ਸੁਖਬੀਰ ਦੇ ਰੋਡ ਸ਼ੋਅ ਦਾ ਥਾਂ-ਥਾਂ ''ਤੇ ਨਿੱਘਾ ਸਵਾਗਤ

05/27/2018 8:12:49 AM

ਸ਼ਾਹਕੋਟ  (ਜ.ਬ.) — ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਾਂਗਰਸ ਸਰਕਾਰ ਵਲੋਂ ਠੱਗੇ ਗਏ ਪੰਜਾਬ ਦੇ ਲੋਕਾਂ ਨਾਲ ਇੱਕਮੁਠਤਾ ਜਤਾਉਣ ਲਈ ਰੋਡ ਸ਼ੋਅ ਕੱਢਿਆ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਮਾਜ ਦੇ ਹਰ ਵਰਗ ਨੂੰ ਧੋਖਾ ਦੇਣ ਵਾਸਤੇ ਕਾਂਗਰਸ ਪਾਰਟੀ ਨੂੰ 28 ਮਈ ਨੂੰ ਹੋ ਰਹੀ ਜ਼ਿਮਨੀ ਚੋਣ ਵਿਚ ਕਰਾਰਾ ਸਬਕ ਸਿਖਾਉਣ।ਪਾਰਟੀ ਉਮੀਦਵਾਰ ਨਾਇਬ ਸਿੰਘ ਕੋਹਾੜ ਦੇ ਹੱਕ ਵਿਚ ਕੱਢੇ ਗਏ ਇਸ ਰੋਡ ਸ਼ੋਅ ਦੀ ਅਗਵਾਈ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇੱਕ ਖੁੱਲ੍ਹੇ ਕੈਂਟਰ ਅਤੇ ਜੀਪ ਵਿਚ ਬੈਠ ਕੇ ਆਮ ਲੋਕਾਂ ਵਾਂਗ ਧੁੱਪ ਅਤੇ ਧੂੜ ਦਾ ਸਾਹਮਣਾ ਕੀਤਾ ਅਤੇ ਕਾਂਗਰਸ ਸਰਕਾਰ ਵੱਲੋਂ ਠੱਗੇ ਗਏ ਕਿਸਾਨਾਂ, ਦਲਿਤਾਂ ਅਤੇ ਨੌਜਵਾਨਾਂ ਸਮੇਤ ਆਮ ਲੋਕਾਂ ਨਾਲ ਇੱਕਮੁਠਤਾ ਦਾ ਇਜ਼ਹਾਰ ਕੀਤਾ। ਅਕਾਲੀ ਦਲ ਦਾ ਰੋਡ ਸ਼ੋਅ ਕਾਂਗਰਸ ਵੱਲੋਂ ਕੀਤੇ ਰੋਡ ਸ਼ੋਅ ਤੋਂ ਬਿਲਕੁਲ ਉਲਟ ਸੀ। ਕਾਂਗਰਸੀ ਰੋਡ ਸ਼ੋਅ ਇੱਕ ਕਰੋੜ ਰੁਪਏ ਖਰਚ ਕੇ ਤਿਆਰ ਕਰਵਾਈ ਏ. ਸੀ. ਬੱਸ ਵਿਚ ਬੈਠ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਰਸਮੀ ਦਿਖਾਵਾ ਕਰਨ ਲਈ ਕੱਢਿਆ ਗਿਆ ਸੀ, ਜੋ ਕਿ ਚੋਣ ਪ੍ਰਚਾਰ ਦੇ ਆਖਰੀ ਦਿਨ ਮਨਾਲੀ ਦੀਆਂ ਪਹਾੜੀਆਂ ਵਿਚੋਂ ਉੱਤਰ ਕੇ ਆਏ ਸਨ।
