ਜਾਣੋ ਬਾਲ ਮਾਨਸਿਕਤਾ ਨੂੰ ਡੋਲਣ ਤੋਂ ਕਿਵੇਂ ਬਚਾ ਸਕਦੇ ਹਾਂ ਅਸੀਂ...

05/06/2020 10:23:16 AM

ਗਿਆਨ ਦੇ ਗਹਿਣੇ, ਕੋਰੋਨਾ ਨਾਲ ਨਜਿੱਠਣ ਦਾ ਰਾਹ                 

ਕਹਿੰਦੇ ਨੇ ਵਿਹਲਾ ਮਨ ਸ਼ੈਤਾਨ ਦਾ ਕਾਰਖਾਨਾ ਹੁੰਦਾ ਹੈ। ਲਾਕਡਾਊਨ ਦੌਰਾਨ ਮਨ ਸਿਰਫ ਵਿਹਲਾ ਹੀ ਨਹੀਂ ਹੈ ਸਗੋਂ ਘਰ ਅੰਦਰ ਕੈਦ ਵੀ ਹੈ। ਅਜਿਹੇ ਸਮੇਂ ਮਨੁੱਖੀ ਬਿਰਤੀਆਂ ਦਾ ਵਿਚਲਤ ਹੋਣਾ ਸੁਭਾਵਿਕ ਹੀ ਹੈ। ਮਾਨਸਿਕ ਸੰਤੁਲਨ ਵਿਗੜਨ ਸੰਬੰਧੀ ਖਬਰਾਂ ਵੀ ਆਉਣ ਲੱਗੇ ਪਈਆਂ ਹਨ। ਸਾਡੇ ਨੰਨ੍ਹੇ ਮੁੰਨ੍ਹੇ ਘਰਾਂ ਵਿਚ ਬੈਠੇ ਸਵਾਲ ਕਰ ਰਹੇ ਹਨ ਕਿ ਉਨ੍ਹਾਂ ਦਾ ਕੀ ਕਸੂਰ ਹੈ? ਸੋ ਇਸਦਾ ਜਵਾਬ ਲੱਭਣ ਲਈ ਅਜੇ ਉਨ੍ਹਾਂ ਨੂੰ ਹੋਰ ਗਿਆਨ ਅਤੇ ਤਜਰਬੇ ਦੀ ਲੋੜ ਹੈ। ਅਜੋਕੇ ਸਮੇਂ ਦੀ ਮੰਗ ਅਨੁਸਾਰ ਘਰ ਵਿਚ ਬੈਠੇ ਬੱਚਿਆਂ ਦੀ ਮਾਨਸਿਕਤਾ ਨੂੰ ਡੋਲਣ ਤੋਂ ਬਚਾਉਣਾ ਹੈ।
 
ਟੀ.ਵੀ. ਘੱਟ ਦੇਖੋ: ਆਮ ਤੌਰ ਤੇ ਵਿਹਲਾ ਸਮਾਂ ਪਾਸ ਕਰਨ ਲਈ ਟੀ.ਵੀ. ਦੇਖਣ ਦੀ ਸਲਾਹ ਦਿੱਤੀ ਜਾਂਦੀ ਹੈ ਪਰ ਲੰਬਾ ਸਮਾਂ ਲਗਾਤਾਰ ਟੀ.ਵੀ. ਦੇਖਣ ਦਾ ਬਾਲ ਮਨ ’ਤੇ ਬੁਰਾ ਪ੍ਰਭਾਵ ਹੀ ਪੈਂਦਾ ਹੈ। ਸਾਰੀ ਦਿਹਾੜੀ ਦੀ ਬਜਾਏ ਦੋ ਢਾਈ ਘੰਟੇ ਟੀ.ਵੀ. ਤੇ ਮਨੋਰੰਜਕ ਪ੍ਰੋਗਰਾਮ ਦੇਖਣ ਨਾਲ ਮਨ ਨੂੰ ਹੁਲਾਰਾ ਮਿਲ ਸਕਦਾ ਹੈ। ਖਬਰਾਂ ਵਾਲੇ ਚੈਨਲ ਜ਼ਿਆਦਾ ਦੇਖਣ ਨਾਲ ਤੁਹਾਡਾ ਮਨ ਵਿਚਲਤ ਹੋ ਸਕਦਾ ਹੈ। ਪੂਰੇ ਦਿਨ ਵਿਚ ਇਕ ਵਾਰ ਹੀ ਖਬਰਾਂ ਦੇਖੋ/ਸੁਣੋ।

