ਸੱਚੀ ਸ਼ਰਧਾਜਲੀ

05/21/2018 4:54:40 PM

ਫੌਜ ਵਿਚੋਂ ਛੁੱਟੀ ਕੈਂਸਲ ਹੋਣ ਦੀ ਖ਼ਬਰ ਮਿਲਦਿਆਂ ਸਾਰ ਹੀ ਸਿਪਾਈ ਸੂਬਾ ਸਿੰਘ ਆਪਣਾ ਸਾਮਾਨ ਚੁੱਕ ਕੇ ਰੇਲਵੇ ਸਟੇਸ਼ਨ ਨੂੰ ਚੱਲ ਪਿਆ। ਘਰਦਿਆਂ ਨੂੰ ਛੇਤੀ ਹੀ ਮੁੜ ਆਉਣ ਦਾ ਦਿਲਾਸਾ ਦੇ ਕੇ ਉਹ ਰੇਲਗੱਡੀ ਵਿਚ ਚੜ੍ਹ ਗਿਆ ਪਰ, ਭੀੜ ਜ਼ਿਆਦਾ ਹੋਣ ਕਰਕੇ ਉਸ ਨੂੰ ਸੀਟ ਨਾ ਮਿਲੀ। ਉਹ ਦਰਵਾਜ਼ੇ ਦੇ ਕੋਲ ਖੜ੍ਹਾ ਹੋ ਕੇ ਆਪਣੀ ਡਿਊਟੀ ਨੂੰ ਪਰਤ ਰਿਹਾ ਸੀ। ਥੋੜ੍ਹੀ ਦੇਰ ਮਗਰੋਂ ਉਹ ਸੀਟ ਭਾਲਣ ਲਈ ਡੱਬੇ ਦੇ ਅੰਦਰ ਵੜ੍ਹਿਆ ਤਾਂ ਸੀਟ ਤੇ ਬੈਠੀਆਂ ਬਹੁਤੀਆਂ ਸਵਾਰੀਆਂ, ਸੂਬਾ ਸਿੰਘ ਨੂੰ ਆਪਣੀਆਂ ਸੀਟਾਂ ਤੋਂ ਅੱਗੇ ਹੋਣ ਨੂੰ ਤਾੜ੍ਹਨਾ ਕਰਨ ਲੱਗ ਪੈਂਦੀਆਂ ਸਨ।
ਉਹ ਇੱਕ ਬਾਬੂ ਦੀ ਸੀਟ ਕੋਲ ਜਾ ਖੜ੍ਹਿਆ, ਜਿਹੜਾ ਆਪਣੇ ਬੱਚਿਆਂ ਨਾਲ ਕਾਫੀ ਖੁਲ੍ਹੀ ਜਗ੍ਹਾ 'ਤੇ ਬੈਠਾ    ਕੁਝ ਖਾ ਰਿਹਾ ਸੀ।
“ਫੌਜੀ ਸਾਹਬ, ਅੱਗੇ ਨੂੰ ਤੁਰੋ। ਇੱਥੇ ਜਗ੍ਹਾ ਨਹੀਂ ਹੈ।“ਰਮੇਸ਼ ਚੰਦ, ਸੂਬਾ ਸਿੰਘ ਨੂੰ ਬਾਹਲਾ ਤੱਤਾ ਬੋਲਿਆ।
“ਠੀਕ ਹੈ ਸੇਠ ਜੀ।“ਕਹਿ ਕੇ ਸੂਬਾ ਸਿੰਘ ਅੱਗੇ ਨੂੰ ਤੁਰ ਪਿਆ।
ਰਮੇਸ਼ ਚੰਦ ਦੀ ਇਹ ਗੱਲ ਸੁਣ ਕੇ ਨਾਲ ਬੈਠੇ ਉਸਦੇ ਪੁੱਤਰ (ਟੋਨੀ) ਨੂੰ ਬਹੁਤ ਬੁਰਾ ਲੱਗਾ ਪਰ ਆਪਣੇ ਪਿਤਾ ਦੇ ਡਰੋਂ ਉਹ ਬੋਲਿਆ ਕੁਝ ਨਾ। 
