ਆਪ ਦਾ ਸਾਥ ਬੱਚੇ ਲਈ ਬੜਾ ਮਹੱਤਵਪੂਰਨ ਹੈ, ਏਥੇ ਸਾਰਾ ਦਿਨ ਉਸਦੇ ਨਾਲ ਰਹਿਣਾ ਜ਼ਰੂਰੀ ਨਹੀਂ, ਸਗੋ ਬਹੁਤ ਸਾਰੇ ਅਜਿਹੇ ਢੰਗ ਹਨ, ਜਿਨ੍ਹਾਂ ਨੂੰ ਅਪਨਾ ਕੇ, ਆਪਣੀ ਗੈਰ ਮੌਜੂਦਗੀ ਵਿਚ ਵੀ ਉਸਦੀਆਂ ਗਤੀਵਿਧੀਆਂ ਤੇ ਨਜ਼ਰ ਰੱਖ ਕੇ ਸਹੀ ਮਾਰਗਦਰਸ਼ਨ ਕਰ ਸਕਦੇ ਹਾਂ। ਸ਼ੁਰੂ ਤੋਂ ਹੀ ਬੱਚੇ ਅੰਦਰ ਆਪਣਾ ਵਿਸ਼ਵਾਸ ਪੈਦਾ ਕਰੋ ਨਾ ਕਿ ਡਰ। ਉਸਨੂੰ ਕੋਲ ਜਾਂ ਗੋਦੀ ਵਿੱਚ ਬਿਠਾ ਕੇ, ਸਿਰ ਪਲੋਸਦਿਆਂ ਪੁੱਛੋ, ਅੱਜ ਮੇਰਾ ਪੁੱਤ ਕਿਹਦੇ ਨਾਲ ਕੀ ਖੇਡ ਕੇ ਆਇਆ ਏ। ਇਸ ਸਥਿਤੀ ਵਿੱਚ ਉਹ ਆਪੇ ਸਭ ਕੁਝ ਦੱਸ ਦੇਵੇਗਾ ਕਿ ਮੈਂ ਫ਼ਲਾਣੇ ਦੋਸਤ ਨਾਲ ਕਿਹੜੀ ਵੀਡੀਓ ਗੇਮ ਖੇਡੀ, ਫਿਲਮ ਦੇਖੀ ਜਾਂ ਫਿਰ ਕਿੱਥੇ ਗਿਆ ਸੀ।ਇਸ ਤਰ੍ਹਾਂ ਤੁਸੀਂ ਉਸਨੂੰ ਸਹੀ ਸਲਾਹ ਤੇ ਸਿਖਿਆ ਦੇਣ ਵਿੱਚ ਕਾਮਯਾਬ ਹੋ ਜਾਓਗੇ।

