ਅਪ੍ਰੈਲ ਤਕ ਫਾਡੀ ਸਨ ਜਡੇਜਾ, ਮਈ ''ਚ ਮਚਾਈ ਤਬਾਹੀ, ਹੈਰਾਨ ਕਰ ਦੇਣ ਵਾਲੇ ਹਨ ਅੰਕੜੇ

05/27/2018 5:02:01 PM

ਨਵੀਂ ਦਿੱਲੀ (ਬਿਊਰੋ)— ਆਈ.ਪੀ.ਐੱਲ. 2018 ਲਈ ਚੇਨਈ ਸੁਪਰ ਕਿੰਗਜ਼ ਨੇ ਮਹਿੰਦਰ ਸਿੰਘ ਧੋਨੀ , ਰਵਿੰਦਰ ਜਡੇਜਾ ਅਤੇ ਸੁਰੇਸ਼ ਰੈਨਾ ਨੂੰ ਰਿਟੇਨ ਕੀਤਾ ਸੀ। ਰੈਨਾ ਅਤੇ ਧੋਨੀ ਤਾਂ ਇਸ ਸੀਜ਼ਨ 'ਚ ਸ਼ੁਰੂ ਤੋਂ ਦਮ ਦਿਖਾਉਂਦੇ ਨਜ਼ਰ ਆਏ ਪਰ ਜਡੇਜਾ ਲਈ ਸ਼ੁਰੂਆਤ ਚੰਗੀ ਨਹੀਂ ਰਹੀ। ਹਾਲਾਂਕਿ ਟੂਰਨਾਮੈਂਟ ਦਾ ਅੰਤ ਆਉਂਦੇ-ਆਉਂਦੇ ਜਡੇਜਾ ਆਪਣੇ ਰੰਗ 'ਚ ਦਿਸਣ ਲੱਗੇ ਹਨ।

ਕ੍ਰਿਕਟ ਦੀ ਇਕ ਵੈਬਸਾਈਟ 'ਤੇ ਸ਼ੇਅਰ ਕੀਤੇ ਗਏ ਅੰਕੜਿਆਂ 'ਤੇ ਨਜ਼ਰ ਮਾਰੀਏ, ਤਾਂ ਜਡੇਜਾ ਦੀ ਗੇਂਦਬਾਜ਼ੀ ਅਪ੍ਰੈਲ 'ਚ ਖੇਡੇ ਗਏ ਮੈਚਾਂ 'ਚ ਬੇਅਸਰ ਰਹੀ ਸੀ, ਜਦਕਿ ਮਈ 'ਚ ਉਨ੍ਹਾਂ ਨੇ ਤਬਾਹੀ ਮਚਾ ਦਿੱਤੀ। ਅਪ੍ਰੈਲ 'ਚ ਸੀ.ਐੱਸ.ਕੇ. ਦੇ ਲਈ ਜਡੇਜਾ ਨੇ 14, ਜਦਕਿ ਮਈ 'ਚ 25 ਓਵਰ ਕਰਾਏ। ਜਡੇਜਾ ਦੀ ਫੀਲਡਿੰਗ ਵੀ ਮਈ 'ਚ ਬਿਹਤਰ ਦਿਸੀ।

ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਜਡੇਜਾ ਨੇ ਅਪ੍ਰੈਲ 'ਚ 14 ਓਵਰਾਂ 'ਚ 8.21 ਦੇ ਸਟ੍ਰਾਈਕ ਰੇਟ ਨਾਲ 115 ਦੌੜਾਂ ਲੁਟਾਈਆਂ ਅਤੇ ਸਿਰਫ ਦੋ ਵਿਕਟਾਂ ਲਈਆਂ। ਇਸ ਦੌਰਾਨ ਜਡੇਜਾ ਨੇ 8 ਦੌੜਾਂ ਬਚਾਈਆਂ, ਜਦਕਿ ਮਈ 'ਚ ਉਨ੍ਹਾਂ ਨੇ ਸੀ.ਐੱਸ.ਕੇ. ਲਈ 25 ਓਵਰਾਂ 'ਚ 6.56 ਦੇ ਸਟ੍ਰਾਈਕ ਰੇਟ ਨਾਲ 164 ਦੌੜਾਂ ਦਿੱਤੀਆਂ ਅਤੇ 8 ਵਿਕਟਾਂ ਝਟਕਾਈਆਂ। ਇਸ ਦੌਰਾਨ ਜਡੇਜਾ ਨੇ 19.3 ਦੌੜਾਂ ਵੀ ਬਚਾਈਆਂ।

ਹੁਣ ਫਾਈਨਲ ਮੈਚ 'ਚ ਵੀ ਜਡੇਜਾ ਤੋਂ ਟੀਮ ਨੂੰ ਕਾਫੀ ਉਮੀਦਾਂ ਹੋਣਗੀਆਂ, ਦੇਖਦੇ ਹਾਂ ਕਿ ਕੀ ਇਕ ਵਾਰ ਫਿਰ ਜਡੇਜਾ ਤਬਾਹੀ ਮਚਾਉਂਦੇ ਨਜ਼ਰ ਆਉਣਗੇ ਜਾਂ ਫਿਰ ਸਨਰਾਈਜ਼ਰਜ਼ ਹੈਦਰਾਬਾਦ ਦੇ ਬੱਲੇਬਾਜ਼ ਉਨ੍ਹਾਂ ਦੇ ਤੋੜ ਨਾਲ ਮੈਦਾਨ 'ਤੇ ਉਤਰਨਗੇ।