''ਸੰਤ ਰਾਮਾਨੰਦ ਜੀ ਦੀ ਸ਼ਹਾਦਤ ਨੇ ਰਵਿਦਾਸੀਆ ਕੌਮ ''ਚ ਨਿਵੇਕਲੀ ਰੂਹ ਫੂਕੀ''

05/25/2018 1:34:12 PM

ਰੋਮ (ਟੇਕ ਚੰਦ)— ਰਵਿਦਾਸੀਆ ਕੌਮ ਦੇ ਮਹਾਨ ਸਿਰਮੌਰ ਸ਼ਹੀਦ ਸੰਤ ਰਾਮਾਨੰਦ ਜੀ ਬੱਲਾਂ ਵਾਲੇ, ਜਿਨ੍ਹਾਂ ਨੇ ਆਪਣੇ ਸਮੁੱਚੇ ਜੀਵਨ ਵਿਚ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਦਾ ਪ੍ਰਚਾਰ ਸੰਸਾਰ ਭਰ ਵਿਚ ਕੀਤਾ ਅਤੇ ਬਾਣੀ ਦੇ ਪ੍ਰਚਾਰ ਲਈ ਵਿਆਨਾ ਆਏ, ਜਿੱਥੇ ਉਨ੍ਹਾਂ 'ਤੇ ਇਕ ਸਮਾਗਮ ਦੌਰਾਨ ਹਮਲਾ ਕੀਤਾ ਗਿਆ ਅਤੇ ਸੰਤ ਰਾਮਾਨੰਦ ਜੀ ਸ਼ਹਾਦਤ ਦਾ ਜਾਮ ਪੀ ਗਏ। ਇਸ ਸ਼ਹਾਦਤ ਨੇ ਰਵਿਦਾਸੀਆ ਕੌਮ ਵਿਚ ਨਿਵੇਕਲੀ ਰੂਹ ਫੂਕੀ। ਉਹ ਹਮੇਸ਼ਾ ਹੀ ਰਵਿਦਾਸੀਆ ਕੌਮ ਦੇ ਮਹਾਨਾਇਕ ਵਜੋਂ ਜਾਣੇ ਜਾਂਦੇ ਰਹਿਣਗੇ, ਜਿਸ ਕਰ ਕੇ ਉਨ੍ਹਾਂ ਦੀ ਇਸ ਅਦੁੱਤੀ ਅਤੇ ਲਾਸਾਨੀ ਕੁਰਬਾਨੀ ਨੂੰ ਕਦੇ ਵੀ ਨਹੀਂ ਭੁਲਾਇਆ ਜਾ ਸਕਦਾ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਗਾਇਕ ਪੰਮਾ ਲਧਾਣਾ ਅਤੇ ਗੀਤਕਾਰ ਮਾਣੀ ਫਗਵਾੜੇ ਵਾਲਾ ਨੇ ਉਨ੍ਹਾਂ ਨਾਲ ਸ਼ਹੀਦ ਹੋਏ ਵਿਜੇ ਕੁਮਾਰ, ਬਲਵਿੰਦਰ ਸਿੰਘ, ਰਜਿੰਦਰ ਕੁਮਾਰ ਅਤੇ ਤੇਲੂ ਰਾਮ ਦੇ ਸ਼ਹੀਦੀ ਦਿਹਾੜੇ 'ਤੇ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਰਵਿਦਾਸੀਆ ਕੌਮ ਨੂੰ ਇਹ ਪ੍ਰਣ ਕਰਨਾ ਚਾਹੀਦਾ ਹੈ ਕਿ ਜੋ ਵੀ ਹੁਕਮਨਾਮਾ ਬਨਾਰਸ (ਕਾਸ਼ੀ) ਤੋਂ ਜਾਰੀ ਹੁੰਦਾ ਹੈ, ਉਸ 'ਤੇ ਸਮੂਹ ਕੌਮ ਡੱਟ ਕੇ ਪਹਿਰਾ ਦੇਵੇ। ਉਨ੍ਹਾਂ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ, ਉਪਦੇਸ਼ ਨੂੰ ਘਰ-ਘਰ ਪਹੁੰਚਾਉਣ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਧਰਮ ਅਸਥਾਨ ਰਿਜੋਮੀਲੀਆ ਵੱਲੋਂ ਅਮਰ ਸ਼ਹੀਦ ਸੰਤ ਰਾਮਾਨੰਦ ਜੀ ਦਾ ਸ਼ਹੀਦੀ ਦਿਹਾੜਾ ਜਲਦੀ ਹੀ ਸਮੂਹ ਸੰਗਤ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ।