ਚੋਰੀ ਦੇ ਮੋਟਰਸਾਈਕਲਾਂ ਸਮੇਤ 3 ਗ੍ਰਿਫਤਾਰ

05/14/2018 12:06:32 AM

ਦਸੂਹਾ, (ਝਾਵਰ)- ਸੀ. ਆਈ. ਏ. ਸਟਾਫ਼ ਦਸੂਹਾ ਦੁਆਰਾ ਮੁੱਖਬਰ ਦੀ ਸੂਚਨਾ ਦੇ ਅਧਾਰ 'ਤੇ 3 ਮੋਟਰਸਾਈਕਲ ਚੋਰਾਂ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਨਰਿੰਦਰਪਾਲ ਸਿੰਘ ਨੇ ਦੱਸਿਆ ਕਿ ਪੰਡੋਰੀ ਐਮਾ ਮਾਂਗਟ ਰੋਡ 'ਤੇ ਗਸ਼ਤ ਦੌਰਾਨ ਮਹੇਸ਼ ਸ਼ਰਮਾ ਪੁੱਤਰ ਰਾਕੇਸ਼ ਕੁਮਾਰ ਨਿਵਾਸੀ ਕਿਰਪਾਲ ਕਲੋਨੀ ਦਸੂਹਾ, ਅਜੇ ਕੁਮਾਰ ਪੁੱਤਰ ਬਾਲ ਕਿਸ਼ਨ ਨਿਵਾਸੀ ਬਲੱਗਣ, ਸੰਦੀਪ ਸਿੰਘ ਸੰਨੀ ਪੁੱਤਰ ਹਰਵਿੰਦਰ ਸਿੰਘ ਦਸੂਹਾ ਪਾਸੋਂ 4 ਚੋਰੀ ਸ਼ੁਦਾ ਮੋਟਰਸਾਈਕਲ ਬਰਾਮਦ ਕੀਤੇ ਹਨ, ਜਿਨ੍ਹਾਂ ਵਿਚ ਇਕ ਮੋਟਰਸਾਈਕਲ ਦੇ ਅਲੱਗ-ਅਲੱਗ ਪਾਰਟ ਵੀ ਹਨ। 
ਉਨ੍ਹਾਂ ਦੱਸਿਆ ਕਿ ਇੰਨਾਂ ਦੀ ਨਿਸ਼ਾਨਦੇਹੀ 'ਤੇ ਇਕ ਕਬਾੜੀਆ ਪ੍ਰਸ਼ੋਤਮ ਲਾਲ ਪੁੱਤਰ ਸੰਸਾਰ ਚੰਦ ਭੱਠਾ ਕਾਲੋਨੀ ਮੁਕੇਰੀਆਂ, ਜੋ ਪੇਪਰ ਮਿੱਲ ਨੇੜੇ ਕਬਾੜ ਦੀ ਦੁਕਾਨ ਕਰਦਾ ਹੈ, ਤੋਂ ਚੋਰੀ ਕੀਤਾ ਇਕ ਮੋਟਰਸਾਈਕਲ ਤੇ ਸਾਈਕਲ ਦੇ ਪਾਰਟ ਵੀ ਬਰਾਮਦ ਕੀਤੇ ਹਨ। ਇੰਨਾਂ ਵਿਰੁੱਧ ਕੇਸ ਦਰਜ ਕਰਕੇ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕੀਤਾ ਜਾ ਰਿਹਾ ਹੈ।