ਪਾਕਿ ਖਿਲਾਫ ਜਾ ਕੇ ਭਾਰਤ ਨਾਲ ਨੇੜਤਾ ਵਧਾ ਰਿਹੈ ਅਮਰੀਕਾ : ਮੁਸ਼ੱਰਫ

05/26/2018 10:31:44 PM

ਇਸਲਾਮਾਬਾਦ — ਪਾਕਿਸਤਾਨ ਦੇ ਸਾਬਕਾ ਫੌਜੀ ਤਾਨਾਸ਼ਾਹ ਪਰਵੇਜ਼ ਮੁਸ਼ੱਰਫ ਨੇ ਅਮਰੀਕਾ 'ਤੇ ਪਾਕਿਸਤਾਨ ਖਿਲਾਫ ਜਾ ਕੇ ਭਾਰਤ ਨਾਲ ਨੇੜਤਾ ਵਧਾਉਣ ਦਾ ਦੋਸ਼ ਲਾਉਂਦੇ ਹੋਏ ਕਿਹਾ ਹੈ ਕਿ ਅਮਰੀਕਾ ਆਪਣੀਆਂ ਜ਼ਰੂਰਤਾਂ ਦੇ ਹਿਸਾਬ ਨਾਲ ਪਾਕਿਸਤਾਨ ਨਾਲ ਵਿਵਹਾਰ ਕਰਦਾ ਹੈ ਅਤੇ ਜਦੋਂ ਉਸ ਨੂੰ ਇਸਲਾਮਾਬਾਦ ਦੀ ਜ਼ਰੂਰਤ ਨਹੀਂ ਹੁੰਦੀ ਤਾਂ ਉਸ ਨੂੰ 'ਧੋਖਾ' ਦੇ ਦਿੰਦਾ ਹੈ। ਇਕ ਰਿਪੋਰਟ ਮੁਤਾਬਕ, ਸਾਬਕਾ ਰਾਸ਼ਟਰਪਤੀ ਅਤੇ ਆਲ ਪਾਕਿਸਤਾਨ ਮੁਸਲਿਮ ਲੀਗ (ਏ. ਪੀ. ਐੱਮ. ਐੱਲ.) ਦੇ ਪ੍ਰਮੁੱਖ ਨੇ ਵਾਇਸ ਆਫ ਅਮਰੀਕਾ ਨੂੰ ਦਿੱਤੇ ਇਕ ਇੰਟਰਵਿਊ 'ਚ ਕਿਹਾ ਕਿ ਪਾਕਿਸਤਾਨ-ਅਮਰੀਕਾ ਸਬੰਧਾਂ ਨੂੰ ਕਾਫੀ ਝੱਟਕੇ ਲੱਗੇ ਹਨ ਅਤੇ ਸਾਰੇ ਇਹ ਆਪਣੇ ਸਭ ਤੋਂ ਹੇਠਲੇ ਪੱਧਰ 'ਤੇ ਹਨ। ਦੇਸ਼ਧ੍ਰੋਹ ਦੇ ਦੋਸ਼ ਦਾ ਸਾਹਮਣਾ ਕਰ ਰਹੇ 74 ਸਾਲ ਦੇ ਮੁਸ਼ੱਰਫ ਪਿਛਲੇ ਸਾਲ ਤੋਂ ਦੁਬਈ 'ਚ ਰਹਿ ਰਹੇ ਹਨ। ਉਨ੍ਹਾਂ ਨੂੰ ਮੈਡੀਕਲ ਇਲਾਜ ਲਈ ਪਾਕਿਸਤਾਨ ਛੱਡਣ ਦੀ ਇਜਾਜ਼ਤ ਦਿੱਤੀ ਗਈ ਸੀ।
ਮੁਸ਼ੱਰਫ ਨੇ ਕਿਹਾ ਕਿ ਅਮਰੀਕਾ ਦੇ ਨਾਲ ਬੈਠ ਕੇ ਗੱਲਬਾਤ ਕਰਨ ਅਤੇ ਦੋਹਾਂ ਦੇਸ਼ਾਂ ਦੇ ਸਬੰਧਾਂ 'ਚ ਆ ਰਹੀ ਸਮੱਸਿਆ ਦਾ ਗੱਲ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਨੇ ਕਿਹਾ, 'ਇਹ ਅਫਗਾਨਿਸਤਾਨ ਨਾਲ ਜੁੜਿਆ ਹੋਇਆ ਹੈ। ਪਾਕਿਸਤਾਨ ਖਿਲਾਫ ਦੋਸ਼ ਹੈ ਅਤੇ ਦੋਹਾਂ ਦੇਸ਼ਾਂ ਦੀਆਂ ਆਪਣੀਆਂ ਸ਼ਿਕਾਇਤਾਂ ਹਨ।' ਦੋਹਾਂ ਦੇਸ਼ਾਂ ਦੇ ਤਣਾਅਪੂਰਣ ਸਬੰਧਾਂ ਦਾ ਕਾਰਨ ਪੁੱਛੇ ਜਾਣ 'ਤੇ ਮੁਸ਼ੱਰਫ ਨੇ ਕਿਹਾ, 'ਅਮਰੀਕਾ ਨੇ ਸ਼ੀਤ ਯੁੱਧ ਦੇ ਸਮੇਂ ਤੋਂ ਹੀ ਖੁਲ੍ਹ ਕੇ ਭਾਰਤ ਦਾ ਸਮਰਥਨ ਕੀਤਾ ਹੈ ਅਤੇ ਹੁਣ ਵੀ ਅਮਰੀਕਾ ਪਾਕਿਸਤਾਨ ਖਿਲਾਫ ਜਾ ਕੇ ਭਾਰਤ ਨਾਲ ਨਜ਼ਦੀਕੀਆਂ ਵਧਾ ਰਿਹਾ ਹੈ, ਜਿਸ ਨਾਲ ਅਸੀਂ ਸਿੱਧੇ ਤੌਰ 'ਤੇ ਪ੍ਰਭਾਵਿਤ ਹੋ ਰਹੇ ਹਾਂ। ਕਿਸੇ ਸਮੱਸਿਆ ਨੂੰ ਇਕੋਂ ਤਰੀਕੇ ਨਾਲ ਦੇਖਣਾ ਨਕਾਰਾਤਮਕ ਹੁੰਦਾ ਹੈ।' ਉਨ੍ਹਾਂ ਨੇ ਕਿਹਾ, 'ਲੋਕ ਇਹ ਵੀ ਜਾਣਦੇ ਹਨ ਕਿ ਅਮਰੀਕਾ ਨੂੰ ਜਦੋਂ ਜ਼ਰੂਰਤ ਹੁੰਦੀ ਹੈ ਤਾਂ ਉਹ ਸਾਡੇ ਕੋਲ ਆਉਂਦਾ ਹੈ ਅਤੇ ਜਦੋਂ ਜ਼ਰੂਰਤ ਨਹੀਂ ਹੁੰਦੀ ਤਾਂ ਉਹ ਸਾਨੂੰ ਧੋਖਾ ਦੇ ਦਿੰਦਾ ਹੈ।'