ਸ਼ੁੱਕਰਵਾਰ ਸੀਜ਼ਨ ਦਾ ਸਭ ਤੋਂ ਗਰਮ ਦਿਨ 9 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲੀ ਗਰਮ ਲੂ

05/26/2018 12:46:54 AM

ਪਟਿਆਲਾ(ਬਲਜਿੰਦਰ)-ਗਰਮੀ ਨੇ ਪੂਰੇ ਉੱਤਰੀ ਭਾਰਤ ਦੀ ਤਰ੍ਹਾਂ ਪਟਿਆਲਾ ਵਿਚ ਆਪਣਾ ਜਲਵਾ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਅੱਜ ਸ਼ੁੱਕਰਵਾਰ ਇਸ ਸੀਜ਼ਨ ਦਾ ਸਭ ਤੋਂ ਗਰਮ ਦਿਨ ਰਿਹਾ। ਪਾਰਾ 46 ਡਿਗਰੀ ਤੋਂ ਪਾਰ ਪਹੁੰਚ ਗਿਆ। ਮੌਸਮ ਮਾਹਰਾਂ ਦੀ ਗੱਲ ਮੰਨੀ ਜਾਵੇ ਤਾਂ ਆਉਣ ਵਾਲੇ ਦਿਨਾਂ ਵਿਚ ਪਾਰਾ 48 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ। ਜਿੱਥੇ ਮੌਸਮ ਮਾਹਰ ਗਰਮੀ ਦੇ ਕਹਿਰ ਦੀ ਚਿਤਾਵਨੀ ਦੇ ਰਹੇ ਹਨ, ਉਥੇ ਸਿਹਤ ਮਾਹਰ ਲੋਕਾਂ ਨੂੰ ਗਰਮੀ ਤੋਂ ਬਚ ਕੇ ਰਹਿਣ ਲਈ ਕਹਿ ਰਹੇ ਹਨ। ਦਿਨ ਭਰ ਗਰਮ ਹਵਾਵਾਂ ਚੱਲੀਆਂ ਅਤੇ ਲੂ ਨੇ ਲੋਕਾਂ ਦਾ ਜਿਊਣਾ ਮੁਹਾਲ ਕਰ ਦਿੱਤਾ। ਅੱਜ 9 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਗਰਮ ਲੂ ਚੱਲੀ, ਜਿਸ ਨੇ ਲੋਕਾਂ ਦੀਆਂ ਦੀਆਂ ਮੁਸ਼ਕਲਾਂ 'ਚ ਹੋਰ ਵਾਧਾ ਕਰ ਦਿੱਤਾ। ਲੂ ਕਾਰਨ ਲੋਕ ਨਾ ਤਾਂ ਪੈਦਲ ਚੱਲ ਰਹੇ ਸਨ ਅਤੇ ਨਹੀਂ ਦੋਪਹੀਆ ਵਾਹਨਾਂ 'ਤੇ ਆ-ਜਾ ਰਹੇ ਸਨ। ਗਰਮੀ ਕਾਰਨ ਲੋਕਾਂ ਨੇ ਆਪਣੇ ਸਮਾਜਕ ਪ੍ਰੋਗਰਾਮ ਫਿਲਹਾਲ ਰੱਦ ਕਰ ਦਿੱਤੇ ਹਨ। 
ਅੱਤ ਦੀ ਗਰਮੀ ਕਾਰਨ ਸ਼ੁੱਕਰਵਾਰ ਸ਼ਹਿਰ ਵਿਚ ਦੁਪਹਿਰ ਨੂੰ ਮਾਹੌਲ ਕਰਫਿਊ ਵਰਗਾ ਹੋ ਗਿਆ ਸੀ। 
ਲੋਕਾਂ ਨੇ ਵਰਕਿੰਗ ਡੇਅ ਹੋਣ ਦੇ ਬਾਵਜੂਦ ਵੀ ਘਰਾਂ ਦੇ ਅੰਦਰ ਹੀ ਰਹਿਣ ਤਰਜੀਹ ਦਿੱਤੀ। ਗਰਮੀ ਕਾਰਨ ਲੋਕ ਜ਼ਿਆਦਾਤਰ ਘਰਾਂ ਵਿਚ ਰਹੇ ਅਤੇ ਸ਼ਾਮ ਨੂੰ ਬਾਜ਼ਾਰਾਂ ਅਤੇ ਸੜਕਾਂ 'ਤੇ ਰੌਣਕ ਦਿਖਾਈ ਦਿੱਤੀ। 
ਅਗਲੇ ਦਿਨਾਂ 'ਚ ਆਸਮਾਨ 'ਚੋਂ ਹੋਰ ਵਰ੍ਹੇਗੀ 'ਅੱਗ'
