ਘਰੋਂ ਘੁੰਮਣ ਨਿਕਲੇ ਪ੍ਰੇਮੀ ਜੋੜੇ ਨਾਲ ਵਾਪਰਿਆ ਭਿਆਨਕ ਹਾਦਸਾ, ਵਾਲ-ਵਾਲ ਬਚੀ ਜਾਨ

05/22/2018 2:29:10 PM

ਸਸਕੈਚਵਨ— ਕੈਨੇਡਾ ਦੇ ਸੂਬੇ ਸਸਕੈਚਵਨ 'ਚ ਰਹਿਣ ਵਾਲਾ ਇਕ ਪ੍ਰੇਮੀ ਜੋੜਾ ਬ੍ਰਿਟਿਸ਼ ਕੋਲੰਬੀਆ 'ਚ ਮਿੱਟੀ ਦੀਆਂ ਢਿੱਗਾਂ ਡਿੱਗਣ ਕਾਰਨ ਦੱਬ ਗਿਆ ਸੀ ਅਤੇ ਲੰਬੇ ਸਮੇਂ ਮਗਰੋਂ ਉਨ੍ਹਾਂ ਨੂੰ ਬਚਾਇਆ ਜਾ ਸਕਿਆ। ਕੁੱਝ ਲੋਕਾਂ ਨੇ ਉਨ੍ਹਾਂ ਦੀ ਮਦਦ ਕੀਤੀ ਜਿਸ ਕਾਰਨ ਉਹ ਮੁਸ਼ਕਲ 'ਚੋਂ ਬਾਹਰ ਨਿਕਲ ਸਕੇ। ਸ਼ੇਰੀ ਨੀਮੇਗੀਅਰਜ਼ ਅਤੇ ਉਸ ਦਾ ਪ੍ਰੇਮੀ ਗੇਬ ਰੋਜ਼ਜ਼ਕੁ ਦੋਵੇਂ ਆਪਣੀ ਗੱਡੀ 'ਚ ਬੈਠ ਕੇ ਘੁੰਮਣ ਲਈ ਨਿਕਲੇ ਸਨ। ਉਨ੍ਹਾਂ ਨੇ ਆਪਣੇ ਹੋਰ ਦੋਸਤਾਂ ਨੂੰ ਮਿਲਣਾ ਸੀ ਪਰ ਇਸ ਤੋਂ ਪਹਿਲਾਂ ਹੀ ਉਹ ਮੁਸੀਬਤ 'ਚ ਫਸ ਗਏ। 


ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਉਨ੍ਹਾਂ ਦੀ ਗੱਡੀ 'ਤੇ ਮਿੱਟੀ ਦੀਆਂ ਭਾਰੀ ਢਿੱਗਾਂ ਡਿੱਗ ਗਈਆਂ। ਉਨ੍ਹਾਂ ਨੂੰ ਥੋੜਾ ਬਹੁਤ ਇਹ ਹੀ ਯਾਦ ਹੈ ਕਿ ਉਨ੍ਹਾਂ ਦੀ ਗੱਡੀ ਦਰੱਖਤ ਨਾਲ ਵੀ ਟਕਰਾਈ ਸੀ। ਇਸ ਮਗਰੋਂ ਜਦ ਉਨ੍ਹਾਂ ਨੂੰ ਹੋਸ਼ ਆਈ ਉਹ ਚਿੱਕੜ 'ਚ ਫਸੇ ਹੋਏ ਸਨ। ਉਨ੍ਹਾਂ ਦੀ ਗੱਡੀ ਦਾ ਸ਼ੀਸ਼ਾ ਟੁੱਟਾ ਸੀ। ਸ਼ੇਰੀ ਦਾ ਪੈਰ ਟੁੱਟ ਗਿਆ ਸੀ ਅਤੇ ਗੇਬ ਦੇ ਮੱਥੇ 'ਤੇ ਡੂੰਘੀ ਸੱਟ ਲੱਗੀ ਸੀ। ਇਸ ਕਾਰਨ ਉਸ ਦੇ ਮੱਥੇ ਦਾ ਮਾਸ ਲਟਕ ਰਿਹਾ ਸੀ, ਜਿਵੇਂ ਫਿਲਮਾਂ 'ਚ ਦਿਖਾਇਆ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਹਿੱਲ ਵੀ ਨਹੀਂ ਪਾ ਰਹੇ ਸਨ। ਉਹ ਲੱਕ ਤਕ ਚਿੱਕੜ 'ਚ ਫਸੇ ਹੋਏ ਸਨ। ਉਨ੍ਹਾਂ ਨੇ ਮਦਦ ਲਈ ਆਵਾਜ਼ਾਂ ਮਾਰੀਆਂ ਅਤੇ ਅਚਾਨਕ ਉੱਥੋਂ ਲੰਘ ਰਹੇ ਅਣਜਾਣ ਲੋਕਾਂ ਨੇ ਉਨ੍ਹਾਂ ਦੀਆਂ ਆਵਾਜ਼ਾਂ ਸੁਣੀਆਂ ਅਤੇ ਹਸਪਤਾਲ 'ਚ ਭਰਤੀ ਕਰਵਾਇਆ। ਗੇਬ ਦੀ ਹਾਲਤ ਖਰਾਬ ਹੋਣ ਕਾਰਨ ਉਸ ਨੂੰ ਏਅਰ ਐਂਬੂਲੈਂਸ ਰਾਹੀਂ ਹਸਪਤਾਲ ਲੈ ਜਾਇਆ ਗਿਆ। ਸ਼ੇਰੀ ਨੇ ਦੱਸਿਆ ਕਿ ਉਹ 6 ਮਹੀਨਿਆਂ ਤੋਂ ਇਕ-ਦੂਜੇ ਨੂੰ ਜਾਣਦੇ ਹਨ ਅਤੇ ਇਹ ਉਨ੍ਹਾਂ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਹਾਦਸਾ ਹੈ, ਜਿਸ ਨੂੰ ਉਹ ਕਦੇ ਭੁੱਲ ਨਹੀਂ ਸਕਣਗੇ। ਸ਼ੇਰੀ ਨੇ ਕਿਹਾ ਕਿ ਉਸ ਨੂੰ ਇਸ ਤਰ੍ਹਾਂ ਲੱਗਾ ਸੀ ਕਿ ਗੇਬ ਬਚੇਗਾ ਨਹੀਂ ਪਰ ਉਸ ਦੀ ਹਾਲਤ ਖਤਰੇ ਤੋਂ ਬਾਹਰ ਹੈ। ਮਦਦ ਕਰਨ ਵਾਲਿਆਂ ਨੇ ਦੱਸਿਆ ਕਿ ਦਰੱਖਤਾਂ ਦੇ ਡਿਗਣ ਨਾਲ ਉਨ੍ਹਾਂ ਦੀ ਗੱਡੀ ਉੱਥੇ ਫਸ ਗਈ ਅਤੇ ਜੇਕਰ ਇਹ ਦਰੱਖਤ ਨਾ ਹੁੰਦੇ ਤਾਂ ਉਹ ਚੱਟਾਨਾਂ ਤੋਂ ਹੇਠਾਂ ਡਿੱਗ ਕੇ ਮਰ ਸਕਦੇ ਸਨ।