ਜੇ ਬੱਚਾ ਥੋੜਾ ਵੱਡਾ ਹੈ ਤੇ ਮੋਬਾਇਲ ਜਾਂ ਲੈਪਟੌਪ ਤੇ ਏਕਾਂਤ ਵਿੱਚ ਜ਼ਿਆਦਾ ਵਕਤ ਬਿਤਾਉਂਦਾ ਹੈ, ਤਾਂ ਇਹ ਖਤਰੇ ਦੀ ਘੰਟੀ ਹੈ। ਅਫਸੋਸ ਦੀ ਗੱਲ ਹੈ ਕਿ ਅੱਜ ਦਾ ਯੁੱਗ ਤਕਨੀਕੀ ਯੁੱਗ ਹੈ ਅਤੇ ਪਰਿਵਾਰ ਦੇ ਹਰ ਮੈਂਬਰ ਕੋਲ ਆਪਣਾ ਆਪਣਾ ਮੋਬਾਇਲ ਫੋਨ ਹੈ, ਜਿਸ ਕਾਰਣ ਇਕ ਘਰ ਵਿੱਚ ਰਹਿ ਕੇ ਵੀ ਪੂਰੀ ਤਰ੍ਹਾਂ ਵੱਖਰਤਾ ਦਾ ਮਾਹੌਲ ਹੁੰਦਾ ਹੈ। ਇਥੋਂ ਤੱਕ ਕਿ ਪਰਿਵਾਰ ਦੇ ਮੈਂਬਰ ਵੱਖ-ਵੱਖ ਕਮਰਿਆਂ ਵਿਚ ਬੈਠੇ ਫੋਨ ’ਤੇ ਹੀ ਇਕ ਦੂਜੇ ਨਾਲ ਗੱਲਾਂ ਕਰਦੇ ਹਨ। ਬੱਚੇ ਵੀ ਆਪਣੇ ਆਪਣੇ ਫੋਨ ਜਾਂ ਲੈਪਟੌਪ ’ਤੇ ਮਸਰੂਫ਼ ਰਹਿੰਦੇ ਹਨ। ਅਜਿਹੇ ਹਾਲਾਤਾਂ ਵਿਚ ਉਨ੍ਹਾਂ ਦੀ ਜਾਨਕਾਰੀ ਤੋਂ ਬਿਨਾਂ ਚਾਹ, ਪਾਣੀ ਸਨੈਕਸ ਜਾਂ ਖਾਣਾ ਆਦਿ ਦੇਣ ਦੇ ਬਹਾਨੇ, ਉਸਦੇ ਕਮਰੇ ਵਿਚ ਜਾਇਆ ਜਾਣਾ ਚਾਹੀਦਾ ਹੈ ਤੇ ਪਿਆਰ ਨਾਲ਼ ਗੱਲ ਤੋਰ ਲੈਣੀ ਚਾਹੀਦੀ ਹੈ ਕਿ ਮੇਰਾ ਬੱਚਾ ਕੀ ਕਰ ਰਿਹਾ ਹੈ। ਜ਼ਰਾ ਆਪਣੇ ਜ਼ਮਾਨੇ ਦੀਆਂ ਖੇਡਾਂ ਸਾਨੂੰ ਵੀ ਸਿਖਾ ਦੇਅ। ਇਸ ਨਾਲ ਉਹ ਭੈਅ ਰੱਖੇਗਾ ਅਤੇ ਗਲਤ ਮਲਤ ਵੀਡੀਓ ਵੇਖਣ ਤੋਂ ਗ਼ੁਰੇਜ਼ ਕਰੇਗਾ। ਇਸਦੇ ਨਾਲ-ਨਾਲ ਘਰੇਲੂ ਗੱਲਾਂ, ਮੁਸ਼ਕਲਾਂ, ਉਨ੍ਹਾਂ ਨੂੰ ਕਿਵੇਂ ਸੁਲਝਾਇਆ ਜਾਂਦਾ ਹੈ, ਵਿਚ ਵੀ ਜ਼ਰੂਰ ਸ਼ਾਮਲ ਕਰੋ, ਸਗੋਂ ਗਾਹੇ ਬਗਾਹੇ ਮਾਤਾ-ਪਿਤਾ ਦੋਨੇ ਉਸਦੇ ਕਮਰੇ ਵਿੱਚ ਬੈਠਕੇ ਅਜਿਹੀਆਂ ਗੱਲਾਂ ਦਾ ਵਿਚਾਰ-ਵਟਾਂਦਰਾ ਕਰਨ ਅਤੇ ਉਸਨੂੰ ਵੀ ਲਾਜ਼ਮੀ ਸ਼ਾਮਿਲ ਕਰਨ। ਆਪਣੇ ਰੋਜ਼ਾਨਾ ਜੀਵਨ ਵਿੱਚ ਵਾਪਰੇ ਕੌੜੇ ਕੁਸੈਲੈ ਕਿੱਸੇ ਜਿਵੇਂ ਕਿਸੇ ਨੇ ਤੁਹਾਨੂੰ ਰਸਤਾ ਚਲਦਿਆਂ ਗਾਲ ਕੱਢ ਦਿੱਤੀ,ਬਿਨਾਂ ਕਾਰਣ ਬੁਰਾ ਭਲਾ ਕਹਿ ਦਿੱਤਾ, ਕੰਮ ਵਾਲੀ ਥਾਂ ਤੇ ਸੀਨੀਅਰ ,ਸਾਥੀ ਵਰਕਰ, ਜਾਂ ਜੂਨੀਅਰ ਵਰਕਰ ਨੇ ਨਾ ਸਹਿਣਯੋਗ ਵਰਤਾਰਾ ਕੀਤਾ । ਇਨਾਂ ਗੱਲਾਂ ਬਾਤਾਂ ਦੇ ਨਾਲ ਬੱਚਿਆਂ ਵਿੱਚ ਤੁਹਾਡੇ ਪ੍ਰਤੀ ਆਦਰ ਵਧੇਗਾ।,ਨਾਲੇ ਉਹ ਵੀ ਆਪਣੇ ਨਾਲ ਵਾਪਰੀਆਂ ਅਜਿਹੀਆਂ ਘਟਨਾਵਾਂ ਆਪਜੀ ਨਾਲ ਸਾਂਝੀਆਂ ਕਰਕੇ ਮਨ ਹਲਕਾ ਕਰੇਗਾ ਤੇ ਯਕੀਨਨ ਹੀ ਨੇੜਤਾ ਵਧੇਗੀ। ਅਜਿਹਾ ਕਰਕੇ ਅਸੀਂ ਆਪਣੇ ਤੇ ਬੱਚਿਆਂ ਵਿਚਲੇ ਪੈ ਰਹੇ ਅਜੋਕੇ ਵੱਡੇ ਪਾੜੇ ਨੂੰ ਪੈਦਾ ਹੋਣ ਤੋਂ ਬਚਾ ਸਕਦੇ ਹਾਂ।

