ਲੋਕਾਂ ਦੀ ਮਦਦ ਨਾਲ ਟੋਭੇ ਦੀ ਸਫਾਈ ਸ਼ੁਰੂ

05/20/2018 6:26:32 AM

ਕੁਰਾਲੀ/ਖਰੜ,  (ਬਠਲਾ, ਅਮਰਦੀਪ)-  ਪਿੰਡ ਰਡਿਆਲਾ ਦੇ ਗੁਰਦੁਆਰਾ ਭਗਤ ਰਵਿਦਾਸ ਦੇ ਨੇੜਲਾ ਟੋਭਾ ਪਾਣੀ ਨਾਲ ਭਰਿਆ ਹੋਇਆ ਹੈ ਤੇ ਟੋਭੇ ਦਾ ਗੰਦਾ ਪਾਣੀ ਗੁਰਦੁਆਰਾ ਸਾਹਿਬ ਦੇ ਰਸਤੇ ਤੇ ਲੋਕਾਂ ਦੇ ਘਰਾਂ ਦੇ ਅੱਗੇ ਗਲੀਆਂ ਵਿਚ ਖੜ੍ਹਾ ਹੋਣ ਕਾਰਨ ਮੱਖੀ-ਮੱਛਰ ਪੈਦਾ ਹੋ ਰਹੇ ਸਨ ਤੇ ਬਰਸਾਤ ਦੇ ਦਿਨਾਂ ਵਿਚ ਤਾਂ ਟੋਭੇ ਦਾ ਗੰਦਾ ਪਾਣੀ ਲੋਕਾਂ ਦੇ ਘਰਾਂ ਵਿਚ ਵੀ ਵੜ ਜਾਂਦਾ ਹੈ । ਇਸ ਲਈ ਗ੍ਰਾਮ ਪੰਚਾਇਤ ਤੇ ਬੀ. ਡੀ. ਪੀ. ਓ. ਨੂੰ ਪਿੰਡ ਵਾਸੀਆਂ ਨੇ ਕਈ ਵਾਰ ਪੱਤਰ ਲਿਖੇ ਤੇ ਪੰਚਾਇਤ ਡਾਇਰੈਕਟਰ ਨੂੰ ਵੀ ਕਈ ਵਾਰ ਮਿਲੇ ਪਰ ਪਿੰਡ ਵਾਸੀਆਂ ਦੀ ਗੰਦੇ ਪਾਣੀ ਦੀ ਸਮੱਸਿਆ ਦਾ ਕੋਈ ਵੀ ਹੱਲ ਨਾ ਹੋਇਆ ।
ਆਉਣ ਵਾਲੇ ਬਰਸਾਤ ਦੇ ਮੌਸਮ ਨੂੰ ਦੇਖਦਿਆਂ ਮੁਹੱਲਾ ਨਿਵਾਸੀਆਂ ਨੇ ਪੈਸੇ ਇਕੱਠੇ ਕਰਕੇ ਟੋਭੇ ਦੀ ਸਫਾਈ ਦਾ ਕੰਮ ਜਸਵੀਰ ਸਿੰਘ ਪ੍ਰਧਾਨ ਗੁਰਦੁਆਰਾ ਭਗਤ ਰਵਿਦਾਸ ਪ੍ਰਬੰਧਕ ਕਮੇਟੀ, ਬਹਾਦਰ ਸਿੰਘ, ਅਜਮੇਰ ਸਿੰਘ, ਬੰਤ ਸਿੰਘ ਤੇ ਬਲਜੀਤ ਸਿੰਘ ਦੀ ਅਗਵਾਈ ਹੇਠ ਸ਼ੁਰੂ ਕਰਵਾਇਆ । ਟੋਭੇ ਦੀ ਸਫਾਈ ਦੇ ਕੰਮ ਵਿਚ ਪਿੰਡ ਦੀ ਪੰਚਾਇਤ ਵਲੋਂ ਕਿਸੇ ਵੀ ਕਿਸਮ ਦੀ ਕੋਈ ਮਦਦ ਨਹੀਂ ਕੀਤੀ ਗਈ ਤੇ ਨਾ ਹੀ ਸਰਕਾਰ ਵਲੋਂ ਹੀ ਕਿਸੇ ਕਿਸਮ ਦੀ ਮਦਦ ਕੀਤੀ ਜਾ ਰਹੀ ਹੈ, ਜਿਸ ਕਾਰਨ ਪਿੰਡ ਦੇ ਲੋਕਾਂ ਵਿਚ ਸੂਬਾ ਸਰਕਾਰ ਤੇ ਪਿੰਡ ਦੀ ਪੰਚਾਇਤ ਖਿਲਾਫ ਕਾਫੀ ਰੋਸ ਪਾਇਆ ਜਾ ਰਿਹਾ ਹੈ ।