ਨੈਟ ਦੀ ਵਰਤੋਂ ਘਟਾਓ : ਅੱਜਕਲ ਸਰਕਾਰੀ ਅਤੇ ਨਿੱਜੀ ਸਕੂਲਾਂ ਵਲੋਂ ਸਾਰੀ ਪੜ੍ਹਾਈ ਦਾ ਪਬੰਧ ਵੱਖ-ਵੱਖ ਵੈੱਬਸਾਈਟਸ ਅਤੇ ਐਪਸ ਰਾਹੀਂ ਕੀਤਾ ਜਾ ਰਿਹਾ ਹੈ। ਜਿਸ ਕਾਰਨ ਉਨ੍ਹਾਂ ਦਾ ਕਾਫ਼ੀ ਸਮਾਂ ਫੋਨ ਜਾਂ ਲੈਪਟੌਪ ਤੇ ਪੜ੍ਹਾਈ ਲੇਖੇ ਲੱਗ ਰਿਹਾ ਹੈ, ਜੋ ਲਾਜ਼ਮੀ ਹੈ। ਇਸ ਦੇ ਨਾਲ-ਨਾਲ ਇਹ ਵੀ ਦੇਖਿਆ ਗਿਆ ਹੈ ਕਿ ਬਹੁਤੇ ਬੱਚੇ ਨੈਟ ਰਾਹੀਂ ਮੁਬਾਈਲ ’ਤੇ ਪਬ ਜੀ ਵਰਗੀਆਂ ਗੇਮਾਂ ਰਾਹੀਂ ਬਰਬਾਦੀ ਦੀ ਰਾਹੇ ਪੈ ਰਹੇ ਹਨ। ਅਜਿਹੀਆਂ ਨਕਾਰਤਮਕ ਗੇਮਜ਼ ਤੋਂ ਪਰਹੇਜ਼ ਕਰਨ ਵਿਚ ਵੀ ਭਲਾਈ ਹੈ।

ਕਲਾਵਾਂ ਨੂੰ ਵਿਕਸਤ ਕਰੋ : ਹਰ ਬੱਚੇ ਵਿਚ ਕੋਈ ਨਾ ਕੋਈ ਕਲਾ ਜ਼ਰੂਰ ਹੁੰਦੀ ਹੈ। ਹੁਣ ਮੌਕਾ ਹੈ ਉਨ੍ਹਾਂ ਕਲਾਵਾਂ ਦਾ ਅਭਿਆਸ ਕਰਕੇ ਉਨ੍ਹਾਂ ਨੂੰ ਨਿਖਾਰਿਆ ਜਾਵੇ। ਜਿਵੇਂ ਐਕਟਿੰਗ, ਪੇਂਟਿੰਗ, ਗਾਉਣਾ ਵਜਾਉਣਾ, ਲਿਖਣਾ ਅਤੇ ਡਾਸਿੰਗ ਆਦਿ ਕਲਾਵਾਂ ਨਾਲ ਮਨ ਵੀ ਖੁਸ਼ ਰਹੇਗਾ ਤੇ ਕਲਾ ਨੂੰ ਵੀ ਉਭਰਨ ਦਾ ਮੌਕਾ ਮਿਲੇਗਾ। ਅਜਿਹੇ ਕਾਰਜ ਮਨ ਵਿਚੋਂ ਨਕਾਰਤਮਿਕ ਸੋਚ ਨੂੰ ਦੂਰ ਭਜਾਉਂਦੇ ਹਨ।

ਵਿਹਲੀਆਂ ਗੱਲਾਂ ਕਰੋ : ਘਰ ਵਿਚ ਬੱਚਿਆਂ ਨਾਲ ਮਾਪਿਆਂ ਅਤੇ ਵੱਡੇ ਭੈਣ ਭਰਾਵਾਂ ਨੂੰ ਵਿਹਲੀਆਂ ਭਾਵ ਖੁੱਲ੍ਹੀਆਂ ਗੱਲਾਂ ਕਰਨੀਆਂ ਚਾਹੀਦੀਆਂ ਹਨ। ਇਨ੍ਹਾਂ ਗੱਲਾਂ ਰਾਹੀਂ ਮਾਨਸਿਕਤਾ ਤਕੜੀ ਹੋਵੇਗੀ ਨਾਲ ਹੀ ਗਿਆਨ ਵਿਚ ਵਾਧਾ ਵੀ ਹੋਵੇਗੀ। ਜਿਵੇਂ ਬੁਝਾਰਤਾਂ, ਚੁਟਕਲੇ, ਮੁਹਾਵਰੇ, ਸ਼ੇਅਰ ਅਤੇ ਹੋਰ ਅਜਿਹੀਆਂ ਮਨੋਰੰਜਕ ਖੇਡਾਂ ਵੀ ਖੇਡੀਆਂ ਜਾ ਸਕਦੀਆਂ ਹਨ। ਜੋ ਮਨ ਨੂੰ ਹੌਲਾ ਅਤੇ ਦਿਮਾਗ ਨੂੰ ਚੁਸਤ ਦਰੁਸਤ ਰੱਖਦੀਆਂ ਹਨ। ਇਧਰ ਉਧਰ ਦੀਆਂ ਗੱਲਾਂ ਨਾਲ ਵੀ ਮਨ ਵਿਚ ਊਰਜਾ ਪੈਦਾ ਹੁੰਦੀ ਹੈ ਪਰ ਇਹ ਗੱਲਾਂ ਸਕਾਰਤਮਕ ਹੋਣੀਆਂ ਚਾਹੀਦੀਆਂ ਹਨ।