ਗੱਲਬਾਤ ਦੀ ਘਾਟ ਕੁਝ ਖਾਸ ਪਰਿਵਾਰਕ ਰਿਸ਼ਤਿਆਂ ਵਿਚ:--

ਨੂੰਹ ਸੱਸ ਵਿਚ: ਸਾਡੇ ਪਰਿਵਾਰਾਂ ਵਿੱਚ ਇਹ ਇਕ ਆਮ ਗੱਲ ਹੈ ਕਿ ਨੂੰਹ ਤੇ ਸੱਸ ਵਿੱਚ ਆਪਸੀ ਤਾਲਮੇਲ ਬਹੁਤ ਘੱਟ ਹੁੰਦਾ ਹੈ। ਦੋ ਤਿੰਨ ਵੱਡੇ ਕਾਰਨ ਹਨ, ਜੇਕਰ ਲੜਕੇ ਦੇ ਵਿਆਹ ਤੋਂ ਬਾਅਦ ਸਾਰੇ ਪਰਿਵਾਰ ਦੁਆਰਾ ਜੁੜ ਬੈਠ ਕੇ ਕੁਝ ਜ਼ਰੂਰੀ ਸੰਵਾਦ ਕਰ ਲਿਆ ਜਾਵੇ ਤਾਂ ਇਹ ਸਮੱਸਿਆਵਾਂ 99% ਜੜੋਂ ਖਤਮ ਕੀਤੀ ਜਾ ਸਕਦੀ ਹਨ। ਇਸ ਗੱਲਬਾਤ ਵਿੱਚ ਪਹਿਲਾਂ ਘਰ ਵਿੱਚ ਨਵੀਂ ਆਈ ਬਹੂ ਦਾ ਸਤਿਕਾਰ ਕਰਦਿਆਂ, ਉਸਨੂੰ ਆਪਣੇ ਵਿਚਾਰ ਰੱਖਣ ਦਾ ਮੌਕਾ ਦੇਣਾ ਚਾਹੀਦਾ ਹੈ। ਉਸਦੇ ਸੁਝਾਵਾਂ ’ਤੇ ਗੌਰ ਕਰਕੇ,ਹੋ ਸਕਣ ਯੋਗ ਤਬਦੀਲੀਆਂ ਕਰਨੀਆਂ ਚਾਹੀਦੀਆਂ ਹਨ। ਇਥੇ ਸਾਸੂ ਮਾਂ ਅਤੇ ਨੂੰਹ ਦੇ ਰਿਸ਼ਤੇ ਦੀ ਬੜੀ ਮਹੱਤਤਾ ਹੁੰਦੀ ਹੈ, ਕਿਉਂਕਿ ਇਨ੍ਹਾਂ ਦੋਵਾਂ ਨੇ ਦਿਨ ਦਾ ਜ਼ਿਆਦਾ ਸਮਾਂ ਇਕੱਠਿਆਂ ਬਿਤਾਉਣਾ ਹੁੰਦਾ ਹੈ। ਇਸ ਲਈ ਦੋਨਾਂ ਦੀ ਖੁੱਲ੍ਹ ਕੇ ਗੱਲ ਬਾਤ ਬਹੁਤ ਜ਼ਰੂਰੀ ਹੈ। ਇਸ ਰਿਸ਼ਤੇ ਵਿੱਚ ਆਮ ਤੌਰ ’ਤੇ ਹੰਕਾਰ ਤੇ ਹੱਕ ਦੀ ਲੜਾਈ ਹੁੰਦੀ ਹੈ, ਜੋ ਦੋਵਾਂ ਧਿਰਾਂ ਵਿੱਚ ਹੁੰਦਾ ਹੈ। ਸਾਸੂ ਮਾਂ ਨੂੰ ਮਾਂ ਹੋਣ ’ਤੇ ਉਮਰ ਅਤੇ ਤਜਰਬੇ ਵਿੱਚ ਵੱਡੇ ਹੋਣ ਦਾ ਥੋੜਾ ਜ਼ਿਆਦਾ ਹੀ ਭਰੋਸਾ ਹੁੰਦਾ ਹੈ ਜਦੋਂ ਕਿ ਨੂਹ ਨੂੰ ਪੜ੍ਹੀ-ਲਿਖੀ ਤੇ ਮਾਡਰਨ ਹੋਣ ਦਾ ਅਤੇ ਆਪਣੇ ਹੱਕਾਂ ਦਾ ਜ਼ਿਆਦਾ ਭਰੋਸਾ ਹੁੰਦਾ ਹੈ। ਇਹੀ ਚੀਜ਼ਾਂ ਬਾਅਦ ਵਿੱਚ ਰਿਸ਼ਤਿਆਂ ਦਾ ਘਾਣ ਕਰਨ ਲਈ ਸਭ ਤੋਂ ਜ਼ਿਆਦਾ ਜ਼ਹਿਰੀਲੀਆਂ ਹੁੰਦੀਆਂ ਜਾਂਦੀਆਂ ਹਨ। ਸੋ ਵਿਆਹ ਦੀਆਂ ਸਾਰੀਆਂ ਰਸਮਾਂ ਤੋਂ ਬਾਅਦ, ਪੂਰੇ ਪਰਿਵਾਰ ਨੂੰ ਇਕਜੁੱਟ ਹੋ ਕੇ ਇਨਾਂ ਗੱਲਾਂ ’ਤੇ ਖੁੱਲ੍ਹ ਕੇ ਚਰਚਾ ਕਰਨੀ ਚਾਹੀਦੀ ਹੈ। ਸਾਸੂ ਮਾਂ ਨੂੰ ਚਾਹੀਦਾ ਹੈ ਕਿ ਉਹ ਵੱਡੀ, ਤਜਰਬੇਕਾਰ ਤੇ ਸਿਆਣੀ ਹੋਣ ਦਾ ਸੱਚੇ ਦਿਲੋਂ ਪ੍ਰਗਟਾਵਾ ਕਰਦੇ ਹੋਏ ਕਹੇ,”ਧੀਏ ਮੇਰਾ ਪੁੱਤ ਅੱਜ ਤੋਂ ਜ਼ਿਆਦਾ ਤੇਰਾ ਪਤੀ ਹੈ ਪਰ ਨਾਲ-ਨਾਲ ਥੋੜਾ ਜਿਹਾ ਘਰ ਦਿਆਂ ਦਾ ਵੀ ਹੱਕ ਹੈ। ਅਸੀਂ ਹਰ ਘਰੇਲੂ ਗੱਲ ਸਾਂਝੀ ਕਰਨੀ ਹੈ ਤੇ ਜੇ ਤੈਨੂੰ ਕੋਈ ਵੀ ਗੱਲ ਚੰਗੀ ਨਹੀਂ ਲੱਗਦੀ, ਤੂੰ ਪੇਕਿਆਂ ਦੀ ਬਜਾਏ ਮੈਨੂੰ ਦੱਸਣੀ ਹੈ। ਮੈਂ ਉਸਦਾ ਨਿਰਪੱਖ ਹੱਲ ਕੱਢਾਂਗੀ। ਇਸੇ ਤਰ੍ਹਾਂ ਨੂੰਹ ਨੂੰ ਵੀ ਸਹੁਰੇ ਘਰ ਨੂੰ ਆਪਣਾ ਘਰ ਬਣਾ ਕੇ ਸਚਾਈ ਤੇ ਇਮਾਨਦਾਰੀ ਨਾਲ ਸਾਰੇ ਪਰਿਵਾਰ ਦਾ ਆਦਰ ਸਤਿਕਾਰ ਕਰਦੇ ਹੋਏ, ਆਪਣੇ ਕਾਨੂੰਨੀ ਹੱਕਾਂ ਵਾਲੇ ਖਿਆਲਾਂ ਨੂੰ ਇਕ ਪਾਸੇ ਰੱਖ ਕੇ ਹੀ ਖੂਬਸੂਰਤ ਜੀਵਨ ਬਨਾਉਣਾ ਚਾਹੀਦਾ ਹੈ। ਇਕ ਜ਼ਰੂਰੀ ਗੱਲ ਹੋਰ, ਘਰ ਦੇ ਕੰਮ ਜੇ ਨਹੀਂ ਆਉਂਦੇ ਤਾਂ ਸਿੱਖ ਕੇ, ਕਰਨ ਦੀ ਆਦਤ ਬੜੀ ਪਾਉਣੀ ਅਤਿ ਜ਼ਰੂਰੀ ਹੈ, ਅੱਜ ਦੇ ਪਰਿਵਾਰਾਂ ਦੇ ਟੁੱਟਣ ਦੇ ਕਾਰਣਾਂ ਵਿਚੋਂ ਇਹ ਵੀ ਇਕ ਮਹੱਤਵਪੂਰਨ ਕਾਰਣ ਹੈ।

