ਜੀ. ਐੱਸ. ਟੀ. ਮੁਕਤ ਲੰਗਰ ਲਈ ਝੋਲੀ ਅੱਡ ਕੇ ਵਿੱਤ ਮੰਤਰੀ ਕੋਲ ਜਾਵਾਂਗਾ : ਸ਼ਵੇਤ ਮਲਿਕ

05/22/2018 11:06:00 AM

ਜਲੰਧਰ (ਰਾਹੁਲ)— ਲੰਗਰ 'ਤੇ ਜੀ. ਐੱਸ. ਟੀ. ਦੀ ਮੁਆਫੀ ਲਈ ਮੈਂ ਵਿੱਤ ਮੰਤਰੀ ਕੋਲ ਝੋਲੀ ਅੱਡ ਕੇ ਜਾਵਾਂਗਾ, ਕਿਉਂਕਿ ਮੈਂ ਵੀ ਇਕ ਪੰਜਾਬੀ ਹਾਂ ਅਤੇ ਪੰਜਾਬ ਦੀ ਰਿਵਾਇਤ ਮੁਫਤ ਲੰਗਰ ਦੀ ਰਹੀ ਹੈ ਅਤੇ ਮੇਰੀ ਕੋਸ਼ਿਸ਼ ਹੋਵੇਗੀ ਕਿ ਜਲਦ ਹੀ ਲੰਗਰ ਨੂੰ ਜੀ. ਐੱਸ. ਟੀ. ਤੋਂ ਬਾਹਰ ਕਰ ਦਿੱਤਾ ਜਾਵੇ। ਇਹ ਪ੍ਰਗਟਾਵਾ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਨੇ ਕੀਤਾ। 
ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਬਾਦਲ ਵੱਲੋਂ ਜੀ. ਐੱਸ. ਟੀ. ਦੇ ਵਿਸ਼ੇ 'ਤੇ ਮੋਦੀ ਸਰਕਾਰ ਦੀ ਕਾਰਜਪ੍ਰਣਾਲੀ 'ਤੇ ਕੀਤੀ ਗਈ ਟਿੱਪਣੀ ਦੇ ਬਾਰੇ 'ਚ ਮਲਿਕ ਨੇ ਕਿਹਾ ਕਿ ਆਪਣੀ ਗੱਲ ਕਹਿਣ ਦਾ ਸਭ ਨੂੰ ਹੱਕ ਹੈ। ਇਸ ਵਿਸ਼ੇ 'ਚ ਮੈਨੂੰ ਅਜੇ ਕੋਈ ਜਾਣਕਾਰੀ ਨਹੀਂ ਹੈ। ਦੂਜਾ ਗਠਜੋੜ ਦੇ ਨਾਲ ਹੋਣ ਦੇ ਨਾਤੇ ਜੇਕਰ ਕੋਈ ਮਤਭੇਦ ਵੀ ਆਉਂਦਾ ਹੈ ਤਾਂ ਇਹ ਮਾਮਲਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਅਕਾਲੀ ਦਲ ਦੇ ਥੰਮ੍ਹ ਤੇ ਬਜ਼ੁਰਗ ਆਗੂ ਪ੍ਰਕਾਸ਼ ਸਿੰਘ ਬਾਦਲ ਨਾਲ ਬੈਠ ਕੇ ਨਿਬੇੜਿਆ ਜਾ ਸਕਦਾ ਹੈ। 
ਉਨ੍ਹਾਂ ਨੇ ਕਾਂਗਰਸ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਜਦ ਸ੍ਰੀ ਗੁਟਕਾ ਸਾਹਿਬ ਲੈ ਕੇ ਉਹ ਜੀ. ਐੱਸ. ਟੀ. ਸਬੰਧੀ ਵਾਅਦੇ ਕਰ ਰਹੇ ਸਨ ਤਾਂ ਉਸ ਸਮੇਂ ਗਵਾਹੀ ਵੀ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਦਿਵਾਈ ਸੀ। ਜੇਕਰ ਸੱਚੇ ਹੁੰਦੇ ਤਾਂ ਉਸ ਸਮੇਂ ਵੀ ਇਹ ਸਪੱਸ਼ਟ ਕਹਿੰਦੇ ਕਿ ਜੀ. ਐੱਸ. ਟੀ. ਤੋਂ ਮੁਕਤੀ ਮੋਦੀ ਸਰਕਾਰ ਤੋਂ ਭਾਜਪਾ-ਅਕਾਲੀ ਗਠਜੋੜ ਦੇ ਨੇਤਾਵਾਂ ਦੀ ਮਦਦ ਨਾਲ  ਦਿਵਾਵਾਂਗਾ। ਹੁਣ ਇਹ ਜੀ. ਐੱਸ. ਟੀ. ਮੁਆਫੀ ਦੇ ਮਾਮਲੇ 'ਚ ਵੀ ਗੁੰਮਰਾਹਕੁੰਨ ਪ੍ਰਚਾਰ ਕਰ ਰਹੇ ਹਨ। ਕੈਪਟਨ ਚੋਣਾਂ ਤੋਂ ਪਹਿਲਾਂ ਆਪਣੇ ਐਲਾਨ ਪੱਤਰ ਨੂੰ ਪੂਰਾ ਕਰਨ 'ਚ ਪੂਰੀ ਤਰ੍ਹਾਂ ਅਸਫਲ ਰਹੇ ਹਨ ਅਤੇ ਆਪਣੀ ਚਮੜੀ ਬਚਾਉਣ ਲਈ ਬੇਮਤਲਬ ਦੋਸ਼ ਲਾ ਰਹੇ ਹਨ। ਪੰਜਾਬ ਦੀ ਜਨਤਾ ਹੁਣ ਉਨ੍ਹਾਂ ਨੂੰ ਮੁਆਫ ਨਹੀਂ ਕਰੇਗੀ।