ਰੋਜ਼ਾਨਾ ਪੁਸਤਕਾਂ ਪੜ੍ਹੋ : ਬੱਚਿਆਂ ਵਿਚ ਪੜ੍ਹਨ ਦੀ ਰੁਚੀ ਘਟ ਰਹੀ ਹੈ ਪਰ ਅੱਜਕਲ੍ਹ ਇਸਨੂੰ ਉਜਾਗਰ ਕਰਨ ਦੀ ਖਾਸ ਜ਼ਰੂਰਤ ਹੈ। ਸਿਲੇਬਸ ਤੋਂ ਇਲਾਵਾ ਹੋਰ ਰੌਚਕ ਪੁਸਤਕਾਂ ਦੀ ਚੋਣ ਅਧਿਆਪਕ ਜਾਂ ਮਾਪਿਆਂ ਦੀ ਰਾਇ ਅਨੁਸਾਰ ਰੋਜ਼ਾਨਾ ਪੜ੍ਹੀਆਂ ਜਾਣ। ਰਿਸ਼ਤਿਆਂ ਵਿਚੋਂ ਖਤਮ ਹੋ ਰਹੇ ਨਿੱਘ ਨੂੰ ਕਾਇਮ ਰੱਖਣ ਲਈ ਨਰੋਇਆ ਸਾਹਿਤ ਲੋੜੀਂਦਾ ਹੈ। ਕਹਿੰਦੇ ਨੇ ਇਕ ਪੁਸਤਕ ਵਿਚ ਇੰਨੀ ਤਾਕਤ ਹੁੰਦੀ ਹੈ ਕਿ ਉਹ ਢੇਰੀ ਢਾਹ ਚੁੱਕੇ ਇਨਸਾਨ ਨੂੰ ਰਾਹ ਅਤੇ ਆਤਮ ਹੱਤਿਆਂ ਕਰਨ ਜਾ ਰਹੇ ਆਦਮੇ ਨੂੰ ਜੀਵਨ ਬਖਸ਼ ਦਿੰਦੀ ਹੈ। ਸੋ ਅਜੋਕੇ ਹਾਲਾਤਾਂ ਨਾਲ ਟੱਕਰ ਲੈਣ ਲਈ ਘਰ ਵਿਚ ਹਾਸੇ ਠੱਠੇ ਦਾ ਮਾਹੌਲ ਬਣਾ ਕੇ ਸਮਾਂ ਟਪਾਇਆ ਜਾਵੇ। ਦੋਸਤਾਂ ਮਿੱਤਰਾਂ ਦੀ ਖਬਰ ਸਾਰ ਵੀ ਫ਼ੋਨ ’ਤੇ ਲੈਂਦੇ ਰਹਿਣਾ ਚਾਹੀਦਾ ਹੈ।

ਵਹਿਮ ਭਰਮਾਂ ਤੋਂ ਬਚੋ : ਸ਼ੋਸ਼ਲ ਮੀਡੀਆ ਅਤੇ ਹੋਰ ਇਲੈਕ੍ਰੋਨਿਕ ਮੀਡੀਆ ’ਤੇ ਫੈਲਾਏ ਜਾ ਰਹੇ ਵਹਿਮਾਂ ਭਰਮਾਂ ਤੋਂ ਬਚਣ ਲਈ ਸਕਾਰਤਮਕ ਗੱਲਾਂ ਬਾਤਾਂ ਅਤੇ ਪੁਸਤਕਾਂ ਨਾਲ ਮਨ ਨੂੰ ਬਹਿਲਾਇਆ ਜਾ ਸਕਦਾ ਹੈ। ਪੁਲਸ, ਮੀਡੀਆ ਅਤੇ ਡਾਕਟਰਾਂ ਦੀ ਭੂਮਿਕਾ ਦੀ ਪ੍ਰਸ਼ੰਸਾ ਕਰੋ। ਜੇ ਕਿਤੇ ਉਨ੍ਹਾਂ ਵਲੋਂ ਸਖਤੀ ਕੀਤੀ ਜਾਂਦੀ ਹੈ ਤਾਂ ਇਹ ਸਮਝੋ ਕਿ ਉਹ ਸਾਡੇ ਭਲੇ ਵਾਸਤੇ ਆਪਣੀ ਜਾਨ ਜ਼ੋਖਮ ਵਿਚ ਪਾ ਕੇ ਸਭ ਕੁਝ ਕਰ ਰਹੇ ਹਨ।