PunjabKesari

ਪਤੀ-ਪਤਨੀ ਵਿੱਚ ਗਹਰੀ ਗੱਲਬਾਤ ਦੀ ਘਾਟ, ਜੋ ਅਗੇ ਚੱਲ ਕੇ ਸ਼ਾਦੀਆਂ ਦੇ ਟੁੱਟਣ ਦਾ ਕਾਰਨ ਬਣਦੀ ਹੈ:

ਅਸੀਂ ਸਾਰੇ ਜਾਣਦੇ ਹਾਂ ਕਿ ਪਤੀ ਪਤਨੀ ਦਾ ਰਿਸ਼ਤਾ ਸਾਰੇ ਰਿਸ਼ਤਿਆਂ ਨਾਲੋਂ ਫਰਕ ਹੁੰਦਾ ਹੈ। ਇਹ ਸਾਰੇ ਰਿਸ਼ਤਿਆਂ ਦਾ ਸੁਮੇਲ ਵੀ ਹੁੰਦਾ ਹੈ। ਮਾਂ ਬਾਪ, ਭੈਣ, ਭਰਾ ਤੇ ਬਾਕੀ ਰਿਸ਼ਤਿਆਂ ਵਾਲਾ ਸਨੇਹ, ਆਪਣਾਪਣ, ਆਪਸੀ ਸਮਝ ਅਤੇ ਤਾਲਮੇਲ। ਇਸ ਤੋਂ ਇਲਾਵਾ ਇਕ ਸੰਬੰਧ ਜੋ ਇਸਨੂੰ ਬਾਕੀ ਰਿਸ਼ਤਿਆਂ ਨਾਲੋਂ ਵੱਖ ਕਰਦਾ ਹੈ,ਉਹ ਹੈ ਸਰੀਰਕ ਸੰਬੰਧ। ਇਹ ਇਹੋ ਜਿਹਾ ਸੰਬੰਧ ਹੁੰਦਾ ਹੈ ਜੋ ਪੂਰਣ ਤੌਰ ਤੇ ਨਿੱਜੀ ਹੋਣ ਕਰਕੇ ਕਿਸੇ ਦੂਸਰੇ ਨਾਲ ਤਾਂ ਕੀ ਸਾਂਝਾ ਕਰਨਾ, ਆਮ ਤੌਰ ’ਤੇ ਆਪਣੇ ਸਾਥੀ ਨਾਲ ਵੀ ਖੁੱਲਕੇ ਸਾਂਝਾ ਕਰਨ ਵਿੱਚ ਸ਼ਰਮ ਮਹਿਸੂਸ ਕੀਤੀ ਜਾਂਦੀ ਹੈ। ਬੱਸ ਸਮੱਸਿਆ ਇਥੋਂ ਹੀ ਉਤਪਨ ਹੁੰਦੀ ਹੈ। ਪਿਆਰ ਸੰਬੰਧੀ ਮਰਦ ਅਤੇ ਔਰਤ ਦੀ ਪਸੰਦ ਵਿੱਚ ਫਰਕ ਹੁੰਦਾ ਹੈ। ਆਮ ਤੌਰ ’ਤੇ ਔਰਤ ਨੂੰ ਨਰਮੀ, ਠਰੰਮਾ, ਚਰਮ ਸੀਮਾ ਤੋਂ ਪਹਿਲਾਂ ਕਾਫੀ ਵਕਤ ਅਤੇ ਪਿਆਰ ਚਾਹੀਦਾ ਹੁੰਦਾ ਹੈ, ਜਦੋਂਕਿ ਮਰਦ ਨੂੰ ਜਲਦੀ ਹੁੰਦੀ ਹੈ। ਇਸ ਤਰਾਂ ਔਰਤ ਅਧੂਰਾਪਨ ਮਹਿਸੂਸ ਕਰਦੀ ਹੈ ਪਰ ਸ਼ਰਮ ਕਾਰਨ ਕਹਿ ਨਹੀਂ ਸਕਦੀ। ਦੂਜੇ ਪਾਸੇ ਅੱਜ ਕਲ ਦੀਆਂ ਲੜਕੀਆਂ ਦਾ ਇਕ ਹੋਰ ਹੀ ਰਵੱਈਆ ਸਾਹਮਣੇ ਆਇਆ ਹੈ। ਕੋਰਟਸ਼ਿਪ ਦੀ ਪ੍ਰਕਿਰਿਆ ਬੜੀ ਹੀ ਸੰਵੇਦਨਸ਼ੀਲ ਪ੍ਰਕਿਰਿਆ ਹੁੰਦੀ ਹੈ। ਵਿਆਹ ਤੋਂ ਬਾਅਦ ਪਹਿਲੀ ਵਾਰ ਅੰਜ਼ਾਮ ’ਤੇ ਪਹੁੰਚਣ ਵਿੱਚ ਤਰੁਟੀ ਰਹਿ ਸਕਦੀ ਹੈ। ਕਾਰਣ, ਪਹਿਲੀ ਵਾਰ ਦੀ ਘਬਰਾਹਟ, ਤਜਰਬੇ ਦੀ ਕਮੀਂ ਆਦਿ। ਅਜਿਹੇ ਹਾਲਾਤਾਂ ਵਿਚ ਦੋਨਾਂ ਨੂੰ ਸੰਜਮ ਤੋਂ ਕੰਮ ਲੈਣਾ ਚਾਹੀਦਾ ਹੈ ਤੇ ਲੜਕੀ ਨੂੰ ਕਹਿਣਾ ਚਾਹੀਦਾ ਹੈ ਕਿ ਕੋਈ ਨਹੀਂ, ਪਹਿਲੀ ਵਾਰ ਹੈ, ਅਸੀਂ ਦੋਵੇਂ ਅਨਜਾਣ ਹਾਂ, ਇਥੇ ਹੀ ਰਹਿਣਾ, ਹੁਣ ਨਹੀਂ ਤਾਂ ਨਾ ਸਹੀ, ਫਿਰ ਸਹੀ। ਇਸ ਨਾਲ ਮਰਦ ਦਾ ਆਤਮ-ਵਿਸ਼ਵਾਸ ਪ੍ਰਬਲ ਹੁੰਦਾ ਹੈ,ਪਰ ਅਫਸੋਸ ਦੀ ਗੱਲ ਹੈ ਕਿ ਅੱਜ ਕੱਲ ਦੀਆਂ ਕੁੜੀਆਂ ਅਜਿਹੇ ਹਾਲਾਤਾਂ ਵਿੱਚ ਪਤੀ ਨੂੰ ਮਿਹਣੇ ਦੇਣ ਲੱਗ ਜਾਂਦੀਆਂ ਹਨ।
ਹੁਣ ਇਥੇ ਲੋੜ ਹੈ, ਦੋਨਾਂ ਦੇ ਬੈਠ ਕੇ, ਹਰ ਮੁੱਦੇ ’ਤੇ ਖੁੱਲ੍ਹ ਕੇ ਚਰਚਾ ’ਤੇ ਕਰਨ ਦੀ, ਜਿਸ ਵਿਚ ਪਸੰਦ ਨਾ ਪਸੰਦ ਵੀ ਆ ਜਾਂਦੀ ਹੈ। ਦੋਨਾਂ ਨੂੰ ਗੱਲਬਾਤ ਕਰਕੇ ਇਕ ਦੂਸਰੇ ਦੇ ਢੰਗ ਤਰੀਕੇ ਨੂੰ ਅਡਜੱਸਜਟ ਕਰਨ ਦੀ, ਤਾਂ ਹੀ ਗ੍ਰਿਹਸਤੀ ਦੀ ਗੱਡੀ ਸਹੀ ਢੰਗ ਨਾਲ ਚੱਲ ਸਕਦੀ ਹੈ। ਅੱਜ ਕਲ ਵਿਆਹ ਦੇ ਤਿੰਨ ਕੁ ਮਹੀਨਿਆਂ ਵਿੱਚ ਹੋਣ ਵਾਲੇ ਤਲਾਕਾਂ ਦਾ ਮੁੱਖ ਕਾਰਨ ਗੱਲਬਾਤ ਦੀ ਘਾਟ ਹੈ। ਪਤੀ ਪਤਨੀ ਦੇ ਰਿਸ਼ਤੇ ਵਿੱਚ ਸ਼ਰਮ ਰੱਖਣ ਦਾ ਮਤਲਬ ਸ਼ਾਦੀ ਦੀ ਨਾਕਾਮਯਾਬੀ। ਇਸ ਤਰ੍ਹਾਂ communication ਵਿਵਾਹਿਕ ਰਿਸ਼ਤਿਆਂ ਦਾ ਧੁਰਾ ਤੇ ਜੋੜਕ ਹੈ।

ਪ੍ਰਜਨਨ ਪ੍ਰਕਿਰਿਆ ਦੀ ਗੰਭੀਰਤਾ ਨਾਲ ਸਿੱਖਿਆ ਦੀ ਲੋੜ :

ਕਿਸ਼ੋਰ ਅਵਸਥਾ ਅਜਿਹੀ ਅਵਸਥਾ ਹੈ, ਜਿਸ ਵਿਚ ਵਿਪਰੀਤ ਲਿੰਗ ਤੇ ਪ੍ਰਜਨਨ ਪ੍ਰਤੀ ਜਾਨਣ ਦੀ ਤੀਵਰ ਇੱਛਾ ਹੁੰਦੀ ਹੈ ਅਤੇ ਇਥੇ ਹੀ ਸਾਰੇ ਪਾਸਿਆਂ ਤੋਂ ਪਾਬੰਦੀਆਂ ਲੱਗੀਆਂ ਹੁੰਦੀਆਂ ਹਨ। ਇਥੋਂ ਤੱਕ ਕਿ ਬੱਚੇ ਦੇ ਅਜਿਹਾ ਸਵਾਲ ਪੁੱਛਣ ਤੇ ਮਾਤਾ-ਪਿਤਾ ਤਾਂ ਟਾਲ ਹੀ ਜਾਂਦੇ ਹਨ। ਅਧਿਆਪਕ ਵੀ ਇਸ ਨਾਲ ਸੰਬੰਧਿਤ ਵਿਸ਼ਿਆਂ ’ਤੇ ਅਧਿਆਇ ਇਹ ਕਹਿ ਕੇ ਛਡਾ ਦਿੰਦੇ ਹਨ ਕਿ ਇਸ ਵਿਸ਼ੇ ਵਿਚੋਂ ਇਮਤਿਹਾਨ ਵਿਚ ਪ੍ਰਸ਼ਨ ਨਹੀਂ ਆਉਣੇ। ਇਸ ਤਰਾਂ ਯੁਵਾਵਾਂ ਦੀ ਜਾਨਣ ਦੀ ਚਾਹਤ ਹੋਰ ਵੀ ਵਧ ਜਾਂਦੀ ਹੈ ਅਤੇ ਉਹ ਗੂਗਲ ’ਤੇ ਦੋਸਤਾਂ ਮਿੱਤਰਾਂ ਤੋਂ ਗਲਤ ਮਲਤ ਜਾਨਕਾਰੀ ਇਕੱਠੀ ਕਰਕੇ, ਉਸਦੀ ਦੁਰਵਰਤੋਂ ਕਰਦਾ ਹੈ। ਕੁਝ ਚੀਜ਼ਾਂ ਅਜਿਹੀਆਂ ਹੁੰਦੀਆਂ ਹਨ, ਜਿਨ੍ਹਾਂ ਨੂੰ ਬਚਾਉਣਾ ਨਾਮੁਮਕਿਨ ਦੇ ਬਰਾਬਰ ਹੁੰਦਾ ਹੈ। ਅਸੀਂ ਹਮੇਸ਼ਾ ਬੱਚਿਆਂ ਦੇ ਨਾਲ ਵੀ ਨਹੀਂ ਰਹਿ ਸਕਦੇ, ਇਸ ਲਈ ਜਾਨਕਾਰੀ ਦੇਣਾ ਬਹੁਤ ਜ਼ਰੂਰੀ ਹੈ। ਅੱਜ ਕਲ ਸੋਸ਼ਲ ਮੀਡੀਆ ਦੇ ਬੇਲਗਾਮ  ਪਸਾਰੇ ਵਿੱਚ ਇਸਦੀ ਸਹੀ ਢੰਗ ਨਾਲ ਵਰਤੋਂ ਦੀ ਜਾਨਕਾਰੀ ਹੋਰ ਵੀ ਜ਼ਰੂਰੀ ਹੋ ਗਈ ਹੈ। ਮਾਤਾ ਜਾਂ ਪਿਤਾ ਨੂੰ ਬੱਚੇ ਦੇ ਜੈਂਡਰ ਮੁਤਾਬਿਕ ਆਪਣੇ ਕੋਲ ਬਿਠਾ ਕੇ ਸੁਰੱਖਿਅਤ ਸੈਕਸ ਤੇ ਖੁਲ ਕੇ ਚਰਚਾ ਕਰਨੀ ਚਾਹੀਦੀ ਹੈ, ਕਿਉਂਕਿ ਅਨਪਰੋਟੈਕਟਿਡ ਸੈਕਸ ਹਜ਼ਾਰਾਂ ਬੀਮਾਰੀਆਂ, ਜਿਵੇਂ ਏਡਜ਼, ਹੈਪੇਟਾਈਟਸ ਦੀਆਂ ਕਈ ਕਿਸਮਾਂ ਨੂੰ ਸੱਦਾ ਦਿੰਦਾ ਹੈ। ਇਸਦੇ ਨਾਲ-ਨਾਲ ਅੱਜ ਦੀ ਸਭ ਤੋਂ ਖ਼ਤਰਨਾਕ, ਨਪੁੰਸਕਤਾ ਵੀ ਬੜੀ ਭਿਆਨਕ ਸਥਿਤੀ ਹੈ। ਕੀ ਸ਼ਰਮ ਤੇ ਰਿਸ਼ਤੇ ਇਨ੍ਹਾਂ ਸਾਰੇ ਹੋਣ ਵਾਲੇ ਘਾਟਿਆਂ ਨਾਲੋਂ ਵੱਧ ਕੇ ਹਨ?

