ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਦਾ ਪ੍ਰੋਗਰਾਮ ਮੁਕਤਸਰ ''ਚ ਜਾਰੀ

05/14/2018 5:11:40 PM

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਸੁਖਪਾਲ ਢਿੱਲੋਂ) - ਭਾਰਤ ਚੋਣ ਕਮਿਸ਼ਨ ਵੱਲੋਂ ਯੋਗਤਾ ਪਹਿਲੀ ਜਨਵਰੀ 2019 ਦੇ ਅਧਾਰ 'ਤੇ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਦਾ ਪ੍ਰੋਗਰਾਮ ਜਾਰੀ ਕਰ ਦਿੱਤਾ ਗਿਆ ਹੈ। ਇਸ ਮੌਕੇ ਜਾਣਕਾਰੀ ਦਿੰਦਿਆਂ ਜ਼ਿਲੇ ਦੇ ਡਿਪਟੀ ਕਮਿਸ਼ਨਰ ਕਮ ਜ਼ਿਲਾ ਚੋਣ ਅਫਸਰ ਡਾ. ਸੁਮੀਤ ਕੁਮਾਰ ਜਾਰੰਗਲ, ਆਈ . ਏ. ਐਸ. ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਕੀਤੇ ਪ੍ਰੋਗਰਾਮ ਅਨੁਸਾਰ ਮਿਤੀ 15 ਮਈ ਤੋਂ 20 ਜੂਨ 2019 ਤੱਕ ਬੀ. ਐਲ. ਓਜ਼ ਵੱਲੋਂ ਘਰ-ਘਰ ਜਾ ਕੇ ਵੈਰੀਫਿਕੇਸ਼ਨ ਕੀਤੀ ਜਾਵੇਗੀ।
ਇਸ ਸਬੰੰਧ 'ਚ 21 ਜੂਨ ਤੋਂ 31 ਜੁਲਾਈ 2019 ਤੱਕ ਪੋਲਿੰਗ ਸਟੇਸ਼ਨਾਂ ਦੀ ਰੈਸ਼ਨੇਲਾਈਜੇਸ਼ਨ ਅਤੇ ਪੋਲਿੰਗ ਸਟੇਸ਼ਨਾਂ ਦੀਆਂ ਇਮਾਰਤਾਂ ਦੀ ਫਿਜ਼ੀਕਲ ਵੈਰੀਫਿਕੇਸ਼ਨ ਕੀਤੀ ਜਾਵੇਗੀ। 1 ਅਗਸਤ ਤੋਂ 31 ਅਗਸਤ ਤੱਕ ਕੰਟਰੋਲ ਟੇਬਲਾਂ ਦੀ ਅਪਡੇਸ਼ਨ ਤੋਂ ਬਾਅਦ ਮਿਤੀ 01 ਸਤੰਬਰ, 2018 ਨੂੰ ਵੋਟਰ ਸੂਚੀ ਦੀ ਮੁਢਲੀ ਪ੍ਰਕਾਸ਼ਨਾ ਕੀਤੀ ਜਾਵੇਗੀ। ਇਸ ਤੋਂ ਇਲਾਵਾ 1 ਸਤੰਬਰ ਤੋਂ 31 ਅਕਤੂਬਰ 2018 ਤੱਕ ਦਾਅਵੇ ਅਤੇ ਇਤਰਾਜ ਦਾਇਰ ਕਰਨ ਦਾ ਸਮਾਂ ਨਿਰਧਾਰਤ ਕੀਤਾ ਗਿਆ ਹੈ। ਇਸ ਮੌਕੇ ਕੋਈ ਵੀ ਵਿਅਕਤੀ ਜਿਸਦੀ ਉਮਰ ਮਿਤੀ 01.ਪਹਿਲੀ 2019 ਨੂੰ 18 ਸਾਲ ਪੂਰੀ ਹੋ ਗਈ ਹੋਵੇ, ਆਪਣੀ ਵੋਟ ਬਣਾਉਣ ਵਾਸਤੇ ਫਾਰਮ ਨੰ. 6 'ਚ ਆਪਣਾ ਦਾਅਵਾ ਪੇਸ਼ ਕਰ ਸਕਦਾ ਹੈ। 
ਵੋਟ ਕਟਵਾਉਣ ਲਈ ਫਾਰਮ ਨੰ. 7,  ਵੋਟਰ ਦੇ ਵੇਰਵਿਆਂ 'ਚ ਦਰੁੱਸਤੀ ਲਈ ਫਾਰਮ ਨੰ. 8 ਅਤੇ  ਵਿਧਾਨ ਸਭਾ ਹਲਕੇ ਅੰਦਰ ਰਿਹਾਇਸ਼ ਤਬਦੀਲੀ ਦੀ ਸੂਰਤ 'ਚ ਫਾਰਮਨੰ: 8 ਓ ਭਰਿਆ ਜਾ ਸਕਦਾ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ, ਸ੍ਰੀ ਮੁਕਤਸਰ ਸਾਹਿਬ ਨੇ ਕਿਹਾ ਕਿ ਪ੍ਰਾਪਤ ਹੋਏ ਦਾਅਵੇ/ਇਤਰਾਜਾਂ ਦਾ ਨਿਪਟਾਰਾ ਮਿਤੀ 30 ਨਵੰਬਰ ਤੱਕ ਕਰਨ ਤੋਂ ਬਾਅਦ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ ਮਿਤੀ 04 ਜਨਵਰੀ, 2019 ਨੂੰ ਕੀਤੀ ਜਾਵੇਗੀ। 
ਇਸ ਮੌਕੇ ਉਨ੍ਹਾਂ ਨੇ ਆਮ ਜਨਤਾ ਅਤੇ ਰਾਜਨੀਤਿਕ ਪਾਰਟੀਆਂ ਨੂੰ ਉਕਤ ਪ੍ਰੋਗਰਾਮ ਅਨੁਸਾਰ ਵੋਟਰ ਸੂਚੀ 'ਚ ਆਪਣਾ ਨਾਮ ਸ਼ਾਮਲ ਕਰਨ, ਸੋਧ ਕਰਨ ਜਾਂ ਨਾਮ ਕਟਵਾਉਣ ਲਈ ਸਬੰਧਤ ਫਾਰਮ ਭਰ ਕੇ ਆਪਣੇ ਬੀ. ਐਲ. ਓ. ਜਾਂ ਚੋਣਕਾਰ ਰਜਿਸਟਰੇਸ਼ਨ ਦੇ ਦਫ਼ਤਰ ਵਿਖੇ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਕ ਜਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਹਰੇਕ ਯੋਗ ਵਿਅਕਤੀ ਨੂੰ ਆਪਣੀ ਵੋਟ ਬਣਵਾਉਣ ਅਤੇ ਵੋਟ ਦੀ ਵਰਤੋਂ ਕਰਨ ਨੂੰ ਤਰਜੀਹ ਦੇਣੀ ਚਾਹੀਦੀ ਹੈ।