ਸ੍ਰੀ ਮੁਕਤਸਰ ਸਾਹਿਬ ਦੇ ਰੇਲਵੇ ਸਟੇਸ਼ਨ ਦੇ ਬਾਥਰੂਮ ਦੀ ਭੈੜੀ ਹਾਲਤ ਤੋਂ ਯਾਤਰੀ ਪ੍ਰੇਸ਼ਾਨ

05/26/2018 10:13:13 AM

ਸ੍ਰੀ ਮੁਕਤਸਰ ਸਾਹਿਬ (ਦਰਦੀ) - ਇਤਿਹਾਸਿਕ ਧਰਤੀ ਸ੍ਰੀ ਮੁਕਤਸਰ ਸਾਹਿਬ ਦੇ ਰੇਲਵੇ ਸਟੇਸ਼ਨ 'ਤੇ ਬਣੇ ਬਾਥਰੂਮ ਦੀ ਖਸਤਾ ਹਾਲਤ ਅਤੇ ਅਧੂਰੀਆਂ ਸਹੂਲਤਾਂ ਤੋਂ ਰੇਲ ਯਾਤਰੀ ਪ੍ਰੇਸ਼ਾਨ ਹਨ। ਇਸ ਸਟੇਸ਼ਨ ਦੇ ਪਖਾਨਿਆਂ ਦੇ ਯੂਰੀਨਲ ਪਾਟ ਅਧੂਰੇ ਅਤੇ ਪਾਣੀ ਦੇ ਪ੍ਰਬੰਧ ਨਾ ਹੋਣ ਕਾਰਨ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਬਾਥਰੂਮ ਦੇ ਫਰਸ਼ਾਂ ਦੀ ਹਾਲਤ ਭੈੜੀ ਅਤੇ ਤਰਸਯੋਗ ਹੈ। ਜੋ ਯਾਤਰੀ ਅੰਦਰ ਜਾਂਦਾ ਹੈ ਅਤੇ ਪੈਰ ਗੰਦੇ ਕਰਕੇ ਬਾਹਰ ਆਉਂਦਾ ਹੈ, ਕਿਉਂਕਿ ਫਰਸ਼ ਨੀਵਾਂ ਹੋਣ ਕਰਕੇ ਇਸ ਥਾਂ 'ਤੇ ਪਾਣੀ ਹਮੇਸ਼ਾ ਖੜਾ ਰਹਿੰਦਾ ਹੈ। ਮੌਕੇ 'ਤੇ ਮੌਜੂਦ ਯਾਤਰੀ ਜਤਿੰਦਰ ਕੁਮਾਰ ਨੇ ਕਿਹਾ ਕਿ ਇਸ ਸਮੱਸਿਆ ਦੇ ਬਾਰੇ ਕਈ ਵਾਰ ਰੇਲਵੇ ਸਟੇਸ਼ਨ ਦੇ ਅਧਿਕਾਰੀਆਂ ਨੂੰ ਅਰਜ਼ ਕਰ ਚੁੱਕੇ ਹਨ ਪਰ ਨਤੀਜਾ ਬੇਅਸਰ ਹੈ।

ਕੀ ਕਹਿੰਦੇ ਹਨ ਸਟੇਸ਼ਨ ਸੁਪਰਡੈਂਟ
ਇਸ ਸਬੰਧੀ ਜਦ ਸਟੇਸ਼ਨ ਸੁਪਰਡੈਂਟ ਸੰਜੀਵ ਗੁਪਤਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਯਾਤਰੀ ਅਤੇ ਪਬਲਿਕ ਦੇ ਲੋਕ ਆਮ ਕਰਕੇ ਉਨ੍ਹਾਂ ਕੋਲ ਇਹ ਸ਼ਿਕਾਇਤ ਲੈ ਕੇ ਆਉਂਦੇ ਹਨ, ਉਹ ਆਪਣੇ ਹੈਡ ਆਫ਼ਿਸ ਕੋਟਕਪੂਰਾ ਨੂੰ ਇਸ ਸਬੰਧੀ ਸੂਚਿਤ ਕਰ ਚੁੱਕੇ ਹਨ। ਇਸ ਸਬੰਧੀ ਕਾਰਵਾਈ ਉਚ ਦਫ਼ਤਰ ਵੱਲੋਂ ਕੀਤੀ ਜਾਣੀ ਹੈ, ਉਹ ਤਾਂ ਰਿਪੋਰਟ ਹੀ ਕਰ ਸਕਦੇ ਹਨ।

ਆਈ.ਓ.ਡਬਲਯੂ ਦਾ ਪੱਖ
ਇਸ ਮਾਮਲੇ ਸਬੰਧੀ ਜਦੋਂ ਕੋਟਕਪੂਰਾ ਦੇ ਇੰਸਪੈਕਟਰ ਆਫ ਵਰਕਸ ਸਚਦੇਵਾ ਨਾਲ ਫੋਨ 'ਤੇ ਗੱਲ ਕੀਤੀ ਗਈ ਤਾਂ ਉਨ੍ਹਾਂ ਆਪਣੀ ਜ਼ਿੰਮੇਵਾਰੀ ਤੋਂ ਪੱਲਾ ਝਾੜਦੇ ਕਿਹਾ ਕਿ ਤੁਸੀ ਅਪਰੋਚ ਕਰਕੇ ਵਰਤੋਂ ਅਤੇ ਅਦਾ ਕਰੋ ਦੀ ਸਕੀਮ ਵਾਲੇ ਬਾਥੂਰਮ ਇਸ ਸਟੇਸ਼ਨ 'ਤੇ ਬਣਵਾਉ। ਜਿਸ ਨਾਲ ਸਫ਼ਾਈ ਵੀ ਰਹੇਗੀ ਅਤੇ ਨਵੇਂ ਮਾਡਲ ਦੇ ਬਾਥਰੂਮ ਬਣ ਸਕਣਗੇ। ਇਸ ਸਬੰਧ 'ਚ ਸਟੇਸ਼ਨ ਸੁਪਰਡੈਂਟ ਨੇ ਕਿਹਾ ਕਿ ਉਨ੍ਹਾਂ ਦੇ ਕੋਲ ਸਫ਼ਾਈ ਕਰਮਚਾਰੀ ਮੌਜੂਦ ਹਨ। ਕੇਵਲ ਬਾਥਰੂਮਾਂ ਨੂੰ ਮੁਰੰਮਤ ਕਰਨ ਨਾਲ ਮਸਲਾ ਹੱਲ ਹੋ ਸਕਦਾ ਹੈ। ਜੋ ਸਕੀਮ ਸਚਦੇਵਾ ਜੀ ਦੱਸਦੇ ਹਨ ਉਹ ਦਿੱਲੀ ਤੋਂ ਪ੍ਰਵਾਨ ਹੋਵੇਗਾ ਅਤੇ ਉਹ ਵੱਡੇ ਜੰਕਸ਼ਨਾ ਲਈ ਬਣਾਏ ਜਾਂਦੇ ਹਨ।