1.20 ਕਰੋੜ ਰੁਪਏ ਦੀ ਲਾਗਤ ਨਾਲ ਤਬਦੀਲ ਹੋਣਗੀਆਂ ਟਰੈਫਿਕ ਲਾਈਟਾਂ

05/26/2018 11:47:13 AM

ਪਟਿਆਲਾ (ਜੋਸਨ)-ਸਹਾਇਕ ਕਮਿਸ਼ਨਰ (ਜ) ਸ. ਸੂਬਾ ਸਿੰਘ ਨੇ ਕਿਹਾ ਕਿ ਸ਼ਹਿਰ ਵਿਚ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਨਵੀਆਂ ਸੜਕਾਂ ਬਣ ਰਹੀਆਂ ਹਨ। ਨਾਲ ਹੀ ਨਗਰ ਨਿਗਮ ਵੱਲੋਂ ਸੁਚਾਰੂ ਆਵਾਜਾਈ ਲਈ ਸਾਰੀਆਂ ਟਰੈਫਿਕ ਲਾਈਟਾਂ ਤਬਦੀਲ ਕਰਨ ਲਈ 1 ਕਰੋੜ 20 ਲੱਖ ਰੁਪਏ ਦੀ ਲਾਗਤ ਦਾ ਪ੍ਰਾਜੈਕਟ ਤਿਆਰ ਕੀਤਾ ਗਿਆ ਹੈ। ਇੱਥੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਸੜਕ ਸੁਰੱਖਿਆ ਬਾਬਤ ਕਮੇਟੀ ਦੀ ਹੋਈ ਮੀਟਿੰਗ ਮੌਕੇ ਸੰਬੋਧਨ ਕਰਦਿਆਂ ਸੂਬਾ ਸਿੰਘ ਨੇ ਸੜਕਾਂ 'ਤੇ ਸੁਰੱਖਿਅਤ ਆਵਾਜਾਈ ਲਈ ਨਿਯਮਾਂ ਨੂੰ ਹੋਰ ਸਖ਼ਤੀ ਨਾਲ ਲਾਗੂ ਕਰਨ ਦੇ ਆਦੇਸ਼ ਵੀ ਦਿੱਤੇ।
ਇਸ ਮੌਕੇ ਉਨ੍ਹਾਂ ਆਦੇਸ਼ ਦਿੱਤੇ ਗਏ ਕਿ ਸ਼ਹਿਰ 'ਚ ਜਿੱਥੇ ਭਾਰੀ ਵਾਹਨਾਂ ਦੇ ਦਾਖਲੇ 'ਤੇ ਪਾਬੰਦੀ ਹੈ, ਦੀ ਪਛਾਣ ਕਰ ਕੇ ਭਾਰੀ ਵਾਹਨ ਦਾਖਲ ਹੋਣ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾਵੇ। 
ਸ਼ਹਿਰ ਵਿਚੋਂ ਭੀੜ-ਭੜੱਕੇ ਵਾਲੀਆਂ ਥਾਵਾਂ 'ਚ ਆਵਾਜਾਈ ਦੀਆਂ ਦਿੱਕਤਾਂ ਦੂਰ ਕਰਨ ਲਈ ਨਾਜਾਇਜ਼ ਕਬਜ਼ੇ ਤੁਰੰਤ ਹਟਾਏ ਜਾਣ ਅਤੇ ਡੀਫੇਸਮੈਂਟ ਐਕਟ ਤਹਿਤ ਕਾਰਵਾਈ ਹੋਰ ਤੇਜ਼ ਕਰ ਕੇ ਸੜਕ ਚਿੰਨ੍ਹਾਂ ਨੂੰ ਖਰਾਬ ਕਰਨ ਵਾਲੇ ਸਬੰਧਤਾਂ ਨੂੰ ਜੁਰਮਾਨੇ ਕੀਤੇ ਜਾਣ।

