ਫਸਲੀ ਵਿਭਿੰਨਤਾ ਨੂੰ ਅਜੇ ਬੂਰ ਪੈਂਦਾ ਨਜ਼ਰ ਨਹੀਂ ਆ ਰਿਹਾ

Thursday, May 24, 2018 - 12:32 AM (IST)

ਲਾਗਤ ਮੁੱਲ ਤੋਂ ਘੱਟ ਰੇਟਾਂ 'ਤੇ ਸਬਜ਼ੀਆਂ ਵੇਚਣ ਲਈ ਮਜਬੂਰ ਹਨ ਕਿਸਾਨ
ਪਟਿਆਲਾ(ਲਖਵਿੰਦਰ)-ਖੇਤੀਬਾੜੀ ਵਿਭਾਗ ਵੱਲੋਂ ਪੰਜਾਬ ਵਿਚ ਫਸਲੀ ਵਿਭਿੰਨਤਾ ਲਿਆਉਣ ਨੂੰ ਅਜੇ ਬੂਰ ਪੈਂਦਾ ਨਜ਼ਰ ਨਹੀਂ ਆ ਰਿਹਾ। ਕਿਸਾਨਾਂ ਵੱਲੋਂ ਬੀਜੀਆਂ ਗਈਆਂ ਹਰੀਆਂ ਸਬਜ਼ੀਆਂ ਲਾਗਤ ਨਾਲੋਂ ਘੱਟ ਰੇਟ 'ਤੇ ਮਜਬੂਰੀਵੱਸ ਵੇਚਣੀਆਂ ਪੈ ਰਹੀਆਂ ਹਨ, ਜਿਸ ਨਾਲ ਕਿਸਾਨਾਂ ਦਾ ਆਰਥਕ ਤੌਰ 'ਤੇ ਨੁਕਸਾਨ ਹੋ ਰਿਹਾ ਹੈ। ਜਾਣਕਾਰੀ ਮੁਤਾਬਕ ਪਿੰਡ ਨੌਗਾਵਾਂ ਦੇ ਕਿਸਾਨ ਗੁਰਜਿੰਦਰ ਸਿੰਘ ਨੇ ਦੱਸਿਆ ਕਿ ਉਸ ਵੱਲੋਂ ਪਹਿਲਾਂ ਕਣਕ ਦੀ ਥਾਂ ਮਟਰਾਂ ਦੀ ਖੇਤੀ ਕੀਤੀ ਗਈ ਸੀ। ਉਸ ਵਿਚੋਂ ਉਸ ਨੂੰ ਕੋਈ ਜ਼ਿਆਦਾ ਲਾਭ ਨਹੀਂ ਹੋਇਆ। ਚੰਗਾ ਰੇਟ ਨਾ ਮਿਲਣ ਕਰ ਕੇ ਸਗੋਂ ਘਾਟਾ ਹੀ ਪਿਆ। ਹੁਣ ਜਦੋਂ ਉਸ ਵੱਲੋਂ ਕੱਦੂ ਦੀ ਖੇਤੀ ਕੀਤੀ ਗਈ ਤਾਂ ਉਸ ਵਿਚੋਂ ਵੀ ਉਸ ਨੂੰ ਫਾਇਦਾ ਹੁੰਦਾ ਨਜ਼ਰ ਨਹੀਂ ਆ ਰਿਹਾ ਕਿਉਂਕਿ ਮੰਡੀਆਂ ਵਿਚ ਕੱਦੂ ਦਾ ਰੇਟ 2 ਤੋਂ 3 ਰੁਪਏ ਚੱਲ ਰਿਹਾ ਹੈ। ਕੱਦੂ ਤੋੜਨ ਵਾਲੇ 2 ਰੁਪਏ ਪ੍ਰਤੀ ਕਿਲੋ ਤੁੜਵਾਈ ਲੈਂਦੇ ਹਨ। ਪਿੰਡ ਤੋਂ ਮੰਡੀ ਵਿਚ ਸਬਜ਼ੀ ਲਿਆਉਣ ਦਾ ਖਰਚਾ ਵੱਖਰਾ ਪੈ ਜਾਂਦਾ ਹੈ, ਜਿਸ ਕਰ ਕੇ ਉਸ ਨੂੰ ਕਾਫੀ ਨੁਕਸਾਨ ਝੱਲਣਾ ਪੈ ਰਿਹਾ ਹੈ। 