ਮੌਸਮ ਮਾਹਰਾਂ ਮੁਤਾਬਕ ਅਗਲੇ ਦਿਨਾਂ ਵਿਚ ਆਸਮਾਨ ਤੋਂ ਹੋਰ 'ਅੱਗ' ਵਰ੍ਹਣ ਦੀ ਸੰਭਾਵਨਾ ਹੈ। ਕੁੱਝ ਦਿਨਾਂ ਤੋਂ ਲਗਾਤਾਰ ਪਾਰਾ ਵਧਦਾ ਜਾ ਰਿਹਾ ਹੈ। ਤਿੰਨ ਦਿਨ ਪਹਿਲਾਂ ਇਹ 42 ਡਿਗਰੀ ਸੀ, ਜੋ ਕਿ ਅੱਜ 46 ਡਿਗਰੀ ਨੂੰ ਪਾਰ ਕਰ ਗਿਆ। ਅਗਲੇ ਦਿਨਾਂ ਵਿਚ 48 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਪਟਿਆਲਾ ਵਿਚ ਪਿਛਲੇ ਸਾਲਾਂ ਦਾ ਰਿਕਾਰਡ ਵੱਧ ਤੋਂ ਵੱਧ 45 ਤੋਂ 46 ਡਿਗਰੀ ਤਾਪਮਾਨ ਦਰਜ ਕੀਤਾ ਗਿਆ। ਜੇਕਰ ਇਹ 48 ਡਿਗਰੀ ਤੱਕ ਪਹੁੰਚਦਾ ਹੈ ਤਾਂ ਫਿਰ ਆਮ ਨਾਲੋਂ ਜ਼ਿਆਦਾ ਹੀ ਕਿਹਾ ਜਾ ਸਕਦਾ ਹੈ। 
ਡਾਕਟਰ ਦੀ ਸਲਾਹ
ਗਰਮੀ ਵਧਣ ਨਾਲ ਡਾ. ਅਸਲਮ ਪ੍ਰਵੇਜ਼ ਨੇ ਲੋਕਾਂ ਸਲਾਹ ਦਿੱਤੀ ਕਿ ਸਿਰ ਢਕ ਕੇ ਘਰੋਂ ਬਾਹਰ ਨਿਕਲਿਆ ਜਾਵੇ। ਨਿੰਬੂ-ਪਾਣੀ, ਸ਼ਿਕੰਜਵੀ ਦਾ ਘੋਲ ਜ਼ਰੂਰ ਲਿਆ ਜਾਵੇ, ਜ਼ਿਆਦਾ ਤੋਂ ਜ਼ਿਆਦਾ ਪਾਣੀ ਸੇਵਨ ਕੀਤਾ ਜਾਵੇ, ਲੂ ਲੱਗਣ 'ਤੇ ਡੀਹਾਈਡਰੇਸ਼ਨ ਹੋਣ 'ਤੇ ਡਾਕਟਰੀ ਸਹਾਇਤਾ ਲਈ ਜਾਵੇ। ਛੋਟੇ ਬੱਚਿਆਂ ਨੂੰ ਸਵੇਰੇ 11 ਤੋਂ ਸ਼ਾਮ 5 ਵਜੇ ਤੱਕ ਘਰ ਤੋਂ ਬਾਹਰ ਨਾ ਕੱਢਿਆ ਜਾਵੇ। ਉਨ੍ਹਾਂ ਦੱਸਿਆ ਕਿ ਹੀਥ ਸਟਰੋਕ ਹੋਣ ਦੀ ਸੰਭਾਵਨਾ ਜ਼ਿਆਦਾ ਰਹਿੰਦੀ ਹੈ, ਜਿਸ ਵਿਚ ਗਰਮੀ ਲੱਗਣ ਨਾਲ ਇਕਦਮ ਉਲਟੀਆਂ, ਤੇਜ਼ ਬੁਖਾਰ ਅਤੇ ਬੇਹੋਸ਼ੀ ਹੋ ਸਕਦੀ ਹੈ। ਇਸ ਤਰ੍ਹਾਂ ਹੋਣ 'ਤੇ ਤੁਰੰਤ ਡਾਕਟਰੀ ਸਹਾਇਤਾ ਲਈ ਜਾਵੇ।  
ਵਿਦਿਆਰਥੀਆਂ ਦੀਆਂ ਦਿੱਕਤਾਂ 'ਚ ਵਾਧਾ
ਤਾਪਮਾਨ ਵਿਚ ਹੋਏ ਵਾਧੇ ਕਾਰਨ ਸਭ ਤੋਂ ਜ਼ਿਆਦਾ ਸਕੂਲੀ ਵਿਦਿਆਰਥੀਆਂ ਨੂੰ ਦਿੱਕਤਾਂ ਆ ਰਹੀਆਂ ਹਨ। ਕੁਝ ਪ੍ਰਾਈਵੇਟ ਸਕੂਲਾਂ ਨੇ ਅੱਜ ਤੋਂ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ ਪਰ ਸਰਕਾਰੀ ਸਕੂਲਾਂ ਅਤੇ ਜ਼ਿਆਦਾਤਰ ਪ੍ਰਾਈਵੇਟ ਸਕੂਲਾਂ ਵੱਲੋਂ 1 ਜੂਨ ਤੋਂ ਛੁੱਟੀਆਂ ਕੀਤੀਆਂ ਜਾਣੀਆਂ ਹਨ। ਇਸ ਕਾਰਨ ਅਗਲਾ ਇਕ ਹਫਤਾ ਸਕੂਲ ਵਿਦਿਆਰਥੀਆਂ ਲਈ ਕਾਫੀ ਚੁਣੌਤੀਪੂਰਨ ਰਹਿ ਸਕਦਾ ਹੈ। ਖਾਸ ਤੌਰ 'ਤੇ ਛੋਟੇ ਬੱਚਿਆਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।