ਤਣਾਅ ਸਮੇਂ ਤੋਂ ਪਹਿਲਾਂ ਬਣਾ ਦਿੰਦੈ ਬੁੱਢਾ

05/24/2018 8:19:05 PM

ਲੰਡਨ (ਭਾਸ਼ਾ)- ਇਕ ਅਧਿਐਨ ਵਿਚ ਦਾਅਵਾ ਕੀਤਾ ਗਿਆ ਹੈ ਕਿ ਤਣਾਅ ਸਮੇਂ ਤੋਂ ਪਹਿਲਾਂ ਦਿਮਾਗ ਨੂੰ ਬੁੱਢਾ ਬਣਾ ਦਿੰਦਾ ਹੈ। ਖੋਜਕਰਤਾਵਾਂ ਨੇ ਕਿਹਾ ਕਿ ਵਿਗਿਆਨੀਆਂ ਨੇ ਪਹਿਲਾਂ ਦੱਸਿਆ ਸੀ ਕਿ ਤਣਾਅ ਨਾਲ ਪੀੜਤ ਲੋਕਾਂ ਨੂੰ ਉਮਰ ਵਧਣ ਦੇ ਨਾਲ-ਨਾਲ ਡਿਮੇਨਸ਼ੀਆ ਹੋਣ ਦਾ ਖਤਰਾ ਵਧਦਾ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਸਾਈਕਲੋਜੀਕਲ ਮੈਡੀਸਿਨ ਜਰਨਲ ਵਿਚ ਪ੍ਰਕਾਸ਼ਿਤ ਇਹ ਅਧਿਐਨ ਸੰਵੇਦਨਸ਼ੀਲ ਗਤੀਵਿਧੀਆਂ ਵਿਚ ਕਮੀ 'ਤੇ ਤਣਾਅ ਦੇ ਪ੍ਰਭਾਵ ਬਾਰੇ ਵਿਆਪਕ ਪ੍ਰਮਾਣ ਪੇਸ਼ ਕਰਦਾ ਹੈ। ਬ੍ਰਿਟੇਨ ਸਥਿਤ ਸੁਸੈਕਸ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ 34 ਅਧਿਐਨਾਂ ਦੀ ਸਮੀਖਿਆ ਕੀਤੀ। ਇਸ ਦੌਰਾਨ ਉਨ੍ਹਾਂ ਦਾ ਮੁੱਖ ਧਿਆਨ ਤਣਾਅ ਅਤੇ ਸਮੇਂ ਦੇ ਨਾਲ ਸੰਵੇਦਨਸ਼ੀਲ ਗਤੀਵਿਧੀਆਂ ਵਿਚ ਕਮੀ ਵਿਚਾਲੇ ਸਬੰਧਾਂ 'ਤੇ ਸੀ। ਖੋਜਕਰਤਾਵਾਂ ਨੇ ਸੰਵੇਦਨਸ਼ੀਲ ਗਤੀਵਿਧੀਆਂ ਵਿਚ ਬਾਲਗਾਂ ਵਿਚ ਯਾਦ ਸਮਰੱਥਾ ਵਿਚ ਕਮੀ, ਫੈਸਲੇ ਲੈਣ ਅਤੇ ਸੂਚਨਾ ਸੰਸਾਧਨ ਸਬੰਧੀ ਗਤੀ ਆਦਿ ਨੂੰ ਸ਼ਾਮਲ ਕੀਤਾ। ਸੁਸੈਕਸ ਯੂਨੀਵਰਸਿਟੀ ਦੀ ਦਾਰਯਾ ਗਾਇਸਿਨਾ ਨੇ ਕਿਹਾ ਕਿ ਇਹ ਅਧਿਐਨ ਮਹਤਵਪੂਰਨ ਹੈ ਕਿਉਂਕਿ ਸਾਡੀ ਆਬਾਦੀ ਵਿਚ ਬਜ਼ੁਰਗ ਹੋਣ ਦੀ ਦਰ ਜ਼ਿਆਦਾ ਹੈ। ਖਦਸ਼ਾ ਹੈ ਕਿ ਅਗਲੇ 30 ਸਾਲ ਵਿਚ ਸੰਵੇਦਨਸ਼ੀਲ ਗਤੀਵਿਧੀਆਂ ਵਿਚ ਕਮੀ ਵਾਲੇ ਅਤੇ ਡਿਮੇਂਸ਼ੀਆ ਨਾਲ ਪੀੜਤ ਲੋਕਾਂ ਦੀ ਗਿਣਤੀ ਵਧੇਗੀ। ਉਨ੍ਹਾਂ ਨੇ ਕਿਹਾ ਕਿ ਸਾਨੂੰ ਸਾਡੇ ਤਣਾਅਗ੍ਰਸਤ ਅਤੇ ਡਿਮੇਂਸ਼ੀਆ ਨਾਲ ਪੀੜਤ ਬਜ਼ੁਰਗ ਦੀ ਮਾਨਸਿਕ ਸਥਿਤੀ ਬਿਹਤਰ ਬਣਾਈ ਰੱਖਣ ਲਈ ਉਨ੍ਹਾਂ ਦੀ ਸਹੀ ਤਰੀਕੇ ਨਾਲ ਦੇਖਭਾਲ ਕਰਨ ਦੀ ਲੋੜ ਹੈ ਤਾਂ ਜੋ ਉਮਰ ਵੱਧਣ ਦੌਰਾਨ ਉਨ੍ਹਾਂ ਦੇ ਦਿਮਾਗ ਦੀ ਸਮਰੱਥਾ ਉੱਤੇ ਜ਼ਿਆਦਾ ਅਸਰ ਨਾ ਹੋਵੇ।