ਸ਼ਿਖਰ ਧਵਨ ਨੇ ਧੋਨੀ ਨੂੰ ਪਿੱਛੇ ਛੱਡ ਆਪਣੇ ਨਾਂ ਕੀਤੀ ਇਹ ਖਾਸ ਉਪਲੱਬਧੀ

05/25/2018 9:19:04 PM

ਨਵੀਂ ਦਿੱਲੀ— ਕੋਲਕਾਤਾ ਨਾਈਟ ਰਾਈਡਰਜ਼ ਦੇ ਖਿਲਾਫ ਆਈ.ਪੀ.ਐੱਲ. ਸੀਜ਼ਨ-11 ਦੇ ਕੁਆਲੀਫਾਇਰ-2 ਮੈਚ ਦੌਰਾਨ ਸਨਰਾਈਜ਼ਰਸ ਹੈਦਰਾਬਾਦ ਦੇ ਓਪਨਰ ਬੱਲੇਬਾਜ਼ ਸ਼ਿਖਰ ਧਵਨ ਨੇ ਆਪਣੇ ਨਾਂ ਵੱਡਾ ਰਿਕਾਰਡ ਦਰਜ਼ ਕਰ ਲਿਆ। ਧਵਨ ਨੇ 24 ਗੇਂਦਾਂ 'ਚ 34 ਦੌੜਾਂ ਦੀ ਪਾਰੀ ਖੇਡੀ, ਜਿਸ 'ਚ 4 ਚੌਕੇ ਅਤੇ 1 ਛੱਕਾ ਸ਼ਾਮਲ ਰਿਹਾ। ਇਸ ਦੇ ਨਾਲ ਹੀ ਉਸ ਨੇ ਆਪਣੇ ਆਈ.ਪੀ.ਐੱਲ ਕਰੀਅਰ ਦੀਆਂ 4 ਹਜ਼ਾਰ ਦੌੜਾਂ ਪੂਰੀਆਂ ਕੀਤੀਆਂ।

ਧੋਨੀ ਨੂੰ ਛੱਡਿਆ ਪਿੱਛੇ


ਇਸ ਮਾਮਲੇ 'ਚ ਉਸ ਨੇ ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਪਿੱਛੇ ਛੱਡ ਦਿੱਤਾ। ਧੋਨੀ 174 ਮੈਚ ਖੇਡ ਕੇ4,016 ਦੌੜਾਂ ਬਣਾ ਚੁੱਕਾ ਹੈ, ਉੱਥੇ ਹੀ ਧਵਨ ਦੇ ਨਾਂ ਹੁਣ 142 ਮੈਚਾਂ 'ਚ 4,032 ਦੌੜਾਂ ਦਰਜ਼ ਹੋ ਗਈਆਂ ਹਨ। ਇਸ ਤੋਂ ਇਲਾਵਾ ਧਵਨ 4 ਹਜ਼ਾਰੀ ਦੌੜਾਂ ਬਣਾਉਣ ਵਾਲੇ 8ਵੇਂ ਬੱਲੇਬਾਜ਼ ਦੀ ਸੂਚੀ 'ਚ ਸ਼ਾਮਲ ਹੋ ਗਿਆ ਹੈ। ਉਸ ਤੋਂ ਪਹਿਲਾਂ ਸੁਰੇਸ਼ ਰੈਨਾ, ਵਿਰਾਚ ਕੋਹਲੀ, ਰੋਹਿਤ ਸ਼ਰਮਾ, ਮਹਿੰਦਰ ਸਿੰਘ ਧੋਨੀ, ਗੌਤਮ ਗੰਭੀਰ, ਰੌਬਿਨ ਉਥੱਪਾ ਅਤੇ ਡੇਵਿਡ ਵਾਰਨਰ ਨੇ ਇਹ ਉਪਲੱਬਧੀ ਹਾਸਲ ਕੀਤੀ।
ਆਈ.ਪੀ.ਐੱਲ. 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦਾ ਰਿਕਾਰਡ ਸੁਰੇਸ਼ ਰੈਨਾ ਦੇ ਨਾਂ ਹੈ। ਉਸ ਨੇ ਹੁਣ ਤੱਕ 171 ਪਾਰੀਆਂ 'ਚ 4953 ਦੌੜਾਂ ਬਣਾਈਆਂ। ਇਸ ਦੌਰਾਨ ਉਸ ਨੇ ਇਕ ਸੈਂਕੜਾ ਅਤੇ 35 ਅਰਧ ਸੈਂਕੜੇ ਵੀ ਲਗਾਏ।

IPL 'ਚ 4 ਹਜ਼ਾਰੀ ਬਣਾਉਣ ਵਾਲੇ 8 ਬੱਲੇਬਾਜ਼
ਸੁਰੇਸ਼ ਰੈਨਾ— 4953
ਵਿਰਾਟ ਕੋਹਲੀ— 4948
ਰੋਹਿਤ ਸ਼ਰਮਾ— 4493
ਗੌਤਮ ਗੰਭੀਰ— 4217
ਰੋਬਿਨ ਉਥੱਪਾ— 4127
ਸ਼ਿਖਰ ਧਵਨ— 4032
ਮਹਿੰਦਰ ਸਿੰਘ ਧੋਨੀ— 4016
ਡੇਵਿਡ ਵਾਰਨਰ—4014