ਹਜ਼ਾਰਾਂ ਸਿੱਖਾਂ ਦੇ ਕਾਤਲ ਟਾਈਟਲਰ ਨੂੰ ਜੇਲ ''ਚ ਪਾ ਕੇ ਫਿਰਨੇ ਚਾਹੀਦੇ ਹਨ ਛਿੱਤਰ : ਸੁਖਬੀਰ ਬਾਦਲ

05/21/2018 6:41:26 PM

ਜਲੰਧਰ (ਬੁਲੰਦ)— ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਐਤਵਾਰ ਜਲੰਧਰ ਵਿਖੇ ਕਿਹਾ ਕਿ ਜਗਦੀਸ਼ ਟਾਈਟਲਰ ਵੱਲੋਂ ਸਿੱਖ ਦੰਗਿਆਂ ਦੇ ਮਾਮਲੇ 'ਚ ਮੁਆਫੀ ਮੰਗਣੀ ਸਿਰਫ ਡਰਾਮਾ ਹੈ। ਉਨ੍ਹਾਂ ਨੇ ਕਿਹਾ ਕਿ ਹਜ਼ਾਰਾਂ ਸਿੱਖਾਂ ਦੇ ਕਾਤਲ ਨੂੰ ਤਾਂ ਜੇਲ 'ਚ ਪਾ ਕੇ ਛਿੱਤਰ ਫਿਰਨੇ ਚਾਹੀਦੇ ਹਨ। ਦੱਸਣਯੋਗ ਹੈ ਕਿ ਸੁਖਬੀਰ ਬਾਦਲ ਨੇ ਬੀਤੇ ਦਿਨ ਜਲੰਧਰ 'ਚ ਆਮ ਆਦਮੀ ਪਾਰਟੀ ਦੇ ਨੇਤਾ ਹਰਕ੍ਰਿਸ਼ਨ ਸਿੰਘ ਵਾਲੀਆ ਨੂੰ ਵੀ ਅਕਾਲੀ ਦਲ 'ਚ ਸ਼ਾਮਲ ਕੀਤਾ। ਸੁਖਬੀਰ ਵਾਲੀਆ ਦੇ ਘਰ ਪਹੁੰਚੇ ਸਨ। ਵਾਲੀਆ ਨਾਲ ਹਰਪ੍ਰੀਤ ਆਹਲੂਵਾਲੀਆ, ਰਾਮ ਸਵਰੂਪ, ਗੁਰਦਿਆਲ ਸੰਧੂ, ਸਾਗਰ, ਗੁਰਪ੍ਰੀਤ ਸਿੰਘ, ਦਲਬੀਰ ਸਿੰਘ, ਮਨਪ੍ਰੀਤ, ਮਨੀਸ਼ ਸ਼ਰਮਾ, ਡਾਲੀ ਹਾਂਡਾ, ਜਥੇ. ਕਸ਼ਮੀਰ ਸਿੰੰਘ ਅਤੇ ਜਸਪ੍ਰੀਤ ਜਾਨੀ ਨੇ ਵੀ ਅਕਾਲੀ ਦਲ ਦਾ ਪੱਲਾ ਫੜਿਆ। ਸੁਖਬੀਰ ਨੇ ਵਾਲੀਆ ਨੂੰ ਸਿਰੋਪਾਓ ਪਾ ਕੇ ਅਕਾਲੀ ਦਲ 'ਚ ਸ਼ਾਮਲ ਕੀਤਾ ਅਤੇ ਕਿਹਾ ਕਿ ਪਾਰਟੀ 'ਚ ਸ਼ਾਮਲ ਹੋਣ ਵਾਲਿਆਂ ਨੂੰ ਪੂਰਾ ਸਨਮਾਨ ਮਿਲੇਗਾ। 
ਇਸ ਮੌਕੇ 'ਆਪ' ਪਾਰਟੀ ਦਾ ਪੰਜਾਬ 'ਚ ਕੀ ਭਵਿੱਖ ਹੈ, ਬਾਰੇ ਸਵਾਲ 'ਤੇ ਸੁਖਬੀਰ ਨੇ ਕਿਹਾ ਕਿ ਆਪ ਪਾਰਟੀ ਦਾ ਸੂਪੜਾ ਸਾਫ ਹੋ ਚੁੱਕਾ ਹੈ ਅਤੇ 2019 ਤੱਕ ਤਾਂ ਪਾਰਟੀ ਦਾ ਕੋਈ ਨਾਂ ਲੈਣ ਵਾਲਾ ਵੀ ਨਹੀਂ ਹੋਵੇਗਾ। ਨਾਰਾਇਣ ਦਾਸ ਨਾਮਕ ਇਕ ਸਾਧੂ ਵੱਲੋਂ ਗੁਰੂ ਅਰਜਨ ਦੇਵ ਜੀ ਬਾਰੇ ਬੋਲੇ ਗਏ ਅਪਸ਼ਬਦਾਂ 'ਤੇ ਪੁੱਛੇ ਗਏ ਸਵਾਲ ਦੇ ਜਵਾਬ 'ਚ ਸੁਖਬੀਰ ਨੇ ਕਿਹਾ ਕਿ ਉਨ੍ਹਾਂ ਨੇ ਨਾਰਾਇਣ ਦਾਸ ਦੀ ਵੀਡੀਓ ਦੇਖੀ ਨਹੀਂ ਹੈ ਅਤੇ ਉਨ੍ਹਾਂ ਨੂੰ ਇਸ ਮਾਮਲੇ ਬਾਰੇ ਕੁਝ ਨਹੀਂ ਪਤਾ। 
ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਅਸਲ 'ਚ ਲੋਕਾਂ ਤੋਂ ਬੇਹੱਦ ਦੂਰ ਹਨ। ਇਹੀ ਕਾਰਨ ਹੈ ਕਿ ਲੋਕ ਅੱਜ ਵੀ ਸੱਤਾਧਾਰੀ ਕਾਂਗਰਸ ਦੀ ਜਗ੍ਹਾ ਅਕਾਲੀ ਦਲ ਨਾਲ ਜੁੜਨ ਨੂੰ ਪਹਿਲ ਦੇ ਰਹੇ ਹਨ। ਇਸ ਮੌਕੇ ਪਵਨ ਟੀਨੂ, ਬੱਬੀ ਬਾਦਲ, ਮਨਪ੍ਰੀਤ ਇਯਾਲੀ, ਕੁਲਵੰਤ ਸਿੰਘ ਮੰਨਣ, ਹਰਕੋਮਲਜੀਤ ਰੋਮੀ, ਅਮਰਜੀਤ ਸਿੰਘ ਥਿੰਦ, ਗੁਰਪ੍ਰਤਾਪ ਵਡਾਲਾ, ਸਤਿੰਦਰ ਪੀਤਾ, ਰਣਜੀਤ ਸਿੰਘ ਖੋਜੇਵਾਲ, ਬਲਜੀਤ ਸਿੰਘ ਨੀਲਾਮਹਿਲ ਤੇ ਗੋਲਡੀ ਭਾਟੀਆ ਵੀ ਮੌਜੂਦ ਸਨ।