ਕੰਢੀ ਦੇ ਜੰਗਲਾਂ ''ਚ ਅੱਗ ਨੇ ਮਚਾਇਆ ਕਹਿਰ

05/25/2018 12:31:02 AM

ਹੁਸ਼ਿਆਰਪੁਰ, (ਘੁੰਮਣ)- ਪਿਛਲੇ ਦਿਨਾਂ ਤੋਂ ਲਲਵਾਨ, ਖੰਨੀ, ਫਤਿਹਪੁਰ ਕੋਠੀ ਅਤੇ ਕਾਂਗੜ ਤੋਂ ਇਲਾਵਾ ਜਨੌੜੀ, ਢੋਲਵਾਹਾ, ਕੂਕਾਨੇਟ, ਬਹੇੜਾ, ਦੇਹਰੀਆਂ, ਬਾੜੀਖੱਡ ਦਾ ਜੰਗਲ ਵਣ ਵਿਭਾਗ ਦੇ ਅਧਿਕਾਰੀਆਂ ਦੀਆਂ ਅੱਖਾਂ ਸਾਹਮਣੇ ਸੜ ਕੇ ਸੁਆਹ ਹੋ ਗਿਆ ਤੇ ਅੱਗ ਦੀਆਂ ਲਪਟਾਂ ਅਸਮਾਨ ਨੂੰ ਛੂਹ ਰਹੀਆਂ ਸਨ। ਇਸ ਸਬੰਧੀ ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ, ਪ੍ਰਦੀਪ ਕੁਮਾਰ ਨੇ ਦੱਸਿਆ ਕਿ ਵਿਭਾਗ ਦੇ ਅਧਿਕਾਰੀ ਕੁੰਭਕਰਨੀ ਨੀਂਦ ਸੁੱਤੇ ਰਹੇ ਤੇ ਦਰਖਤਾਂ ਦੀ ਹਰਿਆਲੀ ਸੁਆਹ ਦਾ ਰੂਪ ਧਾਰਨ ਕਰ ਗਈ, ਇਨ੍ਹਾਂ ਅਣਗਹਿਲੀਆਂ ਕਾਰਨ ਪਹਾੜਾਂ ਦੀਆਂ ਚੋਟੀਆਂ ਤੇਜ਼ੀ ਨਾਲ ਢਹਿ ਢੇਰੀ ਹੋ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਜੰਗਲਾਂ ਨੂੰ ਅੱਗ ਤੋਂ ਬਚਾਉਣ ਲਈ ਫਾਇਰ ਲਾਈਨ ਅਤੇ ਜਿਹੜੇ ਨਿਯਮ ਬਣਦੇ ਹਨ, ਵਿਭਾਗ ਵੱਲੋਂ ਉਨ੍ਹਾਂ ਨੂੰ ਅਮਲੀ ਜਾਮਾ ਨਾ ਪਹਿਨਾਉਣ ਕਾਰਨ ਹਜ਼ਾਰਾਂ ਦੀ ਗਿਣਤੀ ਵਿਚ ਦਰੱਖਤ ਸੜ ਕੇ ਸੁਆਹ ਹੋ ਜਾਂਦੇ ਹਨ ਤੇ ਸਬੰਧਤ ਅਧਿਕਾਰੀ ਜੰਗਲਾਂ ਨੂੰ ਬਚਾਉਣ ਦੀ ਥਾਂ ਚੁੱਪੀ ਧਾਰੀ ਖੜ੍ਹੇ ਰਹਿੰਦੇ ਹਨ ਅਤੇ ਹਰ ਸਾਲ ਇਸੇ ਤਰ੍ਹਾਂ ਹਜ਼ਾਰਾਂ ਦਰੱਖਤ ਸੜ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਅੱਗ ਲੱਗਣ ਨਾਲ ਪੰਛੀਆਂ ਤੇ ਹੋਰ ਜੰਗਲੀ ਜਾਨਵਰ ਵੀ ਅੱਗ ਦੀ ਲਪੇਟ 'ਚ ਆ ਰਹੇ ਹਨ। ਜੰਗਲਾਂ ਨੂੰ ਲੱਗੀ ਅੱਗ ਐਨੀ ਭਿਆਨਕ ਸੀ ਕਿ 200 ਗਜ਼ ਦੀ ਦੂਰੀ ਤੋਂ ਵੀ ਸੇਕ ਮਾਰਦੀ ਸੀ। ਵਣ ਵਿਭਾਗ ਦੇ ਅਧਿਕਾਰੀ ਆਪਣੀ ਕਾਰਗੁਜ਼ਾਰੀ ਵਿਖਾਉਣ ਵਿਚ ਬੁਰੀ ਤਰ੍ਹਾਂ ਅਸਫਲ ਹੋ ਚੁੱਕੇ ਹਨ। 
ਉਨ੍ਹਾਂ ਕਿਹਾ ਕਿ ਜੰਗਲਾਂ ਦੀ ਇਸ ਤਰ੍ਹਾਂ ਅੱਗ ਲੱਗਣ ਨਾਲ ਹੋਂਦ ਖਤਮ ਹੋ ਜਾਵੇਗੀ ਜੋ ਕਿ ਭਾਰੀ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜੰਗਲਾਂ ਦੀ ਰੱਖਿਆ ਕਰਨ ਲਈ ਅੱਗੇ ਆਉਣ।