ਕੇਂਦਰ ਵੱਲੋਂ ਲੰਗਰਾਂ ਨੂੰ ਜੀ. ਐੱਸ. ਟੀ. ਮੁਕਤ ਕਰਨਾ ਸ਼ਲਾਘਾਯੋਗ : ਪ੍ਰੋ. ਬਡੂੰਗਰ

06/02/2018 12:02:35 PM

ਪਟਿਆਲਾ (ਜੋਸਨ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਲੰਗਰਾਂ ਤੋਂ ਜੀ. ਐੱਸ. ਟੀ. ਹਟਾਏ ਜਾਣ 'ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ 'ਦੇਰ ਆਏ ਦਰੁਸਤ ਆਏ।', ਕੇਂਦਰ ਸਰਕਾਰ ਵੱਲੋਂ ਲੰਗਰਾਂ ਨੂੰ ਜੀ. ਐੱਸ. ਟੀ. ਮੁਕਤ ਕੀਤੇ ਜਾਣ ਦਾ ਫੈਸਲਾ ਸ਼ਲਾਘਾਯੋਗ ਹੈ। ਉਨ੍ਹਾਂ ਮੰਗ ਕੀਤੀ ਕਿ ਸ਼੍ਰੋਮਣੀ ਕਮੇਟੀ ਵੱਲੋਂ ਟੈਕਸ ਵਜੋਂ ਜੋ ਅਦਾਇਗੀ ਰਾਸ਼ੀ ਦਿੱਤੀ ਗਈ, ਉਹ ਵੀ ਕੇਂਦਰ ਸਰਕਾਰ ਨੂੰ ਜਲਦ ਵਾਪਸ ਕਰ ਦੇਣੀ ਚਾਹੀਦੀ ਹੈ। ਪ੍ਰੋ. ਬਡੂੰਗਰ ਨੇ ਕਿਹਾ ਕਿ ਸੰਗਤਾਂ ਦੀਆਂ ਭਾਵਨਾਵਾਂ ਨੂੰ ਵੇਖਦੇ ਹੋਏ ਲੰਗਰਾਂ 'ਤੇ ਜੀ. ਐੱਸ. ਟੀ. ਨਹੀਂ ਲਾਇਆ ਜਾਣਾ ਚਾਹੀਦਾ। ਇਹ ਕੇਂਦਰ ਸਰਕਾਰ ਦਾ ਇਕ ਮੰਦਭਾਗਾ ਫੈਸਲਾ ਸੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਜੀ. ਐੱਸ. ਟੀ. ਹਟਾਏ ਜਾਣ ਦੀ ਮੰਗ ਨੂੰ ਲੈ ਕੇ ਕਈ ਵਾਰ ਚਿੱਠੀ-ਪੱਤਰਾਂ ਰਾਹੀਂ ਅਪੀਲ ਕੀਤੀ ਗਈ ਅਤੇ ਜੀ. ਐੱਸ. ਟੀ. ਕੌਂਸਲ ਦੀ ਮੀਟਿੰਗ 'ਚ ਸਮੀਖਿਆ ਕੀਤੇ ਜਾਣ ਦੀ ਮੰਗ ਕੀਤੀ ਗਈ ਸੀ।
ਇਥੋਂ ਤੱਕ ਕਿ ਰਾਸ਼ਟਰਪਤੀ ਪ੍ਰਣਬ ਮੁਖਰਜੀ ਅਤੇ ਖਜ਼ਾਨਾ ਮੰਤਰੀ ਅਰੁਣ ਜੇਤਲੀ ਤੱਕ ਪਹੁੰਚ ਕੀਤੀ ਗਈ ਸੀ। ਅੱਜ ਦੇਰ ਬਾਅਦ ਫੈਸਲਾ ਆਉਣ ਮਗਰੋਂ ਸ਼੍ਰੋਮਣੀ ਕਮੇਟੀ ਵੱਲੋਂ ਕੀਤੀਆਂ ਗਈਆਂ ਕੋਸ਼ਿਸ਼ਾਂ ਨੂੰ ਵੱਡੀ ਸਫਲਤਾ ਮਿਲੀ ਹੈ। 
ਪ੍ਰੋ. ਬਡੂੰਗਰ ਨੇ ਕਿਹਾ ਕਿ ਜੀ. ਐੱਸ. ਟੀ. ਹਟਾਉਣ ਨੂੰ ਲੈ ਕੇ ਮੈਂਬਰ ਪਾਰਲੀਮੈਂਟ ਬੀਬੀ ਹਰਸਿਮਰਤ ਕੌਰ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਇਸ ਮੰਗ ਨੂੰ ਵਾਰ-ਵਾਰ ਉਠਾਇਆ। ਉਨ੍ਹਾਂ ਦੇ ਯਤਨ ਵੀ ਸ਼ਲਾਘਾਯੋਗ ਹਨ।