ਵਿਆਹੁਤਾ ਨੂੰ ਜ਼ਹਿਰੀਲੀ ਚੀਜ਼ ਦੇ ਕੇ ਮਾਰਨ ਦਾ ਦੋਸ਼, ਮਾਮਲਾ ਦਰਜ

Thursday, May 24, 2018 - 12:48 AM (IST)

ਗੜ੍ਹਸ਼ੰਕਰ, (ਜ.ਬ.)- ਗੜ੍ਹਸ਼ੰਕਰ ਪੁਲਸ ਨੇ ਪਿੰਡ ਡਘਾਮ ਦੀ ਇਕ ਵਿਆਹੁਤਾ ਨੂੰ ਜ਼ਹਿਰੀਲੀ ਚੀਜ਼ ਦੇ ਕੇ ਮਾਰਨ ਦੇ ਦੋਸ਼ ਵਿਚ ਮ੍ਰਿਤਕਾ ਦੇ ਪਤੀ, ਸੱਸ, ਸਹੁਰੇ, ਜੇਠ ਤੇ ਜਠਾਣੀ ਸਣੇ 5 ਵਿਅਕਤੀਆਂ ਖਿਲਾਫ਼ ਵੱਖ-ਵੱਖ ਧਾਰਾਵਾਂ ਹੇਠ ਮੁਕੱਦਮਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਮਿਲੀ ਜਾਣਕਾਰੀ ਮੁਤਾਬਕ ਰਾਜ ਰਾਣੀ ਪਤਨੀ ਜਸਪਾਲ ਨੇ ਬੀਤੀ 20 ਮਈ ਨੂੰ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ ਤੇ ਉਸ ਨੂੰ ਬੇਹੋਸ਼ੀ ਦੀ ਹਾਲਤ ਵਿਚ ਨਵਾਂਸ਼ਹਿਰ ਦੇ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਜਿੱਥੇ ਦੋ ਦਿਨਾਂ ਬਾਅਦ ਰਾਜ ਰਾਣੀ ਦੀ ਮੌਤ ਹੋ ਗਈ।
ਮ੍ਰਿਤਕਾ ਦੇ ਭਰਾ ਜਗਤਾਰ ਸਿੰਘ ਪੁੱਤਰ ਚਰਨ ਸਿੰਘ ਨਿਵਾਸੀ ਮਨਜੀਤ ਨਗਰ ਬਸਤੀ ਜੋਧੇਵਾਲ ਲੁਧਿਆਣਾ ਨੇ ਦੱਸਿਆ ਕਿ ਰਾਜ ਰਾਣੀ ਦੀ ਸ਼ਾਦੀ ਤਿੰਨ ਸਾਲ ਪਹਿਲਾਂ ਗੜ੍ਹਸ਼ੰਕਰ ਦੇ ਪਿੰਡ ਡਘਾਮ ਨਿਵਾਸੀ ਜਸਪਾਲ ਪੁੱਤਰ ਮੋਹਨ ਲਾਲ ਨਾਲ ਹੋਈ ਸੀ ਤੇ ਵਿਆਹ ਤੋਂ ਕੁੱਝ ਸਮੇਂ ਬਾਅਦ ਜਸਪਾਲ ਨੂੰ ਨਸ਼ੇ ਦੀ ਆਦਤ ਪੈ ਗਈ ਤੇ ਉਹ ਰਾਜ ਰਾਣੀ ਨਾਲ ਝਗੜਾ/ਕੁੱਟਮਾਰ ਕਰਨ ਲੱਗਾ। ਇਸ ਦੌਰਾਨ ਕਈ ਵਾਰੀ ਰਾਜ ਰਾਣੀ ਕੁੱਟ-ਮਾਰ ਤੋਂ ਤੰਗ ਆ ਕੇ ਪੇਕੇ ਆ ਜਾਂਦੀ ਸੀ ਤੇ ਅਸੀਂ ਸਮਝਾ ਬੁਝਾ ਕੇ ਉਸਨੂੰ ਇਹ ਦਿਲਾਸਾ ਦੇ ਕੇ ਸਹੁਰੇ ਘਰ ਛੱਡ ਆਉਂਦੇ ਸਾਂ ਕਿ ਜਸਪਾਲ ਸੁਧਰ ਜਾਵੇਗਾ। 
ਬੀਤੀ 20 ਮਈ ਨੂੰ ਉਨ੍ਹਾਂ ਨੂੰ ਰਾਜ ਰਾਣੀ ਦੇ ਸਹੁਰੇ ਦਾ ਫੋਨ ਆਇਆ ਕਿ ਰਾਜ ਰਾਣੀ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ ਹੈ ਤੇ ਰਾਜਾ ਹਸਪਤਾਲ ਨਵਾਂਸ਼ਹਿਰ ਵਿਚ ਦਾਖਲ ਹੈ। ਜਦੋਂ ਅਸੀਂ ਹਸਪਤਾਲ ਆਏ ਤਾਂ ਰਾਜ ਰਾਣੀ ਬੇਹੋਸ਼ ਸੀ ਤੇ ਸਾਡੇ ਆਉਣ ਦੀ ਦੇਰ ਸੀ ਕਿ ਰਾਜ ਰਾਣੀ ਦਾ ਸਹੁਰਾ ਮੋਹਨ ਲਾਲ, ਸੱਸ ਚਰਨੋ, ਜੇਠ ਬਲਵਿੰਦਰ ਸਿੰਘ, ਜਠਾਣੀ ਸੀਤਾ ਤੇ ਪਤੀ ਜਸਪਾਲ ਹਸਪਤਾਲ ਤੋਂ ਛੂ ਮੰਤਰ ਹੋ ਗਏ। ਦੋ ਦਿਨਾਂ ਤਕ ਜ਼ਿੰਦਗੀ ਮੌਤ ਦੀ ਲੜਾਈ ਲੜਨ ਵਾਲੀ ਰਾਜ ਰਾਣੀ ਆਖਰ ਮੌਤ ਅਗੇ ਹਾਰ ਗਈ। ਪੁਲਸ ਨੇ ਮ੍ਰਿਤਕਾ ਦੇ ਭਰਾ ਦੇ ਬਿਆਨਾਂ 'ਤੇ ਸਹੁਰੇ, ਸੱਸ, ਜੇਠ, ਜਠਾਣੀ ਤੇ ਪਤੀ ਸਣੇ ਪੰਜ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।


Related News