ਬਲਾਤਕਾਰ ਪੀੜਤ ਲੜਕੀ ਨੂੰ ਪਿਛਲੇ 4 ਮਹੀਨਿਆਂ ਤੋਂ ਨਹੀਂ ਮਿਲ ਰਿਹਾ ਇਨਸਾਫ (ਵੀਡੀਓ)

05/26/2018 10:45:02 AM

ਬਟਾਲਾ (ਬਿਊਰੋ) - ਬਟਾਲਾ ਦੀ ਰਹਿਣ ਵਾਲੀ ਪੀੜਤ ਲੜਕੀ ਪਿਛਲੇ ਕਈ ਮਹੀਨਿਆਂ ਤੋਂ ਇਨਸਾਫ ਦੀ ਮੰਗ ਕਰ ਰਹੀ ਹੈ, ਜਿਸ ਨੂੰ ਛੇ ਦਰਿੰਦਿਆਂ ਨੇ ਚਾਰ ਮਹੀਨੇ ਪਹਿਲਾਂ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਸੀ। ਉਕਤ ਦੋਸ਼ੀ ਨੌਜਵਾਨਾਂ ਨੇ ਜਬਰ-ਜ਼ਨਾਹ ਤੋਂ ਬਾਅਦ ਪੀੜਤ ਲੜਕੀ ਦੀ ਵੀਡੀਓ ਬਣਾ ਕੇ ਵਾਇਰਲ ਤੱਕ ਕਰ ਦਿੱਤੀ ਸੀ। ਅਫਸੋਸ ਦੀ ਗੱਲ ਤਾਂ ਇਹ ਹੈ ਕਿ ਪੀੜਤਾ ਇਨਸਾਫ ਲੈਣ ਲਈ ਪੁਲਸ ਸਟੇਸ਼ਨਾਂ ਦੇ ਚੱਕਰ ਕੱਟ ਰਹੀ ਹੈ ਪਰ ਪੁਲਸ ਪ੍ਰਸ਼ਾਸਨ ਇਨਸਾਫ ਦੇਣ ਦੀ ਬਜਾਏ ਆਨਾਕਾਨੀ ਕਰ ਰਿਹਾ। 
ਹੱਦ ਤਾਂ ਉਸ ਸਮੇਂ ਹੋ ਗਈ ਜਦੋਂ ਲੜਕੀ ਨੇ ਦੱਸਿਆ ਕਿ ਉਸ ਦੇ ਪਰਿਵਾਰ ਵਾਲਿਆਂ ਨੇ ਵੀ ਉਸ ਨੂੰ ਘਰ ਤੋਂ ਬੇਦਖਲ ਕਰ ਦਿੱਤਾ ਤੇ ਉਹ ਆਪਣੀ ਲੜਾਈ ਖੁਦ ਲੜ ਰਹੀ ਹੈ। ਪੀੜਤ ਲੜਕੀ ਨੇ ਪੁਲਸ ਨੂੰ ਉਨ੍ਹਾਂ ਦੋਸ਼ੀਆਂ ਦੇ ਨਾਮ ਤੱਕ ਵੀ ਦਸ ਦਿੱਤੇ ਹਨ ਜਿਨਾਂ ਨੇ ਉਸ ਨਾਲ ਜਬਰ-ਜ਼ਨਾਹ ਕੀਤਾ ਸੀ ਪਰ ਫਿਰ ਵੀ ਪੁਲਸ ਚੁਸਤ ਹੋਣ ਦੀ ਬਜਾਏ ਸੁਸਤ ਦਿਖਾਈ ਦੇ ਰਹੀ ਹੈ। ਬਟਾਲਾ ਦੇ ਐੱਸ. ਐੱਸ. ਪੀ. ਓਪਿੰਦਰਜੀਤ ਸਿੰਘ ਨੇ ਕਿਹਾ ਕਿ ਇਸ ਮਾਮਲੇ ਦੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਅਸਲ ਤੱਥ ਸਾਹਮਣੇ ਆਉਣ 'ਤੇ ਐਕਸ਼ਨ ਲਿਆ ਜਾਵੇਗਾ।
ਦੱਸਣਯੋਗ ਹੈ ਕਿ ਅਜਿਹੇ ਮਾਮਲੇ 'ਚ ਪੁਲਸ ਅਧਿਕਾਰੀ ਸਖਤ ਤੋਂ ਸਖਤ ਕਾਰਵਾਈ ਕਰਨ ਦੇ ਦਾਅਵੇ ਕਰਦੇ ਹਨ ਪਰ ਪਿਛਲੇ ਚਾਰ ਮਹੀਨਿਆਂ ਤੋਂ ਇਹ ਪੀੜਤ ਲੜਕੀ ਇਨਸਾਫ ਲਈ ਦਰ-ਦਰ ਭਟਕ ਰਹੀ ਹੈ।