ਆਵਾਰਾ ਕੁੱਤਿਆਂ ਦੀ ਸਟਰਲਾਈਜ਼ੇਸ਼ਨ ਲਈ ਪ੍ਰਾਜੈਕਟ ਦਾ ਕੰਮ ਤੇਜ਼ੀ ਨਾਲ ਚਾਲੂ
ਇਸ ਦੌਰਾਨ ਸ਼ਹਿਰ 'ਚ ਆਵਾਰਾ ਕੁੱਤਿਆਂ ਦੀ ਸਮੱਸਿਆ ਦੇ ਹੱਲ ਬਾਬਤ ਕੀਤੇ ਜਾ ਰਹੇ ਪ੍ਰਬੰਧਾਂ ਤੋਂ ਜਾਣੂ ਕਰਵਾਉਂਦਿਆਂ ਨਗਰ ਨਿਗਮ ਦੇ ਐੈੱਸ. ਈ. ਇੰਜੀ. ਐੈੱਮ. ਐੈੱਮ. ਸਿਆਲ ਨੇ ਦੱਸਿਆ ਕਿ ਏ. ਬੀ. ਸੀ. (ਐਨੀਮਲ ਬਰਥ ਕੰਟਰੋਲ) ਪ੍ਰੋਗਰਾਮ ਤਹਿਤ 1 ਜੁਲਾਈ ਤੋਂ ਸ਼ਹਿਰ 'ਚ ਆਵਾਰਾ ਕੁੱਤੇ-ਕੁੱਤੀਆਂ ਦੇ ਆਪਰੇਸ਼ਨ ਕਰਨ ਦਾ ਕੰਮ ਮੁੜ ਸ਼ੁਰੂ ਕੀਤਾ ਜਾ ਰਿਹਾ ਹੈ। ਉੁਨ੍ਹਾਂ ਦੱਸਿਆ ਕਿ ਸ਼ਹਿਰ ਵਿਚ ਆਵਾਰਾ ਕੁੱਤਿਆਂ ਦੀ ਸਮੱਸਿਆ ਨੂੰ ਵੇਖਦਿਆਂ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਵੱਲੋਂ ਇਨ੍ਹਾਂ ਦੀ ਸਟਰਲਾਈਜ਼ੇਸ਼ਨ ਕਰਵਾਉਣ ਲਈ ਪਸ਼ੂ ਪਾਲਣ ਵਿਭਾਗ ਦੇ ਵੈਟਰਨਰੀ ਪੌਲੀਕਲੀਨਿਕ ਪਟਿਆਲਾ ਵਿਖੇ ਇਕ ਆਪਰੇਸ਼ਨ ਥੀਏਟਰ ਸਮੇਤ ਪ੍ਰੀ ਅਤੇ ਪੋਸਟ-ਆਪਰੇਟਿਵ ਆਦਿ ਲਈ 4 ਕਮਰੇ ਤਿਆਰ ਕਰਵਾਉਣ ਲਈ 23 ਲੱਖ ਰੁਪਏ ਛੋਟੀਆਂ ਬੱਚਤਾਂ ਵਿਚੋਂ ਪ੍ਰਵਾਨ ਕਰਵਾਏ ਗਏ ਹਨ। ਕੁੱਤਿਆਂ ਨੂੰ ਫੜਨ ਲਈ ਡਾਗ ਕੈਚਰ ਗੱਡੀ  ਖਰੀਦ ਲਈ ਗਈ ਹੈ। ਬੇਸਹਾਰਾ ਪਸ਼ੂਆਂ ਦੀ ਸਮੱਸਿਆ ਦੇ ਹੱਲ ਲਈ ਕੀਤੇ ਜਾ ਰਹੇ ਯਤਨਾਂ ਹੇਠ ਸ਼ਹਿਰ ਵਿਚੋਂ 1433 ਪਸ਼ੂ ਗਾਜ਼ੀਪੁਰ ਦੀ ਗਊਸ਼ਾਲਾ ਵਿਚ ਛੱਡੇ ਜਾ ਚੁੱਕੇ ਹਨ।

ਆਵਾਜਾਈ ਦਾ ਨਕਸ਼ਾ ਤਿਆਰ ਕਰ ਕੇ ਨਿਗਮ ਨੂੰ ਭੇਜਿਆ 
