ਸਾਇਨਾ, ਸਿੰਧੂ ਏਸ਼ੀਆ ਚੈਂਪੀਅਨਸ਼ਿਪ ਦੇ ਕੁਆਰਟਰਫਾਈਨਲ ''ਚ

04/26/2018 4:55:17 PM

ਵੁਹਾਨ (ਬਿਊਰੋ)— ਰਾਸ਼ਟਰਮੰਡਲ ਖੇਡਾਂ ਦੀ ਸੋਨ ਤਮਗਾ ਜੇਤੂ ਸਾਇਨਾ ਨੇਹਵਾਲ ਅਤੇ ਓਲੰਪਿਕ ਚਾਂਦੀ ਤਮਗਾ ਜੇਤੂ ਪੀ.ਵੀ. ਸਿੰਧੂ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਕਰਦੇ ਹੋਏ ਅੱੱਜ ਇੱਥੇ ਏਸ਼ੀਆ ਬੈਡਮਿੰਟਨ ਚੈਂਪੀਅਨਸ਼ਿਪ ਦੇ ਮਹਿਲਾ ਸਿੰਗਲ ਕੁਆਰਟਰਫਾਈਨਲ 'ਚ ਜਗ੍ਹਾ ਬਣਾਈ। ਚੋਟੀ ਦਾ ਦਰਜਾ ਪ੍ਰਾਪਤ ਕਿਦਾਂਬੀ ਸ਼੍ਰੀਕਾਂਤ ਅਤੇ ਦੁਨੀਆ ਦੇ 10ਵੇਂ ਨੰਬਰ ਦੇ ਖਿਡਾਰੀ ਐੱਚ.ਐੱਸ. ਪ੍ਰਣਯ ਵੀ ਉਲਟ ਹਾਲਾਤਾਂ 'ਚ ਜਿੱਤ ਦੇ ਨਾਲ ਪੁਰਸ਼ ਸਿੰਗਲ ਦੇ ਅੰਤਿਮ ਅੱਠ 'ਚ ਪਹੁੰਚ ਗਏ।

ਲੰਡਨ ਓਲੰਪਿਕ ਦੀ ਕਾਂਸੀ ਤਮਗਾ ਜੇਤੂ ਸਾਇਨਾ ਨੇਹਵਾਲ ਨੂੰ ਚੀਨ ਦੀ ਗਾਓ ਫਾਂਗਜੀ ਨੂੰ 40 ਮਿੰਟ 'ਚ 21-18, 21-8 ਨਾਲ ਹਰਾਉਣ 'ਚ ਜ਼ਿਆਦਾ ਪਸੀਨਾ ਨਹੀਂ ਵਹਾਉਣਾ ਪਿਆ। ਦੁਨੀਆ ਦੀ ਸਾਬਕਾ ਨੰਬਰ ਇਕ ਖਿਡਾਰਨ ਸਾਇਨਾ ਨੇਹਵਾਲ ਕੁਆਰਟਰਫਾਈਨਲ 'ਚ ਕੋਰੀਆ ਦੀ ਗੈਰ ਦਰਜਾ ਪ੍ਰਾਪਤ ਲੀ ਜਾਂਗ ਮੀ ਨਾਲ ਭਿੜੇਗੀ ਜਿਨ੍ਹਾਂ ਨੇ ਥਾਈਲੈਂਡ ਦੀ ਸਾਬਕਾ ਵਿਸ਼ਵ ਚੈਂਪੀਅਨ ਰਤਚਾਨੋਕ ਇੰਤਾਨੋਨ ਨੂੰ ਹਰਾਇਆ।

ਰਾਸ਼ਟਰਮੰਡਲ ਖੇਡਾਂ 'ਚ ਚਾਂਦੀ ਦਾ ਤਮਗਾ ਜੇਤੂ ਤੀਜਾ ਦਰਜਾ ਪ੍ਰਾਪਤ ਸਿੰਧੂ ਨੇ ਵੀ ਪ੍ਰੀ ਕੁਆਰਟਰਫਾਈਨਲ 'ਚ ਚੀਨ ਦੀ ਚੇਨ ਸ਼ੀਆਓਸ਼ਿਨ ਦੇ ਖਿਲਾਫ 21-12, 21-15 ਦੀ ਆਸਾਨ ਜਿੱਤ ਦਰਜ ਕੀਤੀ। ਉਹ ਅੰਤਿਮ ਅੱਠ ਦੇ ਮੁਕਾਬਲੇ 'ਚ ਸਤਵਾਂ ਦਰਜ ਪ੍ਰਾਪਤ ਕੋਰੀਆ ਦੀ ਸੁੰਗ ਜੀ ਹਿਊਨ ਅਤੇ ਥਾਈਲੈਂਡ ਦੀ ਬੁਸਾਨਨ ਓਂਗਬਾਮਰੂੰਗਫਾਨ ਵਿਚਾਲੇ ਹੋਣ ਵਾਲੇ ਮੈਚ ਦੇ ਜੇਤੂ ਨਾਲ ਭਿੜੇਗੀ।