PunjabKesari

ਪਰਿਵਾਰ ਦੇ ਇਕ ਮੈਂਬਰ ਦੀ ਅਗਵਾਈ ਦੀ ਲੋੜ :
ਪਿਛਲੇ ਸਮਿਆਂ ਵਿਚ ਹਰ ਪਰਿਵਾਰ ਦਾ ਇਕ ਮੁਖਿਆ ਹੁੰਦਾ ਸੀ,ਉਸਦਾ ਹੁਕਮ ਸਾਰੇ ਜੀਆਂ ’ਤੇ ਚੱਲਦਾ ਸੀ। ਇਸ ਤਰਾਂ ਘਰ ਦੇ ਜੀਆਂ ’ਤੇ ਪੂਰਾ ਕਾਬੂ ਰਹਿੰਦਾ ਸੀ। ਸਾਰਾ ਪਰਿਵਾਰ ਇਕੱਠਾ ਰਹਿੰਦਾ ਸੀ ਤੇ ਹਰ ਤਰ੍ਹਾਂ ਦੀਆਂ ਗੱਲਾਂ ਦਾ ਆਦਾਨ ਪ੍ਰਦਾਨ ਹੁੰਦਾ ਰਹਿੰਦਾ ਸੀ। ਹੁਣ ਹਰ ਮੈਂਬਰ ਦਾ ਵੱਖਰਾ ਕਮਰਾ, ਮੋਬਾਇਲ, ਲੈਪਟੌਪ ਹੈ। ਸਾਰੇ ਜੀਅ ਆਪੋ ਆਪਣੇ ਕੰਮਾਂ ਤੋਂ ਮੁੜ ਕੇ ਆਪਣੇ ਕਮਰਿਆਂ ਵਿਚ ਵੜ ਜਾਂਦੇ ਹਨ, ਜਦੋਂ ਕਿ ਘਰ ਬਨਾਉਣ ਲੱਗਿਆਂ ਇਕ ਕੌਮਨ ਰੂਮ ਜ਼ਰੂਰ ਪਾਉਣਾ ਚਾਹੀਦਾ ਹੈ ਤਾਂ ਕਿ ਖਾਣਾ ਖਾਣ ਜਾਂ ਟੀ ਵੀ ਵੇਖਣ ਲਈ ਹੀ ਸਹੀ, ਦਿਨ ਵਿੱਚ ਇੱਕ ਵਾਰੀ ਤਾਂ ਸਾਰੇ ਜਣੇ ਇਕੱਠੇ ਹੋਣ ’ਤੇ ਪਰਿਵਾਰ ਦੇ ਮੁਖੀਏ ਨਾਲ ਸਲਾਹ ਮਸ਼ਵਰਾ ਕਰਨ।