ਕੀ ਕਹਿੰਦੈ ਕਿਸਾਨ ਆਗੂ? 
ਇਸ ਸਮੱਸਿਆ ਸਬੰਧੀ ਜਦੋਂ ਕਿਸਾਨ ਯੂਨੀਅਨ ਡਕੌਂਦਾ ਦੇ ਬਲਾਕ ਸਨੌਰ ਦੇ ਸੀਨੀਅਰ ਮੀਤ ਪ੍ਰਧਾਨ ਹਰਭਜਨ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਕਿਸਾਨ ਪਹਿਲਾਂ ਹੀ ਆਰਥਕ ਮੰਦੀ ਹੇਠ ਜਕੜੇ ਪਏ ਹਨ। ਉੱਪਰੋਂ ਫਸਲ ਦਾ ਪੂਰਾ ਭਾਅ ਨਾ ਮਿਲਣ ਕਾਰਨ ਉਹ ਦਿਨ ਦੂਰ ਨਹੀਂ ਜਦੋਂ ਕਿਸਾਨ ਖੇਤੀਬਾੜੀ ਤੋਂ ਪੂਰੀ ਤਰ੍ਹਾਂ ਮੂੰਹ ਮੋੜ ਲੈਣਗੇ। ਉਨ੍ਹਾਂ ਕਿਹਾ ਕਿ ਜਿੰਨਾ ਚਿਰ ਤੱਕ ਸੁਆਮੀਨਾਥਨ ਰਿਪੋਰਟ ਨੂੰ ਲਾਗੂ ਨਹੀਂ ਕੀਤਾ ਜਾਂਦਾ, ਉਸ ਸਮੇਂ ਤੱਕ ਕਿਸਾਨਾਂ ਦਾ ਕਿਸੇ ਵੀ ਕੀਮਤ 'ਤੇ ਫਾਇਦਾ ਨਹੀਂ ਹੋ ਸਕਦਾ। 
ਮੰਡੀਆਂ ਦੇ ਭਾਅ 
1. ਟਮਾਟਰ 3 ਤੋਂ 5 ਰੁਪਏ ਕਿਲੋ
2. ਹਰੀਆਂ ਮਿਰਚਾਂ 7 ਤੋਂ 8 ਰੁਪਏ ਕਿਲੋ
3. ਖੀਰਾ 5 ਤੋਂ 7 ਰੁਪਏ ਕਿਲੋ
4. ਘੀਆ ਕੱਦੂ 2 ਤੋਂ 3 ਰੁਪਏ ਕਿਲੋ
5. ਕਰੇਲਾ 6 ਤੋਂ 8 ਰੁਪਏ ਕਿਲੋ ਵਿਕ ਰਿਹਾ ਹੈ ਜਦੋਂ ਕਿ ਇਨ੍ਹਾਂ ਸਾਰੀਆਂ ਹੀ ਸਬਜ਼ੀਆਂ ਨੂੰ ਬੀਜਣ ਤੋਂ ਲੈ ਕੇ ਮੰਡੀ ਤੱਕ ਪਹੁੰਚਾਉਣ ਤੱਕ ਕਿਸਾਨ ਦੀ ਜੋ ਲਾਗਤ ਆਉਂਦੀ ਹੈ, ਵੀ ਨਹੀਂ ਨਿਕਲਦੀ। ਫਾਇਦਾ ਹੋਣਾ ਨਾਂਹ ਦੇ ਬਰਾਬਰ ਹੈ। 


Related News