ਚੱਢਾ ਸ਼ੂਗਰ ਮਿਲ ਮਾਲਕਾਂ ਖਿਲਾਫ਼ ਅਪਰਾਧਿਕ ਮਾਮਲੇ ਦਰਜ ਕਰੇ ਸਰਕਾਰ : ਖਹਿਰਾ

05/19/2018 7:24:31 PM

ਚੰਡੀਗੜ੍ਹ (ਬਿਊਰੋ) : ਸੁਖਪਾਲ ਖਹਿਰਾ ਨੇ ਅੱਜ ਇਥੇ ਬਿਆਨ ਜਾਰੀ ਕਰਦੇ ਹੋਏ ਬਿਆਸ ਅਤੇ ਸਤਲੁਜ ਦਰਿਆਵਾਂ ਵਿਚਲੇ ਪ੍ਰਦੂਸ਼ਣ ਕਾਰਨ ਜਲ ਜੀਵ ਜੰਤੂਆਂ ਅਤੇ ਇਨਸਾਨਾਂ ਦੀ ਜ਼ਿੰਦਗੀ ਖਤਰੇ ਵਿਚ ਪੈਣ ਦੇ ਮਸਲੇ ਉੱਪਰ ਕੈਪਟਨ ਅਮਰਿੰਦਰ ਸਿੰਘ ਦੇ ਢਿੱਲੇ ਮੱਠੇ ਰਵੱਈਏ ਦੀ ਜੰਮ ਕੇ ਨਿਖੇਧੀ ਕੀਤੀ। ਖਹਿਰਾ ਨੇ ਐੱਮ.ਐੱਲ.ਏ. ਜਗਰਾਉਂ ਸਰਬਜੀਤ ਕੌਰ ਮਾਣੂੰਕੇ ਸਮੇਤ ਅੱਜ ਲੁਧਿਆਣਾ ਵਿਖੇ ਸਲਤੁਜ ਦਰਿਆ ਉੱਪਰ ਸਥਿਤ ਪਿੰਡ ਬਲੀਪੁਰ ਵਿਖੇ ਲੁਧਿਆਣਾ ਸ਼ਹਿਰ ਦਾ ਇੰਡਸਟਰੀਅਲ ਜ਼ਹਿਰੀਲੀ ਰਹਿੰਦ-ਖੁਹੰਦ ਦਰਿਆ ਵਿਚ ਪਾਏ ਜਾਣ ਦਾ ਜਾਇਜ਼ਾ ਲਿਆ। ਖਹਿਰਾ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਜਾਣ ਕੇ ਚਿੰਤਾ ਹੋਈ ਕਿ ਦੋ ਦਿਨ ਪਹਿਲਾਂ ਚੱਢਾ ਦੀ ਮਾਲਕੀ ਵਾਲੀ ਕੀੜੀ ਅਫਗਾਨਾ ਸ਼ੂਗਰ ਮਿੱਲ ਵਲੋਂ ਜ਼ਹਿਰੀਲਾ ਕੈਮੀਕਲ ਛੱਡਣ ਕਾਰਨ ਵੱਖ-ਵੱਖ ਕਿਸਮ ਦੀਆਂ ਮੱਛੀਆਂ ਮਰ ਗਈਆਂ। ਖਹਿਰਾ ਨੇ ਕਿਹਾ ਕਿ ਜਿਥੇ ਹਜ਼ਾਰਾਂ ਮੱਛੀਆਂ ਦੀ ਮੌਤ ਸਾਹਮਣੇ ਆਈ ਹੈ, ਉਨ੍ਹਾਂ ਨੂੰ ਖਦਸ਼ਾ ਹੈ ਕਿ ਸਾਡੇ ਦਰਿਆਵਾਂ ਵਿਚ ਰਹਿਣ ਵਾਲੇ ਹੋਰਨਾਂ ਜੀਵ ਜੰਤੂਆਂ ਦੀਆਂ ਹਜ਼ਾਰਾਂ ਕਿਸਮਾਂ ਦਾ ਵੀ ਖਾਤਮਾ ਹੋ ਗਿਆ ਹੋਵੇਗਾ। ਖਹਿਰਾ ਨੇ ਇਨ੍ਹਾਂ ਜਲ ਜੰਤੂਆਂ ਦੇ ਖਾਤਮੇ ਨੂੰ ਭੋਪਾਲ ਗੈਸ ਲੀਕ ਨਾਲ ਹੋਈ ਤਬਾਹੀ ਜਾਂ ਦਹਾਕਿਆਂ ਤੱਕ ਜੀਵਤ ਜੰਤੂਆਂ ਉੱਪਰ ਬੁਰੇ ਪ੍ਰਭਾਵ ਪਾਉਣ ਵਾਲੇ 1986 ਚਰਨੋਬਲ ਹਾਦਸੇ ਦੇ ਬਰਾਬਰ ਕਰਾਰ ਦਿੱਤਾ।
ਵਿਰੋਧੀ ਧਿਰ ਦੇ ਨੇਤਾ ਖਹਿਰਾ ਨੇ ਕਿਹਾ ਕਿ ਇੰਝ ਮਹਿਸੂਸ ਹੁੰਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਉਕਤ ਸ਼ੂਗਰ ਮਿੱਲ ਨੂੰ ਸੀਲ ਕਰਕੇ ਅਤੇ 25 ਲੱਖ ਰੁਪਏ ਦਾ ਜੁਰਮਾਨਾ ਲਗਾ ਕੇ ਇਸ ਮਾਮਲੇ ਤੋਂ ਪੱਲਾ ਝਾੜ ਲਿਆ ਹੈ। ਖਹਿਰਾ ਨੇ ਮੰਗ ਕੀਤੀ ਕਿ ਉਕਤ ਮਿੱਲ ਦੇ ਮਾਲਿਕਾਂ ਉੱਪਰ ਅਪਰਾਧਿਕ ਮਾਮਲੇ ਦਰਜ ਕਰਕੇ ਕਾਰਵਾਈ ਕਰਕੇ ਮਿਸਾਲ ਕਾਇਮ ਕੀਤੀ ਜਾਵੇ ਤਾਂ ਕਿ ਭਵਿੱਖ ਵਿਚ ਕੋਈ ਹੋਰ ਸਨਅਤਕਾਰ ਸਾਡੇ ਦਰਿਆਵਾਂ ਨੂੰ ਪ੍ਰਦੂਸ਼ਿਤ ਕਰਨ ਦੀ ਹਿੰਮਤ ਨਾ ਕਰ ਸਕੇ। ਖਹਿਰਾ ਨੇ ਕੈਪਟਨ ਅਮਰਿੰਦਰ ਸਿੰਘ ਕੋਲੋਂ ਮੰਗ ਕੀਤੀ ਕਿ ਉਹ ਡੂੰਘੀ ਨੀਂਦ ਵਿਚੋਂ ਉੱਠਣ ਅਤੇ ਸੂਬੇ ਵਿਚ ਵਾਤਾਵਰਣ ਐਮਰਜੈਂਸੀ ਲਗਾਉਣ ਤਾਂ ਕਿ ਮਨੁੱਖੀ ਜੀਵਨ ਅਤੇ ਜਲ ਜੰਤੂਆਂ ਨੂੰ ਹੋ ਰਹੀ ਤਬਾਹੀ ਤੋਂ ਬਚਾਉਣ ਲਈ ਦਰਿਆਈ ਪ੍ਰਦੂਸ਼ਣ ਨਾਲ ਜੰਗੀ ਪੱਧਰ 'ਤੇ ਨਜਿੱਠਿਆ ਜਾ ਸਕੇ।