ਬੇਲਗਾਮ ਸੋਸ਼ਲ ਨੈੱਟਵਰਕਿੰਗ ਕੰਪਨੀਆਂ: 
ਵਾਤਾਵਰਨ ਦੇ ਪ੍ਰਦੂਸ਼ਿਤ ਹੋਣ ਤੇ ਇਸ ਨੂੰ ਬਚਾਉਣ ਦੀਆਂ ਦੁਨੀਆਂ ਭਰ ਵਿੱਚ ਬਹੁਤ ਸਾਲਾਂ ਪਹਿਲਾਂ ਹੀ ਸ਼ੁਰੂ ਹੋ ਗਈਆਂ ਸਨ ਪਰ ਅਮਲੀ ਰੂਪ ਨਹੀਂ ਦਿੱਤਾ ਗਿਆ, ਹੁਣ ਜਦੋਂ ਪਾਣੀ ਸਿਰ ਤੋਂ ਲੰਘ ਗਿਆ ਤਾਂ ਕਾਨੂੰਨ ਦਾ ਡੰਡਾ ਸਿਰ ਤੇ ਰੱਖਿਆ ਜਾਣ ਲੱਗਾ। ਹੁਣ ਤੱਕ ਤੰਦ ਨਹੀਂ, ਤਾਣੀ ਵਿਗੜ ਚੁੱਕੀ ਸੀ, ਜਿਸਨੂੰ ਠੀਕ ਕਰਨਾ ਲੱਗਭੱਗ ਨਾਮੁਮਕਿਨ ਹੁੰਦਾ ਹੈ। ਅੱਜ ਉਹੀ ਸਥਿਤੀ ਸੋਸ਼ਲ ਨੈੱਟਵਰਕਿੰਗ ਦੀ ਆਜ਼ਾਦੀ ’ਤੇ ਧੜੱਲੇ ਨਾਲ ਗੰਦਗੀ ਪਰੋਸਣ ਵਾਲੀ ਫਿਰ ਤੋਂ ਬਣ ਚੁੱਕੀ ਹੈ। ਮੈਂ ਬਹੁਤ ਹੈਰਾਨ ਹਾਂ ਕਿ ਮਾਤਾ-ਪਿਤਾ, ਜੋ ਆਪਣੇ ਬੱਚਿਆਂ ਨੂੰ ਸੰਸਕਾਰਾਂ ਦਾ ਪਾਠ ਪੜਾਇਆ ਕਰਦੇ ਸਨ, ਬਿਲਕੁਲ ਚੁੱਪ ਵੱਟੀ ਬੈਠੇ ਹਨ। ਕੀ ਉਹ ਵਾਤਾਵਰਨ ਦੀ ਤਰ੍ਹਾਂ ਦੀ ਸਥਿਤੀ ਦਾ ਇੰਤਜ਼ਾਰ ਕਰ ਰਹੇ ਹਨ? ਜਾਂ ਉਨ੍ਹਾਂ ਹਾਲਾਤਾਂ ਦੀ ਉਡੀਕ ਕਰ ਰਹੇ ਹਨ, ਜਦੋਂ ਬੱਚੇ ਅੱਗੋਂ ਪ੍ਰਜਨਨ ਦੇ ਯੋਗ ਨਾ ਰਹਿਣਗੇ। ਕੁਝ ਕੁ ਸਾਲ ਪਿੱਛੇ ਝਾਤ ਮਾਰੀਏ ਤਾਂ ਨਾਂ ਦੀ ਤਕਨੀਕ ਦਾ ਸਿਰਫ਼ ਮੈਡੀਕਲ ਵਾਲਿਆਂ ਨੂੰ ਪਤਾ ਹੋਇਆ ਕਰਦਾ ਸੀ ਪਰ ਅੱਜ ਕੱਲ ਆਮ ਗੱਲ ਹੈ ਤੇ ਬਰਸਾਤੀ ਖੁੰਬਾਂ ਦੀ ਤਰ੍ਹਾਂ ਸੰਬੰਧਿਤ ਹਸਪਤਾਲਾਂ ਦਾ ਵੀ ਪਸਾਰਾ ਵਧਿਆ ਹੈ। ਕਾਰਨ ਸਿਰਫ ਅਤੇ ਸਿਰਫ ਸੋਸ਼ਲ ਨੈੱਟਵਰਕਿੰਗ ਸਾਈਟਸ ਦੀ ਬੇ-ਲਗਾਮੀ ਤੇ ਕਾਨੂੰਨ ਦੇ ਕੰਟਰੋਲ ਤੋਂ ਬਾਹਰ ਹੋਣਾ।  

ਸੋਸ਼ਲ ਮੀਡੀਆ ਤੇ ਕਨੂੰਨ ਦੀ ਲਗਾਮ ਦੀ ਜ਼ਰੂਰਤ:

ਉਪਰੋਕਤ ਹਾਲਾਤਾਂ ਦੇ ਮੱਦੇਨਜ਼ਰ ਸੋਸ਼ਲ ਮੀਡੀਆ ਉਤੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਤੌਰ ’ਤੇ ਕੁਝ ਹੱਦ ਤੱਕ ਕਾਨੂੰਨੀ ਪਾਬੰਦੀਆਂ ਦੀ ਸਖ਼ਤ ਜ਼ਰੂਰਤ ਹੈ। ਨਹੀਂ ਤਾਂ ਸੰਸਕਾਰ ਇਤਿਹਾਸ ਬਨਣ ਨੂੰ ਤੇ ਪ੍ਰਜਨਨ ਸ਼ਕਤੀ ਅਲੋਪ ਹੋਣ ਨੂੰ ਦੇਰ ਨਹੀਂ ਲੱਗਣੀ। 


rajwinder kaur

Content Editor

Related News