ਵਾਲਮਾਰਟ-ਫਲਿਪਕਾਰਟ ਸੌਦੇ ਖਿਲਾਫ ਮੁਕਾਬਲੇਬਾਜ਼ੀ ਕਮਿਸ਼ਨ ਕੋਲ ਪਹੁੰਚਣਗੇ ਪ੍ਰਚੂਨ ਕਾਰੋਬਾਰੀ

05/22/2018 3:39:03 AM

ਨਵੀਂ ਦਿੱਲੀ-ਪ੍ਰਚੂਨ ਕਾਰੋਬਾਰੀਆਂ ਦਾ ਸੰਗਠਨ ਕਨਫੈਡਰੇਸ਼ਨ ਆਫ ਆਲ ਇੰਡੀਆ ਟ੍ਰੇਡਰਜ਼ (ਕੈਟ) ਪ੍ਰਚੂਨ ਕਾਰੋਬਾਰ ਦੀ ਅਮਰੀਕੀ ਕੰਪਨੀ ਵਾਲਮਾਰਟ ਅਤੇ ਈ-ਕਾਮਰਸ ਦੀ ਭਾਰਤੀ ਕੰਪਨੀ ਫਲਿਪਕਾਰਟ ਦੇ ਵਿਚਾਲੇ ਹੋਏ ਬਹੁ-ਚਰਚਿਤ ਸੌਦੇ ਖਿਲਾਫ ਭਾਰਤੀ ਮੁਕਾਬਲੇਬਾਜ਼ੀ ਕਮਿਸ਼ਨ ਦਾ ਦਰਵਾਜ਼ਾ ਖੜਕਾਉਣ ਦੀ ਤਿਆਰੀ ਕਰ ਰਿਹਾ ਹੈ। ਸੰਗਠਨ ਅਨੁਸਾਰ ਵਾਲਮਾਰਟ-ਫਲਿਪਕਾਰਟ ਸੌਦੇ 'ਚ ਪ੍ਰਤੱਖ ਵਿਦੇਸ਼ੀ ਨਿਵੇਸ਼ ਨੀਤੀ ਦੀਆਂ ਵਿਵਸਥਾਵਾਂ ਦੀਆਂ ਧੱਜੀਆਂ ਉਡਾਈਆਂ ਗਈਆਂ ਹਨ ਅਤੇ ਵਾਲਮਾਰਟ ਪਿਛਲੇ ਦਰਵਾਜ਼ਿਓਂ ਭਾਰਤੀ ਪ੍ਰਚੂਨ ਬਾਜ਼ਾਰ 'ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੀ ਹੈ।
ਸੰਗਠਨ ਦੇ ਜਨਰਲ ਸਕੱਤਰ ਪ੍ਰਵੀਨ ਖੰਡੇਲਵਾਲ ਨੇ ਦੱਸਿਆ ਕਿ ਸੌਦੇ ਨੂੰ ਲੈ ਕੇ ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਸੁਰੇਸ਼ ਪ੍ਰਭੂ ਨੂੰ ਇਕ ਪੱਤਰ ਲਿਖਿਆ ਹੈ, ਜਿਸ 'ਚ ਇਸ ਸੌਦੇ ਦੀ ਡੂੰਘਾਈ ਨਾਲ ਜਾਂਚ ਕਰਨ ਦੀ ਅਪੀਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਭਾਰਤੀ ਪ੍ਰਚੂਨ ਬਾਜ਼ਾਰ ਲਈ ਵਾਲਮਾਰਟ-ਫਲਿਪਕਾਰਟ ਸੌਦਾ ਘਾਤਕ ਸਾਬਿਤ ਹੋਵੇਗਾ। ਇਸ ਨਾਲ ਕਰੋੜਾਂ ਲੋਕਾਂ ਦਾ ਰੋਜ਼ਗਾਰ ਖਤਰੇ 'ਚ ਪੈ ਜਾਵੇਗਾ ਅਤੇ ਅਰਥਵਿਵਸਥਾ 'ਤੇ ਮਾੜਾ ਅਸਰ ਪਵੇਗਾ।


Related News