ਜਲਾਲਾਬਾਦ ਸਬਜੀ ਮੰਡੀ ''ਚ ਨੌਜਵਾਨ ਕਿਸਾਨਾਂ ਨੇ ਬੰਦ ਨੂੰ ਲੈ ਕੇ ਕੀਤੀ ਹੁੱਲੜਬਾਜ਼ੀ

06/02/2018 12:17:59 PM

ਜਲਾਲਾਬਾਦ (ਸੇਤੀਆ, ਜਤਿੰਦਰ) : ਕਿਸਾਨ ਯੂਨੀਅਨ ਕਾਦੀਆਂ ਦੇ ਸੱਦੇ ਤੇ 1 ਜੂਨ ਤੋਂ 10 ਜੂਨ ਤੱਕ ਦਿੱਤੇ ਗਏ ਬੰਦ ਦੇ ਸੱਦੇ ਦੇ ਚਲਦਿਆਂ ਸ਼ਨੀਵਾਰ ਨੂੰ ਕਿਸਾਨ ਜਥੇਬੰਦੀ ਵਿਚ ਸ਼ਾਮਿਲ ਕੁੱਝ ਨੌਜਵਾਨ ਕਿਸਾਨਾਂ ਨੇ ਸਬਜੀ ਮੰਡੀ ਪਹੁੰਚ ਕੇ ਜਿੱਥੇ ਹੁੱਲੜਬਾਜ਼ੀ ਕੀਤੀ, ਉਥੇ ਹੀ ਸਬਜੀਆਂ ਨੂੰ ਸੁੱਟਣ ਦਾ ਯਤਨ ਵੀ ਕੀਤਾ। ਇਸ ਤੋਂ ਬਾਅਦ ਸਬਜੀ ਮੰਡੀ ਯੂਨੀਅਨ ਵਲੋਂ ਥਾਣਾ ਸਿਟੀ ਨੂੰ ਸੂਚਿਤ ਕੀਤਾ ਗਿਆ ਅਤੇ ਮੌਕੇ 'ਤੇ ਪਹੁੰਚੀ ਐੱਸ. ਐੱਚ. ਓ. ਮੈਡਮ ਲਵਮੀਤ ਕੌਰ ਨੇ ਸਥਿਤੀ ਨੂੰ ਸੰਭਾਲਦੇ ਹੋਏ ਹੁੱਲੜਬਾਜ਼ੀ ਨੂੰ ਰੋਕਿਆ ਅਤੇ ਸਖਤ ਚਿਤਾਵਨੀ ਵੀ ਦਿੱਤੀ। 
ਇਥੇ ਦੱਸਣਯੋਗ ਹੈ ਕਿ ਸਬਜੀਆਂ ਦੇ ਘੱਟ ਮਿਲ ਰਹੇ ਭਾਅ ਦੇ ਚਲਦਿਆਂ ਕਿਸਾਨ ਜਥੇਬੰਦੀਆਂ ਵਲੋਂ 1 ਜੂਨ ਤੋਂ 10 ਜੂਨ ਤੱਕ ਕਿਸਾਨਾਂ ਨੂੰ ਮੰਡੀਆਂ ਵਿਚ ਸਬਜੀਆਂ ਨਾ ਲਿਆਉਣ ਅਤੇ ਦੁੱਧ ਨਾ ਵੇਚਣ ਲਈ ਫੈਸਲਾ ਕੀਤਾ ਸੀ। ਹਾਲਾਂਕਿ ਇਸ ਸੱਦੇ ਦਾ ਕੋਈ ਖਾਸ ਅਸਰ ਨਹੀਂ ਪਿਆ ਅਤੇ ਕਿਸਾਨਾਂ ਵਲੋਂ ਮੰਡੀਆਂ ਵਿਚ ਸਬਜੀਆਂ ਲਿਆਉਣ ਦਾ ਸਿਲਸਿਲਾ ਜਾਰੀ ਹੈ ਪਰ ਸ਼ਨੀਵਾਰ ਨੂੰ ਕਿਸਾਨ ਜਥੇਬੰਦੀ ਵਿਚ ਸ਼ਾਮਿਲ ਨੌਜਵਾਨਾਂ ਨੇ ਮੰਡੀ ਵਿਚ ਹੁੱਲੜਬਾਜ਼ੀ ਕੀਤੀ ਅਤੇ ਸਬਜੀਆਂ ਸੁੱਟਣ ਦੀ ਵੀ ਕੋਸ਼ਿਸ਼ ਕੀਤੀ। 
