ਸ਼ੁਭੰਕਰ ਸ਼ਰਮਾ ਨੂੰ ਮਿਲੀ ਯੂ. ਐੱਸ. ਓਪਨ ਦੀ ਟਿਕਟ

06/06/2018 2:06:25 AM

ਕੋਲੰਬਸ— ਭਾਰਤੀ ਗੋਲਫ ਦੀ ਨਵੀਂ ਸਨਸਨੀ ਸ਼ੁਭੰਕਰ ਸ਼ਰਮਾ ਨੂੰ ਸਾਲ ਦੇ ਦੂਜੇ ਮੇਜਰ ਯੂ. ਐੱਸ. ਓਪਨ ਲਈ ਟਿਕਟ ਮਿਲ ਗਈ ਹੈ। ਇਹ ਟੂਰਨਾਮੈਂਟ ਨਿਊਯਾਰਕ ਦੇ ਸਾਊਥੰਪਟਨ ਸਥਿਤ ਸ਼ਿਨੇਕਾਕ ਹਿੱਲਜ਼ ਗੋਲਫ ਕਲੱਬ 'ਚ 14 ਤੋਂ 17 ਜੂਨ ਤਕ ਖੇਡਿਆ ਜਾਵੇਗਾ। 21 ਸਾਲਾ ਸ਼ੁਭੰਕਰ ਇਸ ਦੇ ਨਾਲ ਹੀ ਯੂ. ਐੱਸ. ਓਪਨ ਵਿਚ ਉਤਰਨ ਵਾਲਾ ਪੰਜਵਾਂ ਭਾਰਤੀ ਗੋਲਫਰ ਤੇ ਸਭ ਤੋਂ ਨੌਜਵਾਨ ਭਾਰਤੀ ਗੋਲਫਰ ਬਣ ਜਾਵੇਗਾ। ਦੋ ਵਾਰ ਦੇ ਯੂਰਪੀਅਨ ਟੂਰ ਜੇਤੂ ਤੇ ਵਿਸ਼ਵ ਰੈਂਕਿੰਗ ਵਿਚ 77ਵੇਂ ਨੰਬਰ ਦੇ ਖਿਡਾਰੀ ਸ਼ੁਭੰਕਰ ਨੇ ਸੋਮਵਾਰ ਕੋਲੰਬਸ 'ਚ ਆਯੋਜਿਤ ਸੈਕਸ਼ਨਲ ਕੁਆਲੀਫਾਇਰ 'ਚ ਸਾਂਝੇ ਤੌਰ 'ਤੇ ਪੰਜਵਾਂ ਸਥਾਨ ਹਾਸਲ ਕਰ ਕੇ ਯੂ. ਐੱਸ. ਓਪਨ 'ਚ ਖੇਡਣ ਦਾ ਅਧਿਕਾਰ ਹਾਸਲ ਕੀਤਾ ਹੈ। 
ਸੈਕਸ਼ਨਲ ਕੁਆਲੀਫਾਇਰ ਵਿਚ ਉਤਰੇ 120 ਗੋਲਫਰਾਂ 'ਚੋਂ ਟਾਪ-14 ਨੂੰ ਯੂ. ਐੱਸ. ਓਪਨ ਵਿਚ ਖੇਡਣ ਦੀ ਟਿਕਟ ਮਿਲੀ ਹੈ।
ਸ਼ੁਭੰਕਰ ਇਸ ਸਾਲ ਦੇ ਸ਼ੁਰੂ ਵਿਚ ਮਾਸਟਰ ਵਿਚ ਸੱਦਾ ਮਿਲਣ ਕਾਰਨ ਪਹਿਲਾਂ ਹੀ ਆਪਣਾ ਮੇਜਰ ਡੈਬਿਊ ਕਰ ਚੁੱਕਾ ਹੈ। ਯੂ. ਐੱਸ. ਓਪਨ ਦਾ ਇਹ 118ਵਾਂ ਸੈਸ਼ਨ ਹੋਵੇਗਾ। 21 ਸਾਲ ਦਾ ਸ਼ੁਭੰਕਰ ਯੂ. ਐੱਸ. ਓਪਨ ਵਿਚ ਉਤਰਨ ਵਾਲਾ ਸਭ ਤੋਂ ਨੌਜਵਾਨ ਭਾਰਤੀ ਬਣਿਆ ਹੋਇਆ ਹੈ। ਇਸ ਤੋਂ ਪਹਿਲਾਂ ਲਾਹਿੜੀ ਨੇ 27 ਸਾਲ ਦੀ ਉਮਰ ਵਿਚ 2015 ਦਾ ਯੂ. ਐੱਸ. ਓਪਨ ਖੇਡਿਆ ਸੀ।