ਇਸ ਸਕੂਲ ਦੇ ਅਧਿਆਪਕਾਂ ਨੇ ਬੱਚਿਆਂ ਦੀ ਪੜਾਈ ਨੂੰ ਬਣਾ ਦਿੱਤਾ ਆਸਾਨ

05/22/2018 3:12:14 PM

ਸ੍ਰੀ ਮੁਕਤਸਰ ਸਾਹਿਬ, (ਪਵਨ ਤਨੇਜਾ, ਸੁਖਪਾਲ ਢਿੱਲੋਂ)— ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਕਾਊਣੀ ਦੇ ਸਰਕਾਰੀ ਪ੍ਰਾਈਮਰੀ ਸਕੂਲ ਬ੍ਰਾਂਚ ਦੇ ਦੋ ਅਧਿਆਪਕਾਂ ਦੀ ਜੋੜੀ ਨੇ ਸਿੱਧ ਕਰ ਦਿੱਤਾ ਹੈ ਕਿ ਜੇਕਰ ਆਪਣੇ ਕੰਮ ਪ੍ਰਤੀ ਲਗਨ ਅਤੇ ਕੁਝ ਨਵਾਂ ਕਰਨ ਦਾ ਜਜ਼ਬਾ ਮਨੁੱਖ ਦੀਆਂ ਰਗਾਂ 'ਚ ਜੋਸ ਬਣ ਦੌੜਦਾ ਹੋਵੇ ਤਾਂ ਬੰਦਾ ਸਹਿਜੇ ਹੀ ਨਵੇਂ ਟੀਚੇ ਸਰ ਕਰ ਸਕਦਾ ਹੈ। ਆਪਣੇ ਇਸੇ ਹੀ ਜੋਸ਼, ਜਨੂੰਨ ਅਤੇ ਜਜ਼ਬੇ ਨਾਲ ਇਹ ਅਧਿਆਪਕ ਪ੍ਰਾਈਮਰੀ ਸਿੱਖਿਆ ਨੂੰ ਨਵੀਂ ਦਿਸ਼ਾ ਦੇ ਰਹੇ ਹਨ। 
ਇਹ ਸਕੂਲ 2009 ਵਿਚ ਬਣਿਆ ਸੀ ਅਤੇ ਉਰਮਨਦੀਪ ਸਿੰਘ ਇੱਥੇ 2011 ਤੋਂ ਅਤੇ ਸੁਖਦੇਵ 2012 ਤੋਂ ਇੱਥੇ ਪੜਾ ਰਹੇ ਹਨ। ਇਸ ਸਮੇਂ ਸਕੂਲ 'ਚ ਪ੍ਰਾਈਮਰੀ ਜਮਾਤਾਂ ਦੇ 40 ਅਤੇ ਪ੍ਰੀ ਪ੍ਰਾਈਮਰੀ ਜਮਾਤਾਂ ਦੇ 9 ਵਿਦਿਆਰਥੀ ਹਨ। ਇੱਥੋਂ ਤੱਕ ਤਾਂ ਇਹ ਸਕੂਲ ਆਮ ਸਕੂਲਾਂ ਵਰਗਾਂ ਹੀ ਹੈ ਪਰ ਅਸਲ ਫਰਕ ਹੈ ਇਸ ਸਕੂਲ ਦੇ ਬੱਚਿਆਂ ਦੇ ਪੜਾਈ ਦੇ ਪੱਧਰ ਦਾ। ਪਿੱਛਲੇ ਸਾਲ 'ਪੜੋ ਪੰਜਾਬ ਪੜਾਓ ਪੰਜਾਬ' ਤਹਿਤ ਹੋਏ ਬੇਸਲਾਈਨ ਟੈਸਟ 'ਚ ਜਿੱਥੇ ਜ਼ਿਲੇ ਦੇ ਬੱਚਿਆਂ ਦੀ ਔਸਤ 28.78 ਫੀਸਦੀ ਸੀ ਉਥੇ ਹੀ ਇਸ ਸਕੂਲ ਦੇ ਬੱਚਿਆਂ ਦੇ ਗਿਆਨ ਦਾ ਪੱਧਰ ਉਸ ਸਮੇਂ 90.65 ਫੀਸਦੀ ਸੀ ਅਤੇ ਮਾਰਚ 2018 'ਚ ਹੋਏ ਪੋਸਟ ਟੈਸਟ ਵਿਚ 'ਪੜੋ ਪੰਜਾਬ ਪੜਾਓ ਪੰਜਾਬ' ਮੁਹਿੰਮ ਨਾਲ ਜ਼ਿਲੇ ਦੀ ਔਸਤ ਜਿੱਥੇ 73.75 ਫੀਸਦੀ ਹੀ ਅੱਪੜ ਸਕੀ ਜਦਕਿ ਇਸ ਸਕੂਲ ਦੇ ਬੱਚਿਆਂ ਨੇ ਆਪਣੇ ਗਿਆਨ ਦਾ ਪੱਧਰ ਦਾ 97.14 ਫੀਸਦੀ ਕਰ ਲਿਆ। ਉਰਮਨਦੀਪ ਸਿੰਘ ਆਖਦੇ ਹਨ ਪੋਸਟ ਟੈਸਟ ਵਾਲੇ ਦਿਨ ਇਕ ਬੱਚੇ ਦੀ ਗੈਰਹਾਜਰੀ ਕਾਰਨ ਨਤੀਜਾ ਥੋੜਾ ਘੱਟ ਗਿਆ ਜੇਕਰ ਉਹ ਵੀ ਉਸ ਦਿਨ ਹਾਜ਼ਰ ਹੁੰਦਾ ਤਾਂ ਨਤੀਜਾ ਹੋਰ ਵੀ ਬਿਹਤਰ ਹੋਣਾ ਸੀ।
ਹੋਰਨਾਂ ਅਧਿਆਪਕਾਂ ਲਈ ਚਾਨਣ ਮੁਨਾਰੇ ਇਹ ਅਧਿਆਪਕ ਆਪਣੇ ਸਕੂਲ ਦੇ ਹੋਣਹਾਰ ਬੱਚਿਆਂ ਦੇ ਗਿਆਨ ਦੇ ਉਚੇ ਪੱਧਰ ਦਾ ਜ਼ਿਕਰ ਕਰਦਿਆਂ ਦੱਸਦੇ ਹਨ ਕਿ ਉਹ 'ਪੜੋ ਪੰਜਾਬ ਪੜਾਓ ਪੰਜਾਬ' ਅਭਿਆਨ ਤਹਿਤ ਖੇਡ ਵਿਧੀ ਨਾਲ ਨਿਆਣਿਆਂ ਨੂੰ ਪੜਾਈ ਦੇ ਔਖੇ ਸਬਕ ਵੀ ਸਹਿਜੇ ਹੀ ਸਮਝਾ ਦਿੰਦੇ ਹਨ। ਉਨ੍ਹਾਂ ਕਿਹਾ ਕਿ ਇਸ ਤਰਾਂ ਸਿੱਖੀ ਗੱਲ ਬੱਚੇ ਦੇ ਦਿਮਾਗ 'ਚ ਸਦਾ ਲਈ ਸੁਰੱਖਿਅਤ ਹੋ ਜਾਂਦੀ ਹੈ ਜਦ ਕਿ ਰੱਟਾ ਲਗਾਉਣ ਨਾਲ ਥੋੜੇ ਸਮੇਂ ਬਾਅਦ ਬੱਚਾ ਸਬਕ ਭੁੱਲ ਜਾਂਦਾ ਹੈ। ਇਸ ਤੋਂ ਬਿਨਾਂ ਦੋਨੋਂ ਅਧਿਆਪਕ ਖੁਦ ਵੀ ਉੱਚੇ ਸੁਰ ਵਿਚ ਪੜਾਉਂਦੇ ਹਨ ਅਤੇ ਬੱਚਿਆਂ ਨੂੰ ਵੀ ਵਿਦਿਅਕ ਗਤੀਵਿਧੀਆਂ ਨਾਲ ਪੜਾਉਣ ਸਮੇਂ ਉੱਚੀ ਆਵਾਜ਼ 'ਚ ਅਭਿਆਸ ਕਰਵਾਉਂਦੇ ਹਨ ਜਿਸ ਨਾਲ ਬੱਚਿਆਂ ਦਾ ਧਿਆਨ ਪੜਾਈ ਤੋਂ ਭੰਗ ਨਹੀਂ ਹੁੰਦਾ ਹੈ ਅਤੇ ਸ਼ਬਦਾਂ ਦਾ ਉਚਾਰਨ ਵੀ ਦਰੁਸਤ ਹੁੰਦਾ ਹੈ ਅਤੇ ਉਨ੍ਹਾਂ ਦਾ ਆਤਮ ਵਿਸ਼ਵਾਸ ਵੱਧਦਾ ਹੈ। ਪਿਛਲੇ ਚਾਰ ਸਾਲ ਤੋਂ ਇਹ ਸਕੂਲ 'ਪੜੋ ਪੰਜਾਬ ਪੜਾਓ ਪੰਜਾਬ' ਦੇ ਨਤੀਜਿਆਂ 'ਚ ਬਲਾਕ ਦੋਦਾ ਵਿਚੋਂ ਪਹਿਲੇ ਸਥਾਨ ਤੇ ਆ ਰਿਹਾ ਹੈ। 
