ਪੁਲਸ ਛਾਉਣੀ 'ਚ ਤਬਦੀਲ ਪਲਾਹੀ ਗੇਟ ਇਲਾਕਾ

05/01/2018 3:55:20 AM

ਫਗਵਾੜਾ, (ਜਲੋਟਾ)- ਫਗਵਾੜਾ ਦੀ ਸੰਘਣੀ ਆਬਾਦੀ ਵਾਲੇ ਪਲਾਹੀ ਗੇਟ ਇਲਾਕੇ ਵਿਚ ਅੱਜ ਬਾਅਦ ਦੁਪਹਿਰ ਭਾਰੀ ਤਣਾਅ ਬਣਿਆ ਰਿਹਾ। ਜਿਸ ਕਾਰਨ ਪੂਰਾ ਇਲਾਕਾ ਦੇਖਦੇ ਹੀ ਦੇਖਦੇ ਪੁਲਸ ਛਾਉਣੀ ਵਿਚ ਤਬਦੀਲ ਹੋ ਗਿਆ। ਦੂਜੇ ਪਾਸੇ ਪੁਲਸ ਦੀਆਂ ਕਈ ਟੀਮਾਂ ਨੇ ਅਚਾਨਕ ਕਾਰਵਾਈ ਕਰਦੇ ਹੋਏ ਨੈਸ਼ਨਲ ਹਾਈਵੇ ਨੰ. 1 'ਤੇ ਪਿੰਡ ਚੱਕ ਹਕੀਮ ਨਾਲ ਸਥਿਤ ਇਤਿਹਾਸਕ ਸ੍ਰੀ ਗੁਰੂ ਰਵਿਦਾਸ ਮੰਦਰ ਨੂੰ ਆਪਣੇ ਸੁਰੱਖਿਆ ਘੇਰੇ ਵਿਚ ਲੈ ਲਿਆ।
ਮਿਲੇ ਵੇਰਵੇ ਅਨੁਸਾਰ ਪਲਾਹੀ ਗੇਟ ਇਲਾਕੇ ਵਿਚ ਰਹਿੰਦੇ ਦਲਿਤ ਭਾਈਚਾਰੇ ਵਿਚ ਪੁਲਸ ਥਾਣਾ ਸਿਟੀ ਦੀ ਟੀਮ ਵਲੋਂ ਇਸੇ ਇਲਾਕੇ ਵਿਚ ਰਹਿੰਦੇ ਅੰਬੇਡਕਰ ਸੈਨਾ ਮੂਲ ਨਿਵਾਸੀ ਦੇ ਰਾਸ਼ਟਰੀ ਪ੍ਰਧਾਨ ਹਰਭਜਨ ਸੁਮਨ ਦੀ ਹੋਈ ਪੁਲਸ ਗ੍ਰਿਫਤਾਰੀ ਨੂੰ ਲੈ ਕੇ ਭਾਰੀ ਰੋਸ ਪਾਇਆ ਜਾ ਰਿਹਾ ਸੀ। ਪਲਾਹੀ ਗੇਟ ਇਲਾਕੇ ਵਿਚ ਲੰਬੇ ਸਮੇਂ ਤਕ ਬਣੇ ਰਹੇ ਤਣਾਅ ਕਾਰਨ ਭਾਰੀ ਗਿਣਤੀ ਵਿਚ ਪਹੁੰਚੇ ਪੁਲਸ ਦੇ ਭਾਰੀ ਦਸਤਿਆਂ ਨੇ ਹਾਲਾਤ ਨੂੰ ਸੰਭਾਲੀ ਰੱਖਿਆ। ਇਸ ਦੌਰਾਨ ਇਲਾਕੇ ਵਿਚ ਗੁੱਸੇ ਨਾਲ ਭਰੇ ਲੋਕਾਂ ਵਲੋਂ ਨਾਅਰੇਬਾਜ਼ੀ ਕੀਤੀ ਗਈ ਪਰ ਪੁਲਸ ਦਸਤਿਆਂ ਨੇ ਹਾਲਾਤ ਨੂੰ ਗੰਭੀਰ ਰੂਪ ਲੈਣ ਤੋਂ ਰੋਕੀ ਰੱਖਿਆ।

ਬਣੇ ਹੋਏ ਹਾਲਾਤ ਦੌਰਾਨ ਆਪਣੇ ਨਾਂ ਨੂੰ ਲੈ ਕੇ ਭਾਰੀ ਵਿਵਾਦ ਵਿਚ ਚੱਲ ਰਹੇ ਗੋਲ ਚੌਕ ਦਾ ਇਲਾਕਾ ਪੁਲਸ ਦਸਤਿਆਂ ਦੇ ਕਬਜ਼ੇ ਵਿਚ ਰਿਹਾ ਅਤੇ ਉਥੇ ਆਰ. ਏ. ਐੱਫ. ਤੇ ਪੁਲਸ ਦੇ ਹੋਰ ਦਸਤੇ ਸਾਰੀਆਂ ਥਾਵਾਂ 'ਤੇ ਤਾਇਨਾਤ ਦੇਖੇ ਗਏ। ਪੁਲਸ ਵਲੋਂ ਬੀਤੇ ਦਿਨਾਂ ਦੀ ਤਰ੍ਹਾਂ ਫਗਵਾੜਾ ਦੇ ਸ਼ਹਿਰੀ ਇਲਾਕਿਆਂ ਵਿਚ ਫਲੈਗ ਮਾਰਚ ਜਾਰੀ ਰੱਖਿਆ
ਉਥੇ ਫਗਵਾੜਾ ਵਿਚ ਅਜੇ ਵੀ ਤਣਾਅਪੂਰਨ ਹਾਲਾਤ ਦਰਮਿਆਨ ਇਲਾਕੇ ਵਿਚ ਪੂਰਨ ਅਮਨ-ਸ਼ਾਂਤੀ ਰਹੀ। ਇਸ ਕਾਰਨ ਇਲਾਕੇ ਦੇ ਸਾਰੇ ਪ੍ਰਮੁੱਖ ਬਾਜ਼ਾਰ ਤੇ ਦੁਕਾਨਾਂ ਪੁਲਸ ਦੀ ਮੌਜੂਦਗੀ ਵਿਚ ਆਮ ਦਿਨਾਂ ਦੀ ਤਰ੍ਹਾਂ ਖੁਲ੍ਹੀਆਂ।
ਫਗਵਾੜਾ 'ਚ ਰਹਿੰਦੇ ਸਾਰੇ ਲੋਕ ਪ੍ਰਮਾਤਮਾ ਤੋਂ ਇਹੀ ਅਰਦਾਸ ਕਰ ਰਹੇ ਹਨ ਕਿ ਸ਼ਹਿਰ ਦੀ ਫਿਜ਼ਾ ਜਲਦੀ ਠੀਕ ਹੋਵੇ ਅਤੇ ਫਗਵਾੜਾ ਵਿਚ ਪਹਿਲਾਂ ਦੀ ਤਰ੍ਹਾਂ ਅਮਨ-ਸ਼ਾਂਤੀ ਦੀ ਸਥਾਪਨਾ ਹੋਵੇ।