ਅਕਾਲੀ ਦਲ ਵੱਲੋਂ ਮਲਸੀਆਂ ਤੋਂ ਲੈ ਕੇ ਦਰਜਨਾਂ ਪਿੰਡਾਂ ਵਿਚੋਂ ਦੀ ਹੁੰਦੇ ਹੋਏ ਲੋਹੀਆਂ, ਸ਼ਾਹਕੋਟ ਅਤੇ ਮਹਿਤਪੁਰ ਤਕ ਕੱਢੇ 50 ਕਿਲੋਮੀਟਰ ਲੰਬੇ ਰੋਡ ਸ਼ੋਅ ਦੌਰਾਨ ਲੋਕਾਂ ਨੇ ਬਹੁਤ ਹੀ ਨਿੱਘਾ ਸਵਾਗਤ ਕੀਤਾ। ਇਸ ਰੋਡ ਸ਼ੋਅ ਵਿਚ ਅਕਾਲੀ ਦਲ ਦੇ ਪ੍ਰਧਾਨ ਦੇ ਨਾਲ ਬਲਵਿੰਦਰ ਸਿੰਘ ਭੂੰਦੜ, ਗੁਲਜ਼ਾਰ ਸਿੰਘ ਰਣੀਕੇ, ਬਿਕਰਮ ਸਿੰਘ ਮਜੀਠੀਆ, ਕਰਨਲ (ਸੇਵਾਮੁਕਤ) ਸੀ. ਡੀ. ਸਿੰਘ ਕੰਬੋਜ, ਅਮਰਜੀਤ ਥਿੰਦ ਅਤੇ ਬ੍ਰਿਜ ਭੁਪਿੰਦਰ ਸਿੰਘ ਵੀ ਮੌਜੂਦ ਸਨ। 
ਇਸ ਰੋਡ ਸ਼ੋਅ ਦੌਰਾਨ ਨੌਜਵਾਨਾਂ ਵਿਚ ਭਾਰੀ ਉਤਸ਼ਾਹ ਵੇਖਿਆ ਗਿਆ ਅਤੇ ਸਾਰੇ ਪਿੰਡਾਂ ਵਿਚੋਂ ਨਿਕਲਦੇ ਸਮੇਂ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਗਿਆ। ਅਕਾਲੀ ਦਲ ਦੇ ਪ੍ਰਧਾਨ ਨੇ ਪਿੰਡ ਵਾਸੀਆਂ ਵੱਲੋਂ ਲਾਈਆਂ ਗਈਆਂ ਛਬੀਲਾਂ ਉੱਤੇ ਮਿੱਠਾ ਪਾਣੀ ਪੀਤਾ। ਉਨ੍ਹਾਂ ਰਸਤੇ ਵਿਚ ਲੰਗਰ ਵੀ ਛਕਿਆ। ਪਿੰਡ ਵਾਸੀਆਂ ਅਤੇ ਸ਼ਹਿਰ ਵਾਸੀਆਂ ਨੇ ਇਸ ਰੋਡ ਸ਼ੋਅ ਵਿਚ ਭਾਗ ਲੈਣ ਵਾਲੇ ਹਜ਼ਾਰਾਂ ਅਕਾਲੀ ਵਰਕਰਾਂ ਵਾਸਤੇ ਰਸਤੇ ਵਿਚ ਥਾਂ-ਥਾਂ ਲੰਗਰ ਅਤੇ ਛਬੀਲਾਂ ਲਾਈਆਂ ਹੋਈਆਂ ਸਨ।
