ਸੁਖਬੀਰ ਬਾਦਲ ਭਲਕੇ ਰੋਡ ਸ਼ੋਅ ਦੀ ਅਗਵਾਈ ਕਰਨਗੇ

05/25/2018 2:12:24 AM

ਸ਼ਾਹਕੋਟ/ਜਲੰਧਰ (ਜ.ਬ.) - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸ਼ਾਹਕੋਟ 'ਚ ਚੋਣ ਪ੍ਰਚਾਰ ਦੇ ਆਖਰੀ ਦਿਨ 26 ਮਈ ਨੂੰ ਅਕਾਲੀ ਦਲ ਦੇ ਉਮੀਦਵਾਰ ਸਰਦਾਰ ਨਾਇਬ ਸਿੰਘ ਕੋਹਾੜ ਦੇ ਹੱਕ 'ਚ ਕੱਢੇ ਜਾਣ ਵਾਲੇ ਰੋਡ ਸ਼ੋਅ ਦੀ ਅਗਵਾਈ ਕਰਨਗੇ।ਇਸ ਬਾਰੇ ਜਾਣਕਾਰੀ ਦਿੰਦਿਆਂ ਪਾਰਟੀ ਬੁਲਾਰੇ ਚਰਨਜੀਤ ਸਿੰਘ ਬਰਾੜ ਨੇ ਦੱਸਿਆ ਕਿ ਇਹ ਰੋਡ ਸ਼ੋਅ ਮਲਸੀਆਂ ਰੋਡ ਤੋਂ ਸਵੇਰੇ 10 ਵਜੇ ਸ਼ੁਰੂ ਹੋ ਕੇ ਸ਼ਾਮ 4:45 'ਤੇ ਮਹਿਤਪੁਰ ਦੀ ਅਨਾਜ ਮੰਡੀ 'ਚ ਜਾ ਕੇ ਮੁਕੰਮਲ ਹੋਵੇਗਾ। ਉਨ੍ਹਾਂ ਕਿਹਾ ਕਿ ਮਲਸੀਆਂ ਤੋਂ ਇਹ ਰੋਡ ਸ਼ੋਅ ਰੂਪੇਵਾਲ ਚੌਕ, ਸੀਚੇਵਾਲ ਮੰਡੀ, ਨਿਹਾਲੂਵਾਲ ਅੱਡਾ ਅਤੇ ਤਾਸ਼ਪੁਰ ਅੱਡੇ 'ਚੋਂ ਹੁੰਦਾ ਹੋਇਆ ਇਕ ਘੰਟੇ 'ਚ ਟਰੱਕ ਯੂਨੀਅਨ ਲੋਹੀਆਂ ਵਿਖੇ ਪਹੁੰਚੇਗਾ।ਉਨ੍ਹਾਂ ਦੱਸਿਆ ਕਿ ਇਸ ਰੋਡ ਸ਼ੋਅ ਦਾ ਦੂਜਾ ਪੜਾਅ 11 ਵਜੇ ਲੋਹੀਆਂ ਤੋਂ ਸ਼ੁਰੂ ਹੋਵੇਗਾ ਅਤੇ ਨਵਾਂ ਪਿੰਡ ਖਾਲੇਵਾਲ, ਅੱਡਾ ਕੰਗ ਖੁਰਦ, ਕੱਕੜ ਕਲਾਂ, ਪੂਨੀਆਂ, ਨਵਾਂ ਪਿੰਡ ਅਕਾਲੀਆਂ, ਮਾਣਕਪੁਰ, ਅੱਡਾ ਕੋਹਾੜ ਖੁਰਦ, ਜਫ਼ਰਵਾਲ ਅਤੇ ਸਾਰੰਗਵਾਲ 'ਚੋਂ ਹੁੰਦਾ ਹੋਇਆ ਦੁਪਹਿਰ ਇਕ ਵਜੇ ਸ਼ਾਹਕੋਟ ਪਹੁੰਚੇਗਾ । ਉਨ੍ਹਾਂ ਕਿਹਾ ਕਿ ਰੋਡ ਸ਼ੋਅ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਲੋਕਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੂੰ ਅਕਾਲੀ ਉਮੀਦਵਾਰ ਸਰਦਾਰ ਕੋਹਾੜ ਦੀ ਜਿੱਤ ਯਕੀਨੀ ਬਣਾਉਣ ਦੀ ਅਪੀਲ ਕਰਨਗੇ।ਬੁਲਾਰੇ ਨੇ ਦੱਸਿਆ ਕਿ ਸ਼ਾਹਕੋਟ ਪਹੁੰਚਣ ਤੋਂ ਬਾਅਦ ਰੋਡ ਸ਼ੋਅ ਮਨੋਹਰ ਹਸਪਤਾਲ ਅਤੇ ਬੱਸ ਅੱਡੇ ਦੇ ਅੱਗੇ ਤੋਂ ਗੁਜ਼ਰਦਾ ਹੋਇਆ ਸ਼ਹਿਰ ਦੀ ਮੁੱਖ ਸੜਕ 'ਤੇ ਪੁੱਜੇਗਾ ਅਤੇ ਉਸ ਤੋਂ ਬਾਅਦ ਪਰਜੀਆਂ ਕਲਾਂ ਮੋੜ ਤੋਂ ਇਹ ਰੋਡ ਸੋਥਅ ਬੱਗਾ, ਪਰਜੀਆਂ, ਅੱਡਾ ਊਦੋਵਾਲ, ਬੁਲੰਦਾ ਅਤੇ ਰਾਮੂਵਾਲ 'ਚੋਂ ਲੰਘਦਾ ਹੋਇਆ ਦੁਪਹਿਰ 2 ਵਜੇ ਆਪਣੇ ਆਖਰੀ ਟਿਕਾਣੇ ਮਹਿਤਪੁਰ ਵਿਖੇ ਪਹੁੰਚੇਗਾ।