ਮਾਪਿਆਂ ਦੀ ਭੂਮਿਕਾ : ਅੱਜਕਲ੍ਹ ਮਾਪਿਆਂ ਕੋਲ ਅਧਿਆਪਕਾਂ ਵਾਲੀਆਂ ਜ਼ਿੰਮੇਵਾਰੀਆਂ ਵੀ ਆ ਗਈਆਂ ਹਨ। ਅਸਲ ਇਕ ਇਕ ਪੜ੍ਹੀ ਲਿਖੀ ਮਾਂ ਇਕ ਯੂਨੀਵਰਸਿਟੀ ਦੇ ਤੁਲ ਹੁੰਦੀ ਹੈ। ਇਸ ਮੌਕੇ ਜਿੱਥੇ ਉਨ੍ਹਾਂ ਜ਼ਿੰਮੇ ਬੱਚਿਆਂ ਦੀ ਖੁਰਾਕ ਦਾ ਖਾਸ ਖਿਆਲ ਰੱਖਣ ਦੀ ਲੋੜ ਹੈ, ਉਥੇ ਉਨ੍ਹਾਂ ਦੀ ਹਰ ਗਤੀਵਿਧੀ ਨੂੰ ਸਮੇਂ ਦੇ ਅਨੂਕੂਲ ਸੰਚਾਲਤ ਕਰਨ ਦੀ ਵੀ ਲੋੜ ਹੈ। ਭਾਵ ਉਨ੍ਹਾਂ ਨਾਲ ਲੰਘਦੇ ਪਲਾਂ ਦਾ ਖਾਸ ਤਰੀਕੇ ਨਾਲ ਖੁਸ਼ਗਵਾਰ ਮਾਹੌਲ ਸਿਰਜਿਆ ਜਾਵੇ।

ਲੋੜਵੰਦਾਂ ਦੀ ਸਹਾਇਤਾ ਕਰੋ : ਲਾਕਡਾਊਨ ਦੌਰਾਨ ਆਪਣੇ ਆਲੇ-ਦੁਆਲੇ ਵਸਦੇ ਉਨ੍ਹਾਂ ਲੋੜਵੰਦਾਂ ਦੀ ਮਦਦ ਕਰੋ, ਜੋ ਤੁਹਾਡੀ ਸਹਾਇਤਾ ਦੀ ਉਡੀਕ ਵਿਚ ਹਨ। ਭੁੱਖੇ ਨੂੰ ਰੋਟੀ ਤੇ ਪਿਆਸੇ ਨੂੰ ਪਾਣੀ ਪਿਲਾ ਕੇ ਜੋ ਸਕੂਨ ਮਿਲਦਾ ਹੈ, ਉਹ ਹੋਰ ਕਿਸੇ ਵੀ ਕਾਰਜ ਨਾਲ ਹਾਸਿਲ ਨਹੀਂ ਕੀਤਾ ਜਾ ਸਕਦਾ। ਸਰਬੱਤ ਦਾ ਭਲਾ ਕਰਨ ਵਿਚ ਹੀ ਆਪਣੀ ਭਲਾਈ ਹੈ। ਘਰ ਵਿਚ ਪੜ੍ਹਾਈ, ਮੈਡੀਟੇਸ਼ਨ, ਮਨੋਰੰਜਨ, ਖੁਲ੍ਹੀਆਂ ਗੱਲਾਂ ਐਕਰਸਾਈਜ਼ ਅਤੇ ਲੋਕ ਭਲਾਈ ਦੇ ਕਾਰਜਾਂ ਨਾਲ ਮਾਨਸਿਕਤਾ ਨੂੰ ਡੋਲਣ ਤੋਂ ਬਚਾਇਆ ਜਾ ਸਕਦਾ ਹੈ।

ਬਲਜਿੰਦਰ ਮਾਨ
9815018947    

rajwinder kaur

This news is Content Editor rajwinder kaur