ਤਨਖਾਹਾਂ ਨਾ ਮਿਲਣ ਕਾਰਨ ਵੂਲਨ ਮਿਲ ਦੇ ਦੋ ਮੁਲਾਜ਼ਮਾਂ ਦੀ ਹੋਈ ਮੌਤ

05/26/2018 5:50:09 PM

ਬਟਾਲਾ/ਧਾਰੀਵਾਲ (ਬੇਰੀ, ਖੋਸਲਾ, ਬਲਬੀਰ) - ਆਰਥਿਕ ਤੰਗੀ ਕਾਰਨ ਨਿਊ ਇਜਰਟਨ ਵੂਲਨ ਮਿੱਲ ਦੇ ਦੋ ਮੁਲਾਜ਼ਮਾਂ ਦੀ ਮੌਤ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਭਾਰਤੀ ਮਜ਼ਦੂਰ ਸੰਘ ਦੇ ਪ੍ਰਧਾਨ ਤਰਸੇਮ ਮਸੀਹ, ਮਜ਼ਦੂਰ ਦਲ ਦੇ ਪ੍ਰਧਾਨ ਨਰਿੰਦਰ ਸਿੰਘ, ਸੁਸ਼ੀਲ ਕੁਮਾਰ, ਅਸ਼ੋਕ ਕੁਮਾਰ, ਪ੍ਰਕਾਸ਼ ਚੰਦ ਆਦਿ ਆਗੂਆਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਧਾਰੀਵਾਲ ਮਿੱਲ ਕਰਮਚਾਰੀਆਂ ਨੂੰ ਪਿਛਲੇ 12 ਮਹੀਨਿਆਂ ਤੋਂ ਤਨਖਾਹਾਂ ਨਹੀਂ ਮਿਲੀਆਂ, ਜਿਸ ਕਾਰਨ ਮਜ਼ਦੂਰ ਪਰਿਵਾਰਾਂ ਦੀ ਆਰਥਿਕ ਹਾਲਤ ਮਾੜੀ ਹੋਣ ਕਾਰਨ ਇਕ ਮਜ਼ਦੂਰ ਦੀ 20 ਮਈ ਅਤੇ ਦੂਜੇ ਮਜ਼ਦੂਰ ਦੀ 23 ਮਈ ਨੂੰ ਅਚਾਨਕ ਮੌਤ ਹੋ ਗਈ ਸੀ। 
ਇਸ ਦੌਰਾਨ ਮਜ਼ਦੂਰ ਆਗੂਆਂ ਨੇ ਦੱਸਿਆ ਕਿ ਇਹ ਅਦਾਰਾ ਭਾਰਤ ਸਰਕਾਰ ਦੇ ਕੱਪੜਾ ਮੰਤਰਾਲੇ ਅਧੀਨ ਹੈ ਜਦਕਿ ਸਮੂਹ ਮਜ਼ਦੂਰਾਂ ਵੱਲੋਂ ਪਿਛਲੇ ਸਮੇਂ ਦੌਰਾਨ ਤਨਖਾਹਾਂ ਨਾ ਮਿਲਣ ਦੇ ਰੋਸ ਵੱਜੋਂ ਸਰਕਾਰਾਂ ਅਤੇ ਪ੍ਰਬੰਧਕਾਂ ਖਿਲਾਫ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਸਨ। ਉਨ੍ਹਾਂ ਕਿਹਾ ਕਿ ਭਾਜਪਾ ਦੇ ਕੌਮੀ ਕਾਰਜਕਾਰਨੀ ਮੈਂਬਰ ਅਤੇ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਇੰਚਾਰਜ ਸਵਰਨ ਸਲਾਰੀਆ ਨੂੰ ਮਜ਼ਦੂਰਾਂ ਦੀਆਂ ਕੇਂਦਰ ਸਰਕਾਰ ਤੋਂ ਤਨਖਾਹਾਂ ਰਲੀਜ਼ ਕਰਵਾਉਣ ਲਈ ਮਿਲਿਆ ਸੀ, ਜਿਸ ਤੋਂ ਬਾਅਦ ਸਵਰਨ ਸਲਾਰੀਆ ਨੇ ਧਾਰੀਵਾਲ ਮਿੱਲ ਦਾ ਦੌਰਾ ਵੀ ਕੀਤਾ ਸੀ। ਇਸ ਦੌਰਾਨ ਸਲਾਰੀਆ ਨੇ ਮਜ਼ਦੂਰਾਂ ਨੂੰ ਯਕੀਨ ਦਿਵਾਇਆ ਸੀ ਕਿ ਉਹ ਕੱਪੜਾ ਮੰਤਰੀ ਸਮਰਿਤੀ ਇਰਾਨੀ ਨੂੰ ਮਿਲ ਕੇ ਧਾਰੀਵਾਲ ਮਿੱਲ ਦੇ ਕਰਮਚਾਰੀਆਂ ਦੀਆਂ ਪਿਛਲੀਆਂ ਤਨਖਾਹਾਂ ਜਲਦ ਜਾਰੀ ਕਰਵਾਉਣਗੇ। 
ਇਸ ਮੌਕੇ ਮਜ਼ਦੂਰ ਆਗੂਆਂ ਨੇ ਕਿਹਾ ਕਿ ਹਰ ਪਾਸਿਓ ਲਾਰੇ ਹੀ ਨਜ਼ਰ ਆਉਦੇ ਦਿਖਾਈ ਦੇ ਰਹੇ ਹਨ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੱਪੜਾ ਮੰਤਰੀ ਸਮਰਿਤੀ ਇਰਾਨੀ ਤੋਂ ਮੰਗ ਕੀਤੀ ਕਿ ਜੇਕਰ ਉਹ ਸਾਡੀਆ ਤਨਖਾਹਾਂ ਨਹੀਂ ਦੇ ਸਕਦੇ ਤਾਂ ਸਾਡੇ ਪਰਿਵਾਰਾਂ ਵਾਸਤੇ ਇਕ-ਇਕ ਜ਼ਹਿਰ ਦੀ ਪੂੜੀ ਭੇਜ ਦੇਣ। ਇਸ ਮੌਕੇ ਓਮ ਪ੍ਰਕਾਸ਼, ਵਿਨੋਦ ਕੁਮਾਰ, ਸਤਨਾਮ ਸਿੰਘ, ਪ੍ਰੀਤਮ ਸਿੰਘ, ਹਰਭਜਨ ਸਿੰਘ, ਰਣਜੀਤ ਸਿੰਘ ਤੋਂ ਇਲਾਵਾ ਹੋਰ ਮਜ਼ਦੂਰ ਹਾਜ਼ਰ ਸਨ।