ਚੋਣ ਕਮਿਸ਼ਨ ਦੇ ਆਬਜ਼ਰਵਰ ਸ਼ਾਹਕੋਟ ''ਚ ਸਰਗਰਮ

05/13/2018 12:29:03 PM

ਚੰਡੀਗੜ੍ਹ/ਸ਼ਾਹਕੋਟ(ਭੁੱਲਰ)— ਚੋਣ ਕਮਿਸ਼ਨ ਦੇ ਆਬਜ਼ਰਵਰ ਵੀ ਹੁਣ ਸ਼ਾਹਕੋਟ ਚੋਣ ਖੇਤਰ 'ਚ ਸਰਗਰਮ ਹੋ ਗਏ ਹਨ ਅਤੇ ਵੱਖ-ਵੱਖ ਪਾਰਟੀਆਂ ਵੱਲੋਂ ਕੀਤੇ ਜਾ ਰਹੇ ਹਰ ਪ੍ਰੋਗਰਾਮ 'ਤੇ ਨਜ਼ਰ ਰੱਖ ਰਹੇ ਹਨ। ਕਾਂਗਰਸੀ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ 'ਤੇ ਨਾਜਾਇਜ਼ ਮਾਈਨਿੰਗ ਦਾ ਪਰਚਾ ਦਰਜ ਕੀਤੇ ਜਾਣ ਅਤੇ ਬੀਤੇ ਦਿਨੀਂ ਪਰਚਾ ਦਰਜ ਕਰਨ ਵਾਲੇ ਐੱਸ. ਐੱਚ. ਓ. ਪਰਮਿੰਦਰ ਬਾਜਵਾ ਦੀ ਗ੍ਰਿਫ਼ਤਾਰੀ ਦੇ ਤਾਜ਼ਾ ਘਟਨਾਕ੍ਰਮ ਤੋਂ ਬਾਅਦ ਇਹ ਚੋਣ ਹੁਣ ਕਾਫੀ ਦਿਲਚਸਪ ਬਣ ਚੁੱਕੀ ਹੈ।  
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਅਕਾਲੀ ਦਲ ਦੇ ਪ੍ਰਮੁੱਖ ਆਗੂਆਂ ਦੇ ਇਕ ਵਫਦ ਨੇ ਨਵੀਂ ਦਿੱਲੀ 'ਚ ਮੁੱਖ ਚੋਣ ਕਮਿਸ਼ਨਰ ਨਾਲ ਮੁਲਾਕਾਤ ਕਰਕੇ ਚੋਣ ਜ਼ਾਬਤੇ ਦੀ ਉਲੰਘਣਾ ਦੇ ਦੋਸ਼ ਲਾਉਂਦਿਆਂ ਸਿੱਧੇ ਤੌਰ 'ਤੇ ਮੁੱਖ ਮੰਤਰੀ ਦੀ ਸ਼ਿਕਾਇਤ ਕੀਤੀ ਗਈ ਸੀ। ਅਕਾਲੀ ਦਲ ਨੇ ਚੋਣ ਕਮਿਸ਼ਨ ਤੋਂ ਹਲਕੇ 'ਚ ਪੈਰਾ ਮਿਲਟਰੀ ਫੋਰਸ ਤਾਇਨਾਤ ਕਰਨ ਅਤੇ ਚੋਣ ਕਮਿਸ਼ਨ ਕੋਲੋਂ ਆਪਣੀ ਟੀਮ ਸ਼ਾਹਕੋਟ ਭੇਜ ਕੇ ਜਾਇਜ਼ਾ ਲੈਣ ਦੀ ਮੰਗ ਕੀਤੀ ਸੀ। 
ਰਾਜ ਦੇ ਮੁੱਖ ਚੋਣ ਅਧਿਕਾਰੀ ਐੱਸ. ਕਰੁਣਾ ਰਾਜੂ ਦਾ ਕਹਿਣਾ ਹੈ ਕਿ ਚੋਣ ਕਮਿਸ਼ਨ ਦੇ ਆਬਜ਼ਰਵਰ ਪਹਿਲਾਂ ਹੀ ਹਲਕੇ ਵਿਚ ਪਹੁੰਚ ਚੁੱਕੇ ਹਨ, ਜਿਨ੍ਹਾਂ 'ਚ ਖਰਚਾ ਆਬਜ਼ਰਬਰ ਵੀ ਸ਼ਾਮਲ ਹੈ। ਉਨ੍ਹਾਂ ਨੇ ਕਿਹਾ ਕਿ ਸਿਆਸੀ ਪਾਰਟੀਆਂ ਦੀ ਹਰ ਤਰ੍ਹਾਂ ਦੀ ਸਰਗਰਮੀ 'ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਜਿੱਥੇ ਵੀ ਚੋਣ ਜ਼ਾਬਤੇ ਦੀ ਉਲੰਘਣਾ ਦਾ ਮਾਮਲਾ ਸਾਹਮਣੇ ਆਉਂਦਾ ਹੈ, ਉਥੇ ਤੁਰੰਤ ਕਾਰਵਾਈ ਕੀਤੀ ਜਾ ਰਹੀ ਹੈ।


Related News