ਇਸ ਤਰ੍ਹਾਂ ਸੂਬਾ ਸਿੰਘ ਨੂੰ ਸਾਰੀਆਂ ਸਵਾਰੀਆਂ ਨੇ ਫੌਜੀ ਵਰਦੀ ਵਿਚ ਸੀਟ ਭਾਲਦਿਆਂ ਦੇਖਿਆ ਪਰ ਆਪਣੀ ਸੀਟ ਦੇ ਲਾਗੇ ਕਿਸੇ ਨੇ ਵੀ ਫਟਕਣ ਨਹੀਂ ਦਿੱਤਾ।
ਤੀਜੇ ਦਿਨ ਸ਼ਾਮ ਦੇ ਸਮੇਂ, ਰਮੇਸ਼ ਚੰਦ ਆਪਣੇ ਬੱਚਿਆਂ ਨਾਲ ਬੈਠਾ ਟੀ.ਵੀ. ਦੇਖ ਰਿਹਾ ਸੀ ਤਾਂ ਸਿਪਾਹੀ ਸੂਬਾ ਸਿੰਘ ਦੀ ਦੇਸ਼ ਦੇ ਬਾਰਡਰ 'ਤੇ ਦੁਸ਼ਮਣਾਂ ਨਾਲ ਲੜ੍ਹਦਿਆਂ ਸ਼ਹਾਦਤ ਦੀ ਖ਼ਬਰ ਆਈ।
ਰਮੇਸ਼ ਚੰਦ ਨੇ ਦੇਸ਼ ਲਈ ਆਪਣੀ ਜਾਨ ਵਾਰਨ ਵਾਲੇ ਬਹਾਦਰ ਸਿਪਾਹੀ ਸੂਬਾ ਸਿੰਘ ਨੂੰ 'ਸੱਚੀ ਸ਼ਰਧਾਜਲੀ' ਦਿੰਦਿਆਂ ਸਲੂਟ ਮਾਰਿਆ ਅਤੇ ਆਪਣੀ ਜਗ੍ਹਾ 'ਤੇ ਖੜ੍ਹਾ ਹੋ ਗਿਆ। ਉਸ ਦੇ ਨੇੜੇ ਖੜ੍ਹੇ ਉਸਦੇ ਪੁੱਤਰ (ਟੋਨੀ) ਨੂੰ ਇਸ 'ਸੱਚੀ ਸ਼ਰਧਾਜਲੀ' ਦੀ ਸਮਝ ਨਾ ਆਈ!!! 
“ਕਾਸ਼ ! ਉਸ ਦਿਨ ਵੀ ਪਿਤਾ ਜੀ ਫੌਜੀ ਵੀਰ ਨੂੰ, ਆਪਣੇ ਨਾਲ ਸੀਟ ਤੇ ਬਿਠਾ ਲੈਂਦੇ ਤਾਂ ਸ਼ਾਇਦ ਅਸਲ ਵਿਚ ਉਹੀ 'ਸੱਚੀ ਸ਼ਰਧਾਜਲੀ' ਹੁੰਦੀ !!! ਇਹ ਸੋਚਦਿਆਂ ਟੋਨੀ ਬਾਹਰ ਨੂੰ ਤੁਰ ਪਿਆ।
ਰਮੇਸ਼ ਚੰਦ ਅਜੇ ਵੀ ਆਪਣੀ ਜਗ੍ਹਾ ਤੇ ਖੜ੍ਹਾ ਸੀ ਜਿਵੇਂ 'ਸੱਚੀ ਸ਼ਰਧਾਜਲੀ' ਵਾਲਾ ਫਰਜ਼ ਅਜੇ ਪੂਰਾ ਨਹੀਂ ਸੀ ਹੋਇਆ।
ਡਾ. ਨਿਸ਼ਾਨ ਸਿੰਘ ਰਾਠੌਰ
ਸੰਪਰਕ 75892-33437