ਸ਼ਮਕਿਰ ਮਾਸਟਰ ਸ਼ਤਰੰਜ : ਮੈਗਨਸ ਕਾਰਲਸਨ ਬਣਿਆ ਜੇਤੂ

05/01/2018 10:32:32 AM

ਸ਼ਮਕਿਰ, (ਨਿਕਲੇਸ਼ ਜੈਨ)— ਸਾਬਕਾ ਧਾਕੜ ਸ਼ਤਰੰਜ ਖਿਡਾਰੀ ਗਸਿਮੋਵ ਦੀ ਯਾਦ 'ਚ ਆਯੋਜਿਤ ਹੋਣ ਵਾਲੇ ਸ਼ਮਕਿਰ ਸੁਪਰ ਗ੍ਰੈਂਡ ਮਾਸਟਰ ਟੂਰਨਾਮੈਂਟ ਦਾ ਖਿਤਾਬ ਆਖਿਰਕਾਰ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਨੇ ਆਪਣੇ ਨਾਂ ਕਰ ਲਿਆ। ਵੈਸੇ ਦੇਖਿਆ ਜਾਵੇ ਤਾਂ ਦਸੰਬਰ ਵਿਚ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ ਦੀ ਤਿਆਰੀ ਦੇ ਲਿਹਾਜ਼ ਨਾਲ ਇਹ ਜਿੱਤ ਉਸ 'ਚ ਆਤਮ-ਵਿਸ਼ਵਾਸ ਦਾ ਵਾਧਾ ਕਰੇਗੀ।

ਆਖਰੀ ਰਾਊਂਡ ਵਿਚ ਕਾਰਲਸਨ ਨੇ ਚੀਨ ਦੇ ਡਿੰਗ ਲੀਰੇਨ ਨਾਲ ਡਰਾਅ ਖੇਡਦੇ ਹੋਏ 6 ਅੰਕਾਂ ਨਾਲ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਡਿੰਗ 5.5 ਅੰਕਾਂ ਨਾਲ ਦੂਜੇ ਸਥਾਨ 'ਤੇ ਰਿਹਾ। ਉਥੇ ਹੀ ਆਖਰੀ ਰਾਊਂਡ ਵਿਚ ਸਾਬਕਾ ਵਿਸ਼ਵ ਚੈਂਪੀਅਨ ਵੇਸਲਿਨ ਟੋਪਾਲੋਵ ਨੂੰ ਹਾਰ ਦਾ ਸਵਾਦ ਚਖਾਉਂਦਿਆਂ ਰੂਸ ਦੇ ਸੇਰਗੀ ਕਰਜ਼ਾਕਿਨ ਨੇ 5 ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ। ਹੋਰਨਾਂ ਖਿਡਾਰੀਆਂ ਵਿਚ ਅਜ਼ਰਬੈਜਾਨ ਦਾ ਮਮੇਘਾਰੋਵ 4.5 ਅੰਕਾਂ ਨਾਲ ਚੌਥੇ, ਪੋਲੈਂਡ ਦਾ ਰਾਡਾਸਲਾਵ ਵੀ 4.5 ਅੰਕਾਂ ਨਾਲ 5ਵੇਂ ਤੇ ਅਨੀਸ਼ ਗਿਰੀ ਛੇਵੇਂ ਸਥਾਨ 'ਤੇ ਰਿਹਾ।