ਇਸ ਮੌਕੇ ਅਕਾਲੀ ਦਲ ਦੇ ਪ੍ਰਧਾਨ ਨੇ ਸ਼ਾਹਕੋਟ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਕਾਂਗਰਸ ਕੋਲੋਂ 28 ਮਈ ਨੂੰ ਕਿਸਾਨਾਂ, ਦਲਿਤਾਂ, ਨੌਜਵਾਨਾਂ ਅਤੇ ਵਪਾਰੀਆਂ ਨਾਲ ਕੀਤੇ ਵਾਅਦਿਆਂ ਤੋਂ ਮੁੱਕਰਨ ਦਾ ਬਦਲਾ ਲੈਣ। ਉਨ੍ਹਾਂ ਨੇ ਪਿਛਲੇ 10 ਸਾਲਾਂ ਦੇ ਅਕਾਲੀ-ਭਾਜਪਾ ਕਾਰਜਕਾਲ ਦੌਰਾਨ ਕੀਤੇ ਵਿਕਾਸ ਕਾਰਜਾਂ ਸਦਕਾ ਅਕਾਲੀ ਦਲ ਵਿਚ ਮੁੜ ਭਰੋਸਾ ਪ੍ਰਗਟਾਉਣ ਅਤੇ ਅਕਾਲੀ ਉਮੀਦਵਾਰ ਦਾ ਸਮਰਥਨ ਕਰਨ ਵਾਸਤੇ ਲੋਕਾਂ ਦਾ ਧੰਨਵਾਦ ਕੀਤਾ।
ਇਸ ਹਲਕੇ ਦੇ ਹਜ਼ਾਰਾਂ ਨਾਗਰਿਕਾਂ ਅਤੇ ਪਾਰਟੀ ਵਰਕਰਾਂ ਨੇ ਅਕਾਲੀ ਦਲ ਦੇ ਹੱਕ ਵਿਚ ਕਾਰਾਂ, ਟਰੈਕਟਰਾਂ ਅਤੇ ਮੋਟਰਸਾਈਕਲਾਂ ਸਮੇਤ ਇਸ ਰੋਡ ਸ਼ੋਅ ਵਿਚ ਭਾਗ ਲਿਆ। ਰੋਡ ਸ਼ੋਅ ਵਿਚ 500 ਤੋਂ ਵਧੇਰੇ ਟਰੈਕਟਰ ਸਨ ਅਤੇ ਕਿਸਾਨਾਂ ਨਾਲ ਇੱਕਮੁਠਤਾ ਦਾ ਮੁਜ਼ਾਹਰਾ ਕਰਨ ਲਈ ਬਿਕਰਮ ਸਿੰਘ ਮਜੀਠੀਆ ਵੀ ਟਰੈਕਟਰ ਚਲਾ ਰਹੇ ਸਨ। ਰੋਡ ਸ਼ੋਅ ਦੌਰਾਨ ਹਜ਼ਾਰ ਤੋਂ ਵੱਧ ਨੌਜਵਾਨ ਮੋਟਰਸਾਈਕਲਾਂ ਉਤੇ ਸਵਾਰ ਹੋ ਕੇ ਅਕਾਲੀ ਦਲ ਦੇ ਹੱਕ ਵਿਚ ਨਾਅਰੇ ਲਗਾਉਂਦੇ ਜਾ ਰਹੇ ਸਨ।
ਇਹ ਰੋਡ ਸ਼ੋਅ ਬਹੁਤ ਹੌਲੀ ਰਫਤਾਰ ਨਾਲ ਅੱਗੇ ਵਧਿਆ ਅਤੇ ਥਾਂ ਥਾਂ ਪਿੰਡ ਵਾਸੀਆਂ ਅਤੇ ਸ਼ਹਿਰ ਵਾਸੀਆਂ ਵੱਲੋਂ ਲਾਏ ਲੰਗਰਾਂ ਅਤੇ ਛਬੀਲਾਂ ਉਤੇ ਰੋਕੇ ਜਾਣ ਕਰਕੇ ਨਿਰਧਾਰਿਤ ਸਮੇਂ ਤੋਂ ਬਹੁਤ ਹੀ ਪਛੜ ਕੇ ਮਹਿਤਪੁਰ ਪਹੁੰਚਿਆ। ਰਸਤੇ ਵਿਚ ਲੋਕਾਂ ਨੇ ਅਕਾਲੀ ਦਲ ਦੇ ਪ੍ਰਧਾਨ ਦਾ ਦੂਰੋਂ ਬਾਹਾਂ ਹਿਲਾ ਕੇ ਸਵਾਗਤ ਕੀਤਾ ਅਤੇ ਅਕਾਲੀ ਉਮੀਦਵਾਰ ਨਾਇਬ ਸਿੰਘ ਕੋਹਾੜ ਦੀ ਜਿੱਤ ਯਕੀਨੀ ਬਣਾਉਣ ਦਾ ਵਾਅਦਾ ਕੀਤਾ।