ਇਸ ਮੌਕੇ ਸਬਜੀ ਮੰਡੀ ਯੂਨੀਅਨ ਦੇ ਪ੍ਰਧਾਨ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਕਿਸਾਨ ਜਥੇਬੰਦੀਆਂ ਨੂੰ ਪਿੰਡਾਂ ਵਿਚ ਹੀ ਕਿਸਾਨਾਂ ਨੂੰ ਸਬਜੀਆਂ ਨਾ ਲਿਆਉਣ ਲਈ ਕਹਿਣਾ ਚਾਹੀਦਾ ਹੈ ਕਿਉਂਕਿ ਜੋ ਕਿਸਾਨ ਮੰਡੀ ਵਿਚ ਸਬਜੀ ਲਿਆÀੁਂਦੇ ਹਨ ਉਨ੍ਹਾਂ ਨੂੰ ਵੇਚਣ ਤੋਂ ਰੋਕਿਆ ਨਹੀਂ ਜਾ ਸਕਦਾ। ਸੁਰਿੰਦਰ ਕੁਮਾਰ ਨੇ ਦੱਸਿਆ ਕਿ ਸਿਰਫ ਛੋਟੇ ਕਿਸਾਨ ਹੀ ਨਹੀਂ ਬਲਕਿ ਇਸ ਕਾਰੋਬਾਰ ਨਾਲ ਜੁੜੇ ਕੁੱਝ ਸਬਜੀ ਵਿਕ੍ਰੇਤਾ ਵੀ ਹਨ ਜੋ 300 ਤੋਂ 400 ਰੁਪਏ ਦਿਹਾੜੀ ਸਬਜੀ ਵੇਚ ਕੇ ਕਮਾਉਂਦੇ ਹਨ ਪਰ ਜੇਕਰ ਉਹ ਸਬਜੀ ਨਹੀਂ ਵੇਚਣਗੇ ਤਾਂ ਆਪਣੇ ਘਰ ਦਾ ਗੁਜ਼ਾਰਾ ਕਿਸ ਤਰ੍ਹਾਂ ਚਲਾਉਣਗੇ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਕੁੱਝ ਕਿਸਾਨ ਵੀ ਅਜਿਹੇ ਹਨ ਜੋ ਕਾਫੀ ਆਰਥਿਕ ਪੱਖੋਂ ਕਮਜ਼ੋਰ ਹਨ ਅਤੇ ਜੇਕਰ 10 ਦਿਨਾਂ ਤੱਕ ਸਬਜੀ ਨਹੀਂ ਵੇਚਣਗੇ ਤਾਂ ਉਨ੍ਹਾਂ ਨੂੰ ਕਾਫੀ ਆਰਥਿਕ ਨੁਕਸਾਨ ਝੱਲਣਾ ਪੈ ਸਕਦਾ ਹੈ।  
ਉਧਰ ਇਹ ਵੀ ਪਤਾ ਲੱਗਾ ਹੈ ਕਿ ਪਿੰਡਾਂ ਤੋਂ ਦੁੱਧ ਲਿਆ ਰਹੇ ਦੋਧੀਆਂ ਨੂੰ ਰੋਕ ਕੇ ਵੀ ਦੁੱਧ ਡੋਲਣ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਡੇਅਰੀ ਯੂਨੀਅਨ ਨੇ ਵੀ ਇਸ ਗੱਲ ਦਾ ਸਖਤ ਵਿਰੋਧ ਕੀਤਾ ਹੈ ਕਿ ਕਿਸਾਨ ਜਥੇਬੰਦੀਆਂ ਸ਼ਾਂਤਮਈ ਆਪਣਾ ਰੋਸ਼ ਜਾਹਿਰ ਕਰਨ ਅਤੇ ਪਿੰਡਾਂ ਵਿੱਚ ਹੀ ਕਿਸਾਨਾਂ ਨੂੰ ਸਬਜੀਆਂ ਅਤੇ ਦੁੱਧ ਵੇਚਣ ਤੋਂ ਰੋਕਣ।