SBI ਦਾ ਝਟਕਾ, ਲੋਨ ਕੀਤਾ ਮਹਿੰਗਾ, ਵਧ ਗਈ ਤੁਹਾਡੀ EMI

06/01/2018 3:58:31 PM

ਨਵੀਂ ਦਿੱਲੀ— ਹੁਣ ਭਾਰਤੀ ਸਟੇਟ ਬੈਂਕ ਤੋਂ ਲੋਨ ਲੈਣਾ ਮਹਿੰਗਾ ਹੋ ਗਿਆ ਹੈ। ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਨੇ ਐੱਮ. ਸੀ. ਐੱਲ. ਆਰ. 'ਚ 0.10 ਫੀਸਦੀ ਦਾ ਵਾਧਾ ਕਰ ਦਿੱਤਾ ਹੈ। ਜਿਨ੍ਹਾਂ ਲੋਕਾਂ ਦਾ ਪਹਿਲਾਂ ਤੋਂ ਹੀ ਲੋਨ ਚੱਲ ਰਿਹਾ ਹੈ ਉਨ੍ਹਾਂ ਨੂੰ ਵੀ ਹੁਣ ਜ਼ਿਆਦਾ ਕਿਸ਼ਤ ਭਰਨੀ ਹੋਵੇਗੀ। ਹਾਲਾਂਕਿ ਜਿਨ੍ਹਾਂ ਦਾ ਲੋਨ ਬੇਸ ਰੇਟ 'ਤੇ ਹੈ ਉਨ੍ਹਾਂ 'ਤੇ ਇਸ ਦਾ ਅਸਰ ਨਹੀਂ ਹੋਵੇਗਾ। ਬੈਂਕ ਨੇ ਦੂਜੀ ਵਾਰ ਲੋਨ ਮਹਿੰਗਾ ਕੀਤਾ ਹੈ। ਇਸ ਤੋਂ ਪਹਿਲਾਂ ਮਾਰਚ 'ਚ ਵੀ ਬੈਂਕ ਨੇ ਐੱਮ. ਸੀ. ਐੱਲ. ਆਰ. 'ਚ ਵਾਧਾ ਕੀਤਾ ਸੀ। ਐੱਸ. ਬੀ. ਆਈ. ਨੇ ਇਹ ਕਦਮ ਭਾਰਤੀ ਰਿਜ਼ਰਵ ਬੈਂਕ ਦੀ 4 ਜੂਨ ਨੂੰ ਹੋਣ ਵਾਲੀ ਮਾਨਿਟਰੀ ਪਾਲਿਸੀ ਬੈਠਕ ਤੋਂ ਪਹਿਲਾਂ ਚੁੱਕਿਆ ਹੈ। ਮਾਹਰਾਂ ਦੀ ਮੰਨੀਏ ਤਾਂ ਆਰ. ਬੀ. ਆਈ. ਵੀ ਇਸ ਵਾਰ ਰੈਪੋ ਰੇਟ 'ਚ ਵਾਧਾ ਕਰ ਸਕਦਾ ਹੈ।

ਹੋਮ, ਕਾਰ ਅਤੇ ਪਰਸਨਲ ਲੋਨ ਹੋਇਆ ਮਹਿੰਗਾ—
ਭਾਰਤੀ ਸਟੇਟ ਬੈਂਕ ਵੱਲੋਂ ਐੱਮ. ਸੀ. ਐੱਲ. ਆਰ. 'ਚ ਵਾਧਾ ਕਰਨ ਨਾਲ ਹੋਮ ਲੋਨ, ਕਾਰ ਲੋਨ, ਪਰਸਨਲ ਲੋਨ ਅਤੇ ਬਿਜ਼ਨਸ ਲੋਨ ਮਹਿੰਗਾ ਹੋ ਗਿਆ ਹੈ। ਗਾਹਕਾਂ ਨੂੰ ਹੁਣ ਅਜਿਹੇ ਲੋਨ ਲਈ ਜ਼ਿਆਦਾ ਵਿਆਜ ਦੇਣਾ ਹੋਵੇਗਾ। ਦੱਸਣਯੋਗ ਹੈ ਕਿ ਬੈਂਕ ਐੱਮ. ਸੀ. ਐੱਲ. ਆਰ. ਦਰਾਂ ਦੀ ਸਮੀਖਿਆ ਹਰ ਮਹੀਨੇ ਕਰਦੇ ਹਨ। ਬੈਂਕ ਆਪਣੇ ਫੰਡ ਦੀ ਲਾਗਤ ਦੇ ਆਧਾਰ 'ਤੇ ਐੱਮ. ਸੀ. ਐੱਲ. ਆਰ. ਘਟਾਉਂਦੇ ਜਾਂ ਵਧਾਉਂਦੇ ਹਨ। ਰਿਜ਼ਰਵ ਬੈਂਕ ਨੇ ਅਪ੍ਰੈਲ 2016 ਤੋਂ ਐੱਮ. ਸੀ. ਐੱਲ. ਆਰ. ਸਿਸਟਮ ਲਾਗੂ ਕੀਤਾ ਸੀ। ਰਿਜ਼ਰਵ ਬੈਂਕ ਦਾ ਮੰਨਣਾ ਸੀ ਕਿ ਐੱਮ. ਸੀ. ਐੱਲ. ਆਰ. ਸਿਸਟਮ 'ਚ ਗਾਹਕਾਂ ਨੂੰ ਨੀਤੀਗਤ ਦਰਾਂ 'ਚ ਕਟੌਤੀ ਦਾ ਫਾਇਦਾ ਤੇਜ਼ੀ ਨਾਲ ਮਿਲੇਗਾ।
ਸਟੇਟ ਬੈਂਕ ਨੇ ਇਕ ਸਾਲ ਦਾ ਐੱਮ. ਸੀ. ਐੱਲ. ਆਰ. 0.10 ਫੀਸਦੀ ਵਧਾ ਕੇ 8.25 ਫੀਸਦੀ ਕਰ ਦਿੱਤਾ ਹੈ, ਜੋ ਪਹਿਲਾਂ 8.15 ਫੀਸਦੀ ਸੀ। ਇਸੇ ਤਰ੍ਹਾਂ 2 ਸਾਲ ਦਾ ਐੱਮ. ਸੀ. ਐੱਲ. ਆਰ. 8.25 ਫੀਸਦੀ ਤੋਂ ਵਧਾ ਕੇ 8.35 ਫੀਸਦੀ ਕਰ ਦਿੱਤਾ ਗਿਆ ਹੈ। ਤਿੰਨ ਸਾਲ ਦਾ ਐੱਮ. ਸੀ. ਐੱਲ. ਆਰ. 0.10 ਫੀਸਦੀ ਵਧਾ ਕੇ 8.45 ਫੀਸਦੀ ਕਰ ਦਿੱਤਾ ਗਿਆ ਹੈ। ਪਹਿਲਾਂ ਤਿੰਨ ਸਾਲ ਦਾ ਐੱਮ. ਸੀ. ਐੱਲ. ਆਰ. 8.35 ਸੀ।