ਗਮਾਡਾ ਦੇ ਸੈਕਟਰਾਂ ''ਚ ਪਾਣੀ ਨੂੰ ਤਰਸੇ ਲੋਕ, ਤਿੰਨ ਟਿਊਬਵੈੱਲ ਫੇਲ

05/27/2018 6:55:52 AM

ਮੋਹਾਲੀ,   (ਕੁਲਦੀਪ, ਨਿਆਮੀਆਂ)-  ਗਮਾਡਾ ਅਧੀਨ ਆਉਂਦੇ ਸੈਕਟਰ-68 ਤੇ 69 ਦੇ ਲੋਕ ਗਰਮੀ ਦੇ ਇਸ ਸੀਜ਼ਨ ਵਿਚ ਪਾਣੀ ਨੂੰ ਤਰਸ ਰਹੇ ਹਨ। ਦੋ ਦਿਨਾਂ ਤੋਂ ਦੋਵਾਂ ਸੈਕਟਰਾਂ 'ਚ ਨਾ ਤਾਂ ਨਹਾਉਣ ਲਈ ਪਾਣੀ ਮਿਲ ਰਿਹਾ ਹੈ ਤੇ ਨਾ ਹੀ ਪੀਣ ਲਈ । ਪਤਾ ਲੱਗਾ ਹੈ ਕਿ ਗਮਾਡਾ ਵਲੋਂ ਇਨ੍ਹਾਂ ਖੇਤਰਾਂ ਵਿਚ ਲਾਏ ਗਏ ਤਿੰਨ ਟਿਊਬਵੈੱਲ ਫੇਲ ਹੋ ਚੁੱਕੇ ਹਨ, ਜਿਨ੍ਹਾਂ ਵਿਚ 5, 6 ਤੇ 8 ਨੰਬਰ ਟਿਊਬਵੈੱਲ ਸ਼ਾਮਲ ਹਨ ।  
ਕੇਂਦਰੀ ਸਨਾਤਨ ਧਰਮ ਮੰਦਰ ਕਮੇਟੀ ਦੇ ਜਨਰਲ ਸਕੱਤਰ ਮਨੋਜ ਅਗਰਵਾਲ ਨਿਵਾਸੀ ਸੈਕਟਰ-68 ਤੇ ਕੁਲਵੰਤ ਸਿੰਘ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਵੀ ਪਾਣੀ ਨਹੀਂ ਆਇਆ ਤੇ ਅੱਜ ਸਪਲਾਈ ਬਿਲਕੁਲ ਬੰਦ ਰਹੀ ਹੈ । ਇਕ ਟਿਊਬਵੈੱਲ 'ਤੇ ਜਾ ਕੇ ਲੋਕਾਂ ਨੇ ਪਤਾ ਕੀਤਾ ਤਾਂ ਆਪ੍ਰੇਟਰ ਨੇ ਦੱਸਿਆ ਕਿ ਇਸ ਟਿਊਬਵੈੱਲ ਦੇ ਪਾਣੀ ਵਿਚ ਬਹੁਤ ਜ਼ਿਆਦਾ ਮਿੱਟੀ ਆ ਰਹੀ ਹੈ ਤੇ ਉਸ ਟਿਊਬਵੈੱਲ ਦਾ ਪਾਣੀ ਨਾ ਪੀਣ ਯੋਗ ਤੇ ਨਾ ਹੀ ਨਹਾਉਣ ਯੋਗ ਹੈ । ਪ੍ਰੇਸ਼ਾਨ ਲੋਕਾਂ ਨੇ ਗਮਾਡਾ ਦੇ ਸਬੰਧਤ ਐਕਸੀਅਨ ਤੇ ਚੀਫ ਇੰਜੀਨੀਅਰ ਸੰਜੀਵ ਕਾਂਸਲ ਨੂੰ ਵੀ ਫੋਨ 'ਤੇ ਜਾਣਕਾਰੀ ਦਿੱਤੀ ਪਰ ਸਮੱਸਿਆ ਦਾ ਕੋਈ ਹੱਲ ਨਹੀਂ ਨਿਕਲਿਆ । 
ਪਾਣੀ ਦੇ ਰੇਟ ਪੰਜ ਗੁਣਾ, ਸਪਲਾਈ ਜ਼ੀਰੋ
ਰੈਜ਼ੀਡੈਂਟਸ ਵੈੱਲਫੇਅਰ ਫੋਰਮ ਦੇ ਪ੍ਰਧਾਨ ਤੇ ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਕੁੰਭੜਾ, ਸਤਬੀਰ ਸਿੰਘ ਧਨੋਆ, ਬੌਬੀ ਕੰਬੋਜ, ਬੀਬੀ ਰਾਜਿੰਦਰ ਕੌਰ ਕੁੰਭੜਾ (ਤਿੰਨੇ ਕੌਂਸਲਰ) ਆਦਿ ਸਮੇਤ ਹੋਰ ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈ ਕਿ ਗਮਾਡਾ ਨੇ ਆਪਣੇ ਅਧੀਨ ਆਉਂਦੇ ਖੇਤਰਾਂ ਵਿਚ ਪਾਣੀ ਦੇ ਰੇਟ ਤਾਂ ਪੰਜ ਗੁਣਾ ਵਧਾ ਦਿੱਤੇ ਹਨ ਪਰ ਗਰਮੀ ਦੇ ਮੌਸਮ ਵਿਚ ਪਾਣੀ ਦੀ ਸਪਲਾਈ ਜ਼ੀਰੋ ਹੈ । ਗਮਾਡਾ ਦੀ ਇਹ ਕਾਰਵਾਈ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ ਦੀ ਵੀ ਉਲੰਘਣਾ ਹੈ । ਗਮਾਡਾ ਪੰਜ ਗੁਣਾ ਪੈਸੇ ਲੈ ਕੇ ਵੀ ਪਾਣੀ ਦੀ ਸਪਲਾਈ ਦੇਣ ਵਿਚ ਫੇਲ ਸਾਬਤ ਹੋ ਰਿਹਾ ਹੈ ।