ਉਰਮਨਦੀਪ ਸਿੰਘ ਅਤੇ ਸੁਖਦੇਵ ਆਖਦੇ ਹਨ ਕਿ ਜਦ ਉਹ ਇਸ ਸਕੂਲ 'ਚ ਆਏ ਸਨ ਤਾਂ ਸਕੂਲ 'ਚ ਕੋਈ ਵੀ ਰੁੱਖ ਨਹੀਂ ਸੀ ਤੇ ਉਨ੍ਹਾਂ ਵੱਲੋਂ ਲਗਾਏ 10 ਪੌਦੇ ਹੁਣ ਸੰਘਣੇ ਛਾਂਦਾਰ ਰੁੱਖ ਬਣ ਚੁੱਕੇ ਹਨ। ਇਸ ਤੋਂ ਬਿਨਾਂ ਇੰਨ੍ਹਾਂ ਅਧਿਆਪਕਾਂ ਨੇ ਸਮਾਜਿਕ ਸਹਿਯੋਗ ਨਾਲ ਸਕੂਲ ਦੇ ਪਿਛਲੇ ਹਿੱਸੇ 'ਚ ਫਰਸ ਵੀ ਲਗਾਈ ਹੈ ਅਤੇ ਸਕੂਲ 'ਚ ਬੱਚਿਆਂ ਦੀ ਕੁਦਰਤ ਨਾਲ ਸਾਂਝ ਪੁਆਉਣ ਲਈ ਦਰਖ਼ਤਾਂ ਤੇ ਮਿੱਟੀ ਦੇ ਆਲਣੇ ਲਗਾਏ ਗਏ ਹਨ ਜਿੱਥੇ ਭਾਂਤ-ਭਾਂਤ ਦੇ ਪੰਛੀ ਵਾਸ ਕਰਦੇ ਹਨ। 
ਅਧਿਆਪਕ ਉਰਮਨਦੀਪ ਸਿੰਘ ਤੇ ਸੁਖਦੇਵ ਇਕ ਹੋਰ ਕਲਾ 'ਚ ਵੀ ਮੁਹਾਰਤ ਰੱਖਦੇ ਹਨ, ਜਿਸ ਦਾ ਗਿਆਨ ਉਹ ਆਪਣੇ ਵਿਦਿਆਰਥੀਆਂ ਨੂੰ ਵੰਡਦੇ ਰਹਿੰਦੇ ਹਨ। ਉਹ ਸੁੰਦਰ ਲਿਖਾਈ ਦੇ ਮਾਹਿਰ ਹਨ ਅਤੇ ਇਹ ਹੁਨਰ ਆਪਣੇ ਵਿਦਿਆਰਥੀਆਂ ਨੂੰ ਸਿਖਾ ਰਹੇ ਹਨ। 2016 'ਚ ਉਨ੍ਹਾਂ ਦੇ ਸ਼ਗਿਰਦ ਰਵਿੰਦਰ ਸਿੰਘ ਨੇ ਜ਼ਿਲਾ ਪੱਧਰੀ ਸੁੰਦਰ ਲਿਖਾਈ ਮੁਕਾਬਲੇ 'ਚ ਪਹਿਲਾਂ ਸਥਾਨ ਹਾਸਲ ਕੀਤਾ ਸੀ। ਜਦ ਕਿ 2017 18 ਦੇ ਸੁੰਦਰ ਲਿਖਾਈ ਮੁਕਾਬਲਿਆਂ 'ਚ ਇਸ ਸਕੂਲ ਦੇ ਵਿਦਿਆਰਥੀ ਗੁਰਵਿੰਦਰ ਸਿੰਘ ਨੇ ਪੰਜਾਬੀ ਅਤੇ ਜਸ਼ਨਦੀਪ ਕੌਰ ਨੇ ਅੰਗਰੇਜੀ ਸੁੰਦਰ ਲਿਖਾਈ ਵਿਚ ਬਲਾਕ 'ਚੋਂ ਪਹਿਲਾਂ ਸਥਾਨ ਹਾਸਲ ਕੀਤਾ। 
ਦੋਵੇਂ ਅਧਿਆਪਕ ਆਖਦੇ ਹਨ ਕਿ 'ਪੜੋਪੰਜਾਬ ਪੜਾਓ ਪੰਜਾਬ ਅਭਿਆਨ ਨੇ ਉਨ੍ਹਾਂ ਦੇ ਨਤੀਜਿਆਂ ਨੂੰ ਹੋਰ ਬਿਹਤਰ ਕਰਨ ਵਿਚ ਮਦਦ ਕੀਤੀ ਕਿਉਂਕਿ ਇਸ ਅਭਿਆਨ ਵਿਚ ਸਿਖਾਈਆਂ ਜਾਂਦੀਆਂ ਵਿਧੀਆਂ ਨਾਲ ਉਹ ਆਪਣੇ ਅਧਿਆਪਨ ਕਾਰਜ ਨੂੰ ਹੋਰ ਨਿਖਾਰ ਸਕੇ। ਉਹ ਆਖਦੇ ਹਨ ਸਿੱਖਿਆ ਵਿਭਾਗ ਦੇ ਇਸ ਅਭਿਆਨ ਨੇ ਬੱਚਿਆਂ ਦੇ ਦਿਮਾਗ ਦੇ ਪੱਧਰ ਅਨੁਸਾਰ ਸਿੱਖਿਆ ਨੂੰ ਰੂਚੀ ਭਰਪੂਰ ਬਣਾ ਦਿੱਤਾ ਹੈ ਜਿਸ ਨਾਲ ਬੱਚੇ ਪੜਾਈ ਵਿਚ ਵਧੇਰੇ ਰੂਚੀ ਲੈਣ ਲੱਗੇ ਹਨ।