ਮੁੱਖ ਮੰਤਰੀ ਦੇ ਐਲਾਨ ਤੋਂ ਬਾਅਦ ਪੁਲਸ ਅਧਿਕਾਰੀਆਂ ਵੱਲੋਂ ਪ੍ਰਮੇਸ਼ਵਰ ਦੁਆਰ ਦਾ ਦੌਰਾ

05/26/2018 1:56:23 AM

ਪਟਿਆਲਾ (ਜੋਸਨ, ਬਲਜਿੰਦਰ) - ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਬੀਤੇ ਦਿਨੀਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੀ ਸੁਰੱਖਿਆ ਵਿਚ ਵਾਧਾ ਕਰਨ ਦੇ ਐਲਾਨ ਤੋਂ ਬਾਅਦ ਅੱਜ ਪਟਿਆਲਾ ਦੇ ਪੁਲਸ ਅਧਿਕਾਰੀਆਂ ਵੱਲੋਂ ਗੁਰਦੁਆਰਾ ਸ੍ਰੀ ਪ੍ਰਮੇਸ਼ਵਰ ਦੁਆਰ ਦਾ ਦੌਰਾ ਕੀਤਾ ਗਿਆ। ਐੈੱਸ. ਪੀ. ਕੰਵਰਦੀਪ ਕੌਰ ਅਤੇ ਐੈੱਸ. ਪੀ. ਅਮਰਜੀਤ ਸਿੰਘ ਘੁੰਮਣ ਨੇ ਆਪਣੀ ਟੀਮ ਸਮੇਤ ਭਾਈ ਰਣਜੀਤ ਸਿੰਘ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਦੀ ਸੁਰੱਖਿਆ ਪੱਖੋਂ ਹਰ ਮੰਗ ਪੂਰੀ ਕਰਨ ਦਾ ਭਰੋਸਾ ਦਿੱਤਾ। ਇਸ ਦੌਰਾਨ ਜਾਂਚ ਟੀਮ ਨੇ ਪ੍ਰਮੇਸ਼ਵਰ ਦੁਆਰ ਗੁਰਦੁਆਰਾ ਸਾਹਿਬ ਦਾ ਪੂਰਾ ਨਿਰੀਖਣ ਕੀਤਾ ਅਤੇ ਹਰ ਪਾਸੇ ਤੋਂ ਸੁਰੱਖਿਆ ਪੱਖੋਂ ਜਾਂਚ ਕੀਤੀ। ਟੀਮ ਨੇ ਉਹ ਜਗ੍ਹਾ ਵੀ ਜਾਂਚੀ ਜਿੱਥੇ ਭਾਈ ਢੱਡਰੀਆਂ ਵਾਲੇ ਰਹਿੰਦੇ ਅਤੇ ਸੰਗਤ ਨੂੰ ਮਿਲਣ ਲਈ ਬੈਠਦੇ ਹਨ। ਉਪਰੰਤ ਭਾਈ ਢੱਡਰੀਆਂ ਵਾਲਿਆਂ ਨੇ ਮੰਗ ਕੀਤੀ ਕਿ ਉਨ੍ਹਾਂ ਨੂੰ ਪਾਇਲਟ ਗੱਡੀ ਦਿੱਤੀ ਜਾਵੇ ਅਤੇ ਜੋ ਸੰਗਤ ਉਨ੍ਹਾਂ ਨੂੰ ਮਿਲਣ ਆਉਂਦੀ ਹੈ, ਉਨ੍ਹਾਂ ਦੀ ਚੈਕਿੰਗ ਲਈ ਮੈਟਲ ਡਿਟੈਕਟਿਵ ਦੀ ਸੁਵਿਧਾ ਦਿੱਤੀ ਜਾਵੇ।  ਸੰਤ ਰਣਜੀਤ ਸਿੰਘ ਨੇ ਸਰਕਾਰ ਵੱਲੋਂ ਕੀਤੇ ਐਲਾਨ 'ਤੇ ਸੰਤੁਸ਼ਟੀ ਪ੍ਰਗਟ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਨੇ ਆਪਣਾ ਐਲਾਨ ਕਰ ਦਿੱਤਾ ਹੈ। ਬਾਕੀ ਇਸ 'ਤੇ ਅਮਲ ਕਰਨਾ ਪ੍ਰਸ਼ਾਸਨ ਦਾ ਕੰਮ ਹੈ।