ਇਸ ਮੌਕੇ ਮੌਜੂਦ ਐੈੱਸ. ਪੀ. ਟੈਫਿਕ ਪੁਲਸ ਅਮਰਜੀਤ ਸਿੰਘ ਘੁੰਮਣ ਨੇ ਦੱਸਿਆ ਕਿ ਟਰੈਫਿਕ ਪੁਲਸ ਨੇ ਪੂਰੇ ਸ਼ਹਿਰ ਦਾ ਆਵਾਜਾਈ ਨਕਸ਼ਾ ਤਿਆਰ ਕਰ ਕੇ ਨਗਰ ਨਿਗਮ ਨੂੰ ਭੇਜਿਆ ਹੈ ਤਾਂ ਕਿ ਸੁਚਾਰੂ ਆਵਾਜਾਈ ਬਹਾਲ ਰੱਖੀ ਜਾਵੇ। ਜਿੱਥੇ ਕਿਤੇ ਦਿੱਕਤਾਂ ਹਨ, ਉਹ ਦੂਰ ਕਰਵਾਈਆਂ ਜਾਣ। ਸ. ਘੁੰਮਣ ਨੇ ਦੱਸਿਆ ਕਿ ਜਿੱਥੇ ਕਿਤੇ ਸਕੂਲਾਂ ਕਰ ਕੇ ਆਵਾਜਾਈ 'ਚ ਦਿੱਕਤ ਆਉਂਦੀ ਹੈ, ਉਥੇ ਸਕੂਲਾਂ ਦਾ ਸਮਾਂ ਤਬਦੀਲ ਕਰਵਾਇਆ ਗਿਆ ਹੈ। ਇਸ ਤੋਂ ਬਿਨਾਂ ਆਟੋ ਚਾਲਕਾਂ ਦਾ ਟਰੈਫਿਕ ਪੁਲਸ ਵੱਲੋਂ ਰਿਕਾਰਡ ਰੱਖਿਆ ਜਾ ਰਿਹਾ ਹੈ ਤਾਂ ਕਿ ਲੋੜ ਪੈਣ 'ਤੇ ਆਟੋ ਚਾਲਕ ਦੀ ਪਛਾਣ ਸੌਖਿਆਂ ਹੀ ਹੋ ਸਕੇ। ਮੀਟਿੰਗ 'ਚ ਸੜਕ ਸੁਰੱਖਿਆ ਦੇ ਮੁੱਦੇ 'ਤੇ ਗੰਭੀਰ ਵਿਚਾਰ-ਵਟਾਂਦਰਾ ਹੋਇਆ।
ਇਸ ਮੌਕੇ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਸਮੇਤ ਉਪ-ਅਰਥ ਤੇ ਅੰਕੜਾ ਸਲਾਹਕਾਰ ਸ਼੍ਰੀਮਤੀ ਪਰਮਿੰਦਰ ਕੌਰ, ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਕੰਵਲ ਕੁਮਾਰੀ, ਵੈਟਰਨਰੀ ਡਾ. ਬਲਜੀਤ ਸਿੰਘ ਬਰਾੜ, ਲੋਕ ਨਿਰਮਾਣ ਵਿਭਾਗ ਦੇ ਐੈੱਸ. ਡੀ. ਓ. ਇੰਜੀ. ਰੀਤ ਜਸ਼ਨ ਸਿੱਧੂ, ਮਾਰਕੀਟ ਕਮੇਟੀ ਪਟਿਆਲਾ ਦੇ ਸਕੱਤਰ ਪਰਮਜੀਤ ਸਿੰਘ ਸੱਲ੍ਹਣ ਸਮੇਤ ਹਰਿੰਦਰਪਾਲ ਸਿੰਘ ਲਾਂਬਾ, ਪੁੱਡਾ, ਪੇਂਡੂ ਵਿਕਾਸ ਤੇ ਪੰਚਾਇਤ, ਖੇਤੀਬਾੜੀ, ਜੰਗਲਾਤ ਤੇ ਹੋਰਨਾਂ ਵਿਭਾਗਾਂ ਦੇ ਅਧਿਕਾਰੀ ਤੇ ਸਮਾਜਕ ਸੰਸਥਾਵਾਂ ਦੇ ਨੁਮਾਇੰਦੇ ਵੀ ਹਾਜ